ਲੁਧਿਆਣਾ, 20 ਜੁਲਾਈ 2018-ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ਇਹ ਹੈ ਕਿ ਹੁਣ ਘਰੇਲੂ ਹਵਾਈ ਅੱਡਾ ਸਾਹਨੇਵਾਲ ਤੋਂ ਦਿੱਲੀ ਲਈ ਹਫ਼ਤੇ ਵਿੱਚ ਪੰਜ ਉਡਾਨਾਂ ਅੱਪ-ਡਾਊਨ (ਆਉਣ ਜਾਣ) ਕਰਿਆ ਕਰਨਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਹਵਾਈ ਅੱਡਾ ਸਾਹਨੇਵਾਲ ਦੇ ਸੀਨੀਅਰ ਅਧਿਕਾਰੀ ਸ੍ਰੀ ਏ. ਐੱਨ. ਸ਼ਰਮਾ ਨੇ ਦਿੱਤੀ।
ਉਨ•ਾਂ ਦੱਸਿਆ ਕਿ ਇਸ ਸਮੇਂ ਇਸ ਹਵਾਈ ਅੱਡੇ ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ (ਹਫ਼ਤੇ ਵਿੱਚ ਚਾਰ ਦਿਨ) ਨੂੰ ਹਵਾਈ ਉਡਾਨਾਂ ਉੱਡ ਰਹੀਆਂ ਹਨ। ਯਾਤਰੀਆਂ ਦੀ ਭਾਰੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਅਲਾਂਇਸ ਏਅਰਲਾਈਨ ਵੱਲੋਂ ਹੁਣ ਹਰੇਕ ਹਫ਼ਤੇ ਐਤਵਾਰ ਨੂੰ ਵੀ ਉਡਾਨ ਸ਼ੁਰੂ ਕੀਤੀ ਜਾ ਰਹੀ ਹੈ। ਇਹ ਉਡਾਨ ਸਵੇਰੇ 8.15 ਵਜੇ ਦਿੱਲੀ ਤੋਂ ਹਵਾਈ ਅੱਡਾ ਸਾਹਨੇਵਾਲ ਪਹੁੰਚਿਆ ਕਰੇਗੀ, ਜਦਕਿ ਅੱਧਾ ਘੰਟਾ ਬਾਅਦ 8.45 ਵਜੇ ਮੁੜ ਦਿੱਲੀ ਲਈ ਰਵਾਨਾ ਹੋਇਆ ਕਰੇਗੀ।
ਉਨ•ਾਂ ਦੱਸਿਆ ਕਿ ਇਹ ਉਡਾਨ ਮਿਤੀ 29 ਜੁਲਾਈ, 2018 ਤੋਂ ਸ਼ੁਰੂ ਹੋਵੇਗੀ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਉਡਾਨ ਭਾਰਤ ਸਰਕਾਰ ਦੀ ਉਡਾਨ ਯੋਜਨਾ ਤਹਿਤ ਨਹੀਂ ਹੋਵੇਗੀ, ਸਗੋਂ ਇਸ ਲਈ ਕਿਰਾਇਆ ਆਮ ਵਾਂਗ ਲੱਗੇਗਾ।