ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਸਮਾਗਮ ਦੌਰਾਨ ਐਸ.ਐਸ.ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੂੰ ਸਨਮਾਨਿਤ ਕਰਦੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਅਤੇ ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 12 ਅਕਤੂਬਰ, 2017 : ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਕਨਾ ਬੇਗੂ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਮਲਕੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ੍ਰੀਮਤੀ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਮਕਸਦ ਲੜਕੀਆਂ ਦੇ ਰੁਤਬੇ ਨੂੰ ਉੱਚਾ ਚੁੱਕਣਾ ਅਤੇ ਬੇਟੀ ਦਾ ਸਮਾਜ ਵਿੱਚ ਬਣਦਾ ਸਤਿਕਾਰ ਦਵਾਉਣਾ ਹੈ। ਇਸ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਅਤੇ ਵਧੀਕ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਪ੍ਰਗਟ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਲੜਕੀ ਅਤੇ ਲੜਕੇ ਵਿੱਚ ਕੋਈ ਭੇਦ-ਭਾਵ ਨਹੀਂ ਕਰਨਾ ਚਾਹੀਦਾ ਹੈ ਅਤੇ ਲੜਕੀਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਇੱਕ ਸਮਾਨ ਅਵਸਰ ਪ੍ਰਦਾਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੜਕੀਆਂ ਸਿੱਖਿਅਤ ਹੋਣਗੀਆਂ ਤਾਂ ਹੀ ਉਹ ਉੱਚ ਮੁਕਾਮ ਹਾਸਲ ਕਰ ਕੇ ਦੇਸ਼ ਦੀ ਤਰੱਕੀ 'ਚ ਵਡਮੁੱਲਾ ਯੋਗ ਪਾ ਸਕਣਗੀਆਂ।
ਇਸ ਮੌਕੇ ਸ੍ਰ: ਭੁਪਿੰਦਰ ਸਿੰਘ ਸਿੱਧੂ ਨੇ ਭਰੂਣ ਹੱਤਿਆ ਅਤੇ ਦਾਜ-ਦਹੇਜ ਜਿਹੀਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਵਿਚਾਰ ਪ੍ਰਗਟ ਕਰਦੇ ਹੋਏ ਇਨ੍ਹਾਂ ਸਮਾਜਿਕ ਬੁਰਾਈਆਂ ਨਾਲ ਇੱਕਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ ਅਤੇ ਲੜਕੀਆਂ ਦੀ ਸੁਰੱਖਿਆ ਲਈ ਪੁਲਿਸ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਵੀ ਦਿੱਤੀ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਵੱਲੋਂ ਭਰੂਣ ਹੱਤਿਆ ਦੇ ਖ਼ਿਲਾਫ਼ ਅਤੇ ਧੀਆਂ ਦੇ ਜਨਮਦਿਨ ਤੇ ਖ਼ੁਸ਼ੀਆਂ ਮਨਾਉਣ ਦਾ ਸੰਦੇਸ਼ ਦਿੰਦੀਆਂ ਸਕਿੱਟਾਂ, ਨਾਟਕ, ਕੋਰੀਓਗ੍ਰਾਫੀ, ਭੰਗੜਾ, ਗਿੱਧਾ ਅਤੇ ਹੋਰ ਸਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰੋਗਰਾਮ ਦੌਰਾਨ 5 ਨਵ-ਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਕਰਨ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸਰਪੰਚ ਅੰਗਰੇਜ਼ ਸਿੰਘ, ਐਸ.ਐਮ.ਸੀ. ਚੇਅਰਮੈਨ ਨਿਰੰਜਨ ਸਿੰਘ, ਨਵਪ੍ਰੀਤ ਸਿੰਘ, ਸ੍ਰੀਮਤੀ ਰਵਿੰਦਰ ਕੌਰ ਸਮੇਤ ਕਮੇਟੀ ਮੈਂਬਰ ਅਤੇ ਵੱਖ-ਵੱਖ ਸਕੂਲਾਂ ਦੇ ਮੁਖੀ ਹਾਜ਼ਰ ਸਨ।