ਫ਼ਤਹਿਗੜ੍ਹ ਸਾਹਿਬ, 14 ਨਵੰਬਰ 2017 (ਦੀਦਾਰ ਗੁਰਨਾ) : ਅਕਾਲੀ ਆਗੂਆਂ ਵੱਲੋਂ ਵਿਧਾਇਕ ਸ: ਕੁਲਜੀਤ ਸਿੰਘ ਨਾਗਰਾ ਨੂੰ ਝੂਠਾ ਕਹਿਣ, ਸੀਵਰੇਜ ਪ੍ਰੋਜੈਕਟ ਅਕਾਲੀ ਸਰਕਾਰ ਸਮੇਂ ਪਾਸ ਹੋਣ ਤੇ ਹਲਕੇ ਦੀਆਂ ਸੜਕਾਂ ਨੂੰ ਚਾਰ ਮਾਰਗੀ ਬਣਾਉਣ ਸਬੰਧੀ ਦਿੱਤੇ ਬਿਆਨ ਦਾ ਕਾਂਗਰਸ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਸ: ਪਰਮਵੀਰ ਸਿੰਘ ਟਿਵਾਣਾ ਅਤੇ ਯੂਥ ਕਾਂਗਰਸ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਪਰਵਿੰਦਰ ਸਿੰਘ ਨੋਨੀ ਨੇ ਸਖਤ ਨੋਟਿਸ ਲੈਂਦਿਆਂ ਅਕਾਲੀਆਂ ਨੂੰ ਕਿਹਾ ਕਿ ਅਕਾਲੀਆਂ ਨੇ ਪਿਛਲੇ 10 ਸਾਲਾਂ ਤੋਂ ਵੀ ਵੱਧ ਦੇ ਆਪਣੇ ਕਾਰਜਕਾਲ ਦੌਰਾਨ ਫ਼ਤਹਿਗੜ੍ਹ ਸਾਹਿਬ ਦੇ ਵਿਕਾਸ ਵੱਲ ਕਦੇ ਧਿਆਨ ਨਹੀਂ ਦਿੱਤਾ ਸਗੋਂ ਆਪਣੀਆਂ ਜੇਬਾਂ ਹੀ ਭਰਦੇ ਰਹੇ|ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਬਸੀ ਪਠਾਣਾ ਤੇ ਅਮਲੋਹ ਦਾ ਤਾਂ ਮਾੜਾ ਮੋਟਾ ਵਿਕਾਸ ਕਰਵਾਇਆ ਪ੍ਰੰਤੂ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਨੂੰ ਹਮੇਸ਼ਾਂ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਅਤੇ ਜੇਕਰ ਅੱਜ ਵਿਧਾਇਕ ਨਾਗਰਾ ਪੂਰੀ ਇਮਾਨਦਾਰੀ ਨਾਲ ਹਲਕੇ ਦੇ ਵਿਕਾਸ ਦੀ ਗੱਲ ਕਰ ਰਹੇ ਹਨ ਤਾਂ ਇਨ੍ਹਾਂ ਦੇ ਢਿੱਡੀ ਪੀੜ ਉਠ ਰਹੀ ਹੈ| ਉਨ੍ਹਾਂ ਕਿਹਾ ਕਿ ਸੀਵਰੇਜ ਪ੍ਰੋਜੈਕਟ ਬਾਰੇ ਬਿਆਨਬਾਜੀ ਕਰਨ ਵਾਲੇ ਅਕਾਲੀ ਆਗੂ ਦੀਦਾਰ ਸਿੰਘ ਭੱਟੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਪ੍ਰੋਜੈਕਟ ਸ. ਨਾਗਰਾ ਉਸ ਸਮੇਂ ਕੇਂਦਰ ਦੀ ਮਨਮੋਹਨ ਸਿੰਘ ਦੀ ਸਰਕਾਰ ਦੇ ਮੰਤਰੀ ਕਮਲਨਾਥ ਤੋਂ ਉਸ ਸਮੇਂ ਮਨਜੂਰ ਕਰਵਾ ਕੇ ਲਿਆਏ ਸਨ ਜਦੋਂ ਕਿ ਸ: ਭੱਟੀ ਉਸ ਸਮੇਂ ਅਕਾਲੀ ਦਲ ਵਿੱਚ ਵੀ ਨਹੀ ਸਨ| ਕਾਂਗਰਸੀ ਆਗੂਆਂ ਨੇ ਕਿਹਾ ਕਿ ਸੀਵਰੇਜ ਪ੍ਰੋਜੈਕਟ ਵਿੱਚ ਅੱਜ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਵੀ ਸਥਾਨਕ ਅਕਾਲੀ ਆਗੂਆਂ ਦੀ ਦੇਣ ਹੈ ਕਿਉਂਕਿ ਸੀਵਰੇਜ ਦੀਆਂ ਪਹਿਲਾਂ ਮੇਨ ਲਾਈਨਾਂ ਪਾਉਣੀਆਂ ਸਨ ਜਦੋਂ ਕਿ ਉਸ ਸਮੇਂ ਦੇ ਅਕਾਲੀ ਆਗੂ ਨੇ ਆਪਣੇ ਤੇ ਆਪਣੇ ਚਹੇਤਿਆਂ ਦੇ ਘਰਾਂ ਨੇੜੇ ਸੀਵਰੇਜ ਦੀਆਂ ਪਾਈਪਾਂ ਵਿਛਵਾ ਕੇ ਸਾਰੇ ਪ੍ਰੋਜੈਕਟ ਦੀ ਰੂਪ ਰੇਖਾ ਹੀ ਬਦਲ ਦਿੱਤੀ| ਜਿਸ ਨੂੰ ਕਿ ਵਿਧਾਇਕ ਨਾਗਰਾ ਪੂਰੀ ਮਿਹਨਤ ਨਾਲ ਸਹੀ ਕਰਵਾ ਰਹੇ ਹਨ ਅਤੇ ਸੀਵਰੇਜ ਦੀਆਂ ਮੇਨ ਲਾਈਨਾਂ ਦਾ ਕੰਮ ਪਹਿਲਾਂ ਕਰਵਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਸ. ਭੱਟੀ ਤੱਥਾਂ ਦੇ ਆਧਾਰ ਤੇ ਦੱਸਣ ਕਿ ਜਦੋਂ ਮੁੱਖ ਮੰਤਰੀ ਸ: ਪ੍ਰਕਾਸ਼. ਸਿੰਘ ਬਾਦਲ ਨੇ ਦੋ ਦਿਨ ਹਲਕੇ ਵਿੱਚ ਸੰਗਤ ਦਰਸ਼ਨ ਕੀਤੇ ਸਨ ਤਾਂ ਉਨ੍ਹਾਂ ਨੇ ਕਦੋਂ ਫ਼ਤਹਿਗੜ੍ਹ ਸਾਹਿਬ ਦੀਆਂ ਸੜਕਾਂ ਨੂੰ ਚਾਰ ਮਾਰਗੀ ਕਰਨ ਸਬੰਧੀ ਕੋਈ ਐਲਾਨ ਕੀਤਾ ਸੀ| ਉਨ੍ਹਾਂ ਕਿਹਾ ਕਿ ਰਾਜ ਦਾ ਮੁੱਖ ਮੰਤਰੀ ਦੋ ਦਿਨ ਹਲਕੇ ਵਿੱਚ ਰਿਹਾ ਪ੍ਰੰਤੂ ਅਕਾਲੀ ਆਗੂ ਦੀਦਾਰ ਸਿੰਘ ਭੱਟੀ ਹਲਕੇ ਦੇ ਵਿਕਾਸ ਲਈ ਇੱਕ ਵੀ ਪ੍ਰੋਜੈਕਟ ਮਨਜੂਰ ਨਹੀਂ ਕਰਵਾ ਸਕੇ ਅਤੇ ਅੱਜ ਜਦੋ ਵਿਧਾਇਕ ਨਾਗਰਾ ਦੀ ਮਿਹਨਤ ਸਦਕਾ ਕੰਮ ਸ਼ੁਰੂ ਹੋਏ ਹਨ ਤਾਂ ਇਹ ਬਿਆਨਬਾਜੀ ਕਰਨ ਲਈ ਖੜੇ ਹੋ ਗਏ|ਪਰਮਵੀਰ ਟਿਵਾਣਾ ਤੇ ਪਰਮਿੰਦਰ ਨੋਨੀ ਨੇ ਕਿਹਾ ਕਿ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਅਕਾਲੀਆਂ ਨੂੰ ਆਪਣੇ ਗਿਰੇਵਾਨ ਅੰਦਰ ਝਾਤੀ ਮਾਰਨੀ ਚਾਹੀਦੀ ਹੈ|੦ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਫ਼ਤਹਿਗੜ੍ਹ ਸਾਹਿਬ ਵਿਖੇ ਨਾ ਤਾਂ ਬੱਸ ਸਟੈਂਡ ਬਣਿਆਂ, ਨਾ ਹੱਡਾ ਰੋੜੀ ਚੁੱਕੀ ਗਈ ਤੇ ਨਾ ਹੀ ਸਰਹਿੰਦ ਸ਼ਹਿਰ ਦੇ ਅੰਦਰਲੇ ਰੇਲਵੇ ਓਵਰ ਬ੍ਰਿਜ ਤੋਂ ਹੈਵੀ ਟਰੈਫਿਕ ਬੰਦ ਕੀਤੀ ਗਈ ਅਤੇ ਨਾ ਹੀ ਸ਼ਹਿਰ ਵਿੱਚੋਂ ਲੰਘਦੇ ਸਰਹਿੰਦ ਚੋਅ ਦਾ ਕੰਮ ਕਰਵਾਇਆ ਗਿਆ| ਜਦੋਂ ਕਿ ਸ: ਨਾਗਰਾ ਨੇ ਵਿਧਾਇਕ ਬਣਦਿਆਂ ਹੀ ਸਭ ਤੋਂ ਪਹਿਲਾਂ ਰੇਲਵੇ ਓਵਰ ਬ੍ਰਿਜ ਤੋਂ ਹੈਵੀ ਟਰੈਫਿਕ ਰੁਕਵਾਈ ਅਤੇ ਅਕਾਲੀਆਂ ਦੀ ਸ਼ਹਿ ਨਾਲ ਚੱਲ ਰਹੀ ਹੱਡਾ ਰੋੜੀ ਨੂੰ ਚੁਕਵਾਇਆ| ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਮੂਰਖ ਬਣਾਉਣ ਦੀ ਥਾਂ ਇਹ ਕਬੂਲ ਕਰ ਲੈਣ ਕਿ ਕਾਂਗਰਸ ਸਰਕਾਰ ਜਿਸ ਵਿਕਾਸ ਦੇ ਮੁੱਦੇ ਨੂੰ ਲੈ ਕੇ ਤੁਰੀ ਹੈ ਉਸ ਤੇ ਕੰਮ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਲੋਕ ਅਜਿਹੀ ਬਿਆਨਬਾਜੀ ਨੂੰ ਜਰਾ ਵੀ ਪਸੰਦ ਨਹੀਂ ਕਰਦੇ ਕਿਉਂਕਿ ਲੋਕ ਸੱਚਾਈ ਜਾਣਦੇ ਹਨ| ਉਨ੍ਹਾਂ ਕਿਹਾ ਕਿ ਅਕਾਲੀ ਆਗੂ ਆਪਣੇ ਸਮੇਂ ਅੰਦਰ ਤਾਂ ਹਲਕੇ ਲਈ ਕੁਝ ਲਿਆਂ ਨਹੀਂ ਸਕੇ ਅਤੇ ਜੇਕਰ ਵਿਧਾਇਕ ਨਾਗਰਾ ਹਲਕੇ ਦੇ ਸਰਵਪੱਖੀ ਵਿਕਾਸ ਲਈ ਸਕੀਮਾਂ ਲਿਆਏ ਹਨ ਤਾਂ ਉਨ੍ਹਾਂ ਨੂੰ ਇਹ ਰਾਸ ਨਹੀਂ ਆ ਰਿਹਾ ਜਿਸ ਕਾਰਨ ਝੂਠ ਦੀ ਰਾਜਨੀਤੀ ਕਰਨ ਤੇ ਉਤਰ ਆਏ ਹਨ| ਉਨ੍ਹਾਂ ਕਿਹਾ ਕਿ ਜੇਕਰ ਅਕਾਲੀਆਂ ਕੋਲ ਕੋਈ ਦਸਤਾਵੇਜੀ ਸਬੂਤ ਹੈ ਤਾਂ ਉਹ ਵਿਖਾਉਣ ਅਤੇ ਜੇਕਰ ਨਹੀਂ ਹੈ ਤਾਂ ਚੁੱਪ ਕਰਕੇ ਘਰ ਬੈਠ ਜਾਣ| ਕਿਉਂਕਿ ਸ: ਨਾਗਰਾ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਹਨ ਉਹ ਪੜਾਅਵਾਰ ਪੂਰੇ ਕੀਤੇ ਜਾਣਗੇ|ਇਸ ਮੌਕੇ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਐਰਨ ਮਾਵੀ,ਹਰਦੀਪ ਸਿੰਘ ਵਜ਼ੀਰਾਬਾਦ,ਸੰਜੂ ਰੁੜਕੀ,ਪਰਮਜੀਤ ਜੱਲਾ,ਗੁਰਪਾਲ ਹੈਪੀ,ਮਨਵੀਰ ਸਿੱਧੂਵਾਲ,ਯਾਦੀ ਵਜ਼ੀਰਾਬਾਦ,ਅਸਲਮ ਖਾਨ ਆਦਿ ਹਾਜ਼ਰ ਸਨ।