ਸਿਵਲ ਹਸਪਤਾਲ ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਮਿਲੇ ਬੱਚਿਆਂ ਨਾਲ ਦਿਖਾਈ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਬੀਬੀ ਜਸਬੀਰ ਕੌਰ, ਏਕਮਦੀਪ ਕੌਰ ਗਰੇਵਾਲ , ਮਨਿੰਦਰ ਸਿੰਘ ਤੂਰ ਆਦਿ ।
ਤਲਵੰਡੀ ਖੁਰਦ 26 ਮਈ (ਦੀਦਾਰ ਗੁਰਨਾ ) ਸਵਾਮੀ ਸ਼ੰਕਰਾ ਨੰਦ ਜੀ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਸਮਾਜ ਸੇਵੀ ਸੰਸਥਾ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਅਦਾਰੇ ਬਾਲ-ਘਰ ਧਾਮ ਤਲਵੰਡੀ ਖੁਰਦ 'ਚ ਅਨਾਥ ਤੇ ਬੇਸਹਾਰਾ ਬੱਚਿਆਂ ਨੂੰ ਘਰੇਲੂ ਮਾਹੌਲ ਦੇਣ ਦੇ ਨਾਲ-ਨਾਲ ਮੁਫਤ ਉਸਾਰੂ ਪੜ੍ਹਾਈ ਵੀ ਮਹੁੱਈਆ ਕਰਵਾਈ ਜਾਂਦੀ ਹੈ। ਇਸ ਸੰਸਥਾ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬੱਚੇ ਵੱਖ-ਵੱਖ ਥਾਵਾਂ ਤੋਂ ਆਉਂਦੇ ਹਨ ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉਹਨਾਂ ਨੂੰ ਗੋਦ ਵਿੱਚ ਦਿੱਤਾ ਜਾਂਦਾ ਹੈ। ਬੀਤੇ ਦਿਨੀ ਦੋ ਨਵਜੰਮੇ ਬੱਚੇ ਬਾਲ-ਘਰ ਧਾਮ ਤਲਵੰਡੀ ਖੁਰਦ ਵਿਖੇ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬੀਬੀ ਜਸਵੀਰ ਕੌਰ ਨੇ ਦੱਸਿਆ ਕਿ ਬੀਤੇ ਦਿਨ ਇੱਕ ਨਵਜਨਮਿਆ ਲੜਕਾ ਸਿਵਲ ਹਸਪਤਾਲ ਲੁਧਿਆਣਾ ਤੋਂ ਮਿਲਿਆ ਹੈ। ਇਸ ਬੱਚੇ ਦਾ ਭਾਰ ਸਿਰਫ ਸਵਾ-ਕਿਲੋ ਹੀ ਸੀ। ਭਾਰ ਘੱਟ ਹੋਣ ਕਰਕੇ ਇਸ ਬੱਚੇ ਨੂੰ ਕਾਫੀ ਲੰਮਾ ਸਮਾਂ ਡੀ. ਐਮ. ਸੀ. ਹਸਪਤਾਲ ਵਿੱਚ ਹੀ ਰੱਖਣਾ ਪਿਆ ਤੇ ਅੱਜ ਇਹ ਬੱਚਾ ਬਾਲ ਘਰ ਧਾਮ ਤਲਵੰਡੀ ਵਿਖੇ ਪਹੁੰਚਿਆ ਹੈ। ਦੂਸਰਾ ਬੇਟਾ ਬੀਤੇ ਦਿਨ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਤੋ ਮਿਲਿਆ ਹੈ।ਜਿਸ ਨੂੰ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਦੁਆਰਾ ਇਸ ਬੱਚੇ ਨੂੰ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾaੁਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਹਵਾਲੇ ਕਰਨ ਦੇ ਹੁਕਮ ਜਾਰੀ ਕੀਤੇ ਗਏ।ਇਹ ਬੱਚਾ ਸਿਹਤ ਪੱਖੋਂ ਬਿਲਕੁਲ ਠੀਕ-ਠਾਕ ਹੈ।ਏਕਮਦੀਪ ਕੌਰ ਗਰੇਵਾਲ ਨੇ ਦੱਸਿਆ ਕਿ ਇਹਨਾਂ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਜੂਵੇਨਾਇਲ ਜਸਟਿਸ ਐਕਟ ਦੇ ਤਹਿਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਸ ਮੌਕੇ ਹੌਰਨਾਂ ਤੋ ਇਲਾਵਾ ਪ੍ਰਧਾਨ ਬੀਬੀ ਜਸਬੀਰ ਕੌਰ, ਸਕੱਤਰ ਕੁਲਦੀਪ ਸਿੰਘ ਮਾਨ, ਏਕਮਦੀਪ ਕੌਰ ਗਰੇਵਾਲ, ਕੌਆਰਡੀਨੇਟਰ ਅਰਵਿੰਦ ਕੁਮਾਰ ਸਿੰਘ, ਮਨਿੰਦਰ ਸਿੰਘ ਤੂਰ ਆਦਿ ਹਾਜ਼ਰ ਸਨ।