ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 21 ਅਗਸਤ, 2017 : ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਰਾਮਵੀਰ ਆਈ.ਏ.ਐਸ. ਨੇ ਜ਼ਿਲ੍ਹਾ ਫਿਰੋਜ਼ਪੁਰ ਦੀ ਹਦੂਦ ਅੰਦਰ ਅਮਨ ਕਾਨੂੰਨ ਦੀ ਸੁਖਾਵੀਂ ਸਥਿਤੀ ਬਣਾਈ ਰੱਖਣ ਲਈ ਧਾਰਾ 144 ਤਹਿਤ ਜ਼ਿਲ੍ਹੇ ਅੰਦਰ ਵੱਖ ਵੱਖ ਪ੍ਰਕਾਰ ਦੀਆਂ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਫਿਰੋਜ਼ਪੁਰ ਹਦੂਦ ਅੰਦਰ ਕਿਸੇ ਕਿਸਮ ਦਾ ਜਲੂਸ ਕੱਢਣ, ਨਾਹਰੇ ਲਗਾਉਣਾ, ਜਨਤਕ ਥਾਵਾਂ ਤੇ ਮੀਟਿੰਗਾਂ ਕਰਨਾ, ਭੜਕਾਊ ਪ੍ਰਚਾਰ ਕਰਨ ਅਤੇ 5 ਜਾਂ 5 ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ 'ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੀ.ਬੀ.ਆਈ ਦੀ ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਦੇ ਖ਼ਿਲਾਫ਼ ਚਲਦੇ ਕੇਸ ਵਿੱਚ ਮਿਤੀ 25 ਅਗਸਤ 2017 ਨੂੰ ਫ਼ੈਸਲਾ ਸੁਣਾਇਆ ਜਾਣਾ ਹੈ। ਡੇਰਾ ਮੁਖੀ ਦੇ ਖ਼ਿਲਾਫ਼ ਫ਼ੈਸਲਾ ਆਉਣ ਦੀ ਸੂਰਤ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਰੋਸ ਦਿਖਾਵੇ ਜਲਸੇ ਜਲੂਸ ਆਦਿ ਕੱਢੇ ਜਾ ਸਕਦੇ ਹਨ ਅਤੇ ਹਾਲਾਤ ਖ਼ਰਾਬ ਹੋ ਸਕਦੇ ਹਨ, ਇਨ੍ਹਾਂ ਹਲਾਤਾਂ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ। ਇਹ ਹੁਕਮ 15 ਸਤੰਬਰ 2017 ਤੱਕ ਜਾਰੀ ਰਹਿਣਗੇ।
ਇਸ ਤੋ ਇਲਾਵਾ ਜਿੱਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਕੋਈ ਵੀ ਵਿਅਕਤੀ ਕਿਸੇ ਪਬਲਿਕ ਥਾਂ ਤੇ ਕੋਈ ਵੀ ਹਥਿਆਰ, ਜਿਨ੍ਹਾਂ ਵਿਚ ਲਾਇਸੰਸੀ ਹਥਿਆਰ/ਅਸਲਾ, ਗੋਲੀ ਸਿੱਕਾ, ਗੰਡਾਸਾ, ਚਾਕੂ/ਟਕੂਏ, ਬਰਸੈ, ਲੋਹੇ ਦੀਆਂ ਸਲਾਖ਼ਾਂ, ਲਾਠੀਆਂ ਛਵ੍ਹੀਆਂ ਅਤੇ ਧਮਾਕੇ ਖੇਂਜ ਪਦਾਰਥ, ਅਗਨੀਸ਼ੀਲ ਪਦਾਰਥ ਜਾਂ ਕੋਈ ਵੀ ਐਸੀ ਚੀਜ਼ ਜੋ ਜੁਰਮ ਕਰਨ ਲਈ ਹਥਿਆਰ ਵਜੋਂ ਵਰਤੀ ਜਾ ਸਕਦੀ ਹੋਵੇ ਆਦਿ ਨੂੰ ਨਾਲ ਲੈ ਕੇ ਤੁਰਨ ਤੇ ਪਾਬੰਦੀ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਹੁਕਮ ਪੁਲਿਸ, ਮਿਲਟਰੀ ਜਾਂ ਪੈਰਾ ਮਿਲਟਰੀ ਫੋਰਸ, ਹੋਮਗਾਰਡ ਦੇ ਜਵਾਨਾਂ ਦੇ ਵਰਦੀ ਵਿਚ ਡਿਊਟੀ ਸਮੇਂ ਦੌਰਾਨ, ਕਾਰਜਕਾਰੀ ਮੈਜਿਸਟਰੇਟਾਂ ਅਤੇ ਸੁਰੱਖਿਆ ਗਾਰਡਾਂ ਤੇ ਲਾਗੂ ਨਹੀ ਹੋਵੇਗਾ। ਸੀ.ਆਰ.ਪੀ.ਐਫ. ਅਤੇ ਹੋਰ ਦੇ ਕਰਮਚਾਰੀਆਂ ਜਿੰਨਾਂ ਪਾਸ ਸਰਕਾਰੀ ਹਥਿਆਰ ਹਨ 'ਤੇ ਲਾਗੂ ਨਹੀਂ ਹੋਵੇਗਾ। ਜਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੇ ਸਮੂਹ ਪਟਰੋਲ ਪੰਪਾਂ ਦੇ ਮਾਲਕਾ ਨੂੰ ਆਦੇਸ਼ ਦਿੱਤੇ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲਈ ਆਪਣੇ-ਆਪਣੇ ਪਟਰੋਲ ਪੰਪਾਂ ਤੇ 5-5 ਹਜ਼ਾਰ ਲੀਟਰ ਤੇਲ ਰਿਜ਼ਰਵ ਰੱਖਣ ਅਤੇ ਆਪਣੇ ਪਟਰੋਲ ਪੰਪ 24 ਘੰਟੇ ਖੁੱਲ੍ਹੇ ਰੱਖਣ ਤਾਂ ਜੋ ਜ਼ਰੂਰਤ ਪੈਣ ਤੇ ਇਸ ਦਾ ਇਸਤੇਮਾਲ ਕੀਤਾ ਜਾ ਸਕੇ।