ਰੂਪਨਗਰ, 27 ਜੁਲਾਈ, 2017 : ਪ੍ਰਦੂਸ਼ਣ ਦੀ ਰੋਕਥਾਮ ਲਈ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣੇ ਬਹੁਤ ਜਰੂਰੀ ਹਨ ਤਾਂ ਜੋ ਆਉਣ ਵਾਲੀਆ ਪੀੜੀਆਂ ਲਈ ਸਵੱਛ ਵਾਤਾਵਰਣ ਸ਼ੁਨਿਸ਼ਚਿਤ ਹੋ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ ਅੱਜ ਇਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਆਲੇ ਦੁਆਲੇ ਬੂਟੇ ਲਗਾਉਣ ਮੌਕੇ ਕੀਤਾ। ਉਨਾਂ ਕਿਹਾ ਕਿ ਸਿਹਤਮੰਦ ਜੀਵਨ ਜਿਊਣ ਲਈ ਸਵੱਛ ਵਾਤਾਵਰਣ ਲੋੜੀਂਦਾ ਹੈ ਅਤੇ ਰੁੱਖ ਵਾਤਾਵਰਣ ਦੀ ਸਵੱਛਤਾ ਦਾ ਸਭ ਤੋਂ ਵੱਡਾ ਪ੍ਰਤੀਕ ਹਨ ਇਨ੍ਹਾਂ ਬਿਨਾਂ ਜੀਵਨ ਦੀ ਹੌਂਦ ਸੰਭਵ ਨਹੀਂ।ਇਸ ਲਈ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ । ਉਨਾਂ ਇਹ ਵੀ ਕਿਹਾ ਕਿ ਮਾਨਵ ਜੀਵਨ ਨੂੰ ਸਵਸਥ ਰੱਖਣ ਵਿਚ ਰੁੱਖਾਂ ਦਾ ਅਹਿਮ ਯੋਗਦਾਨ ਹੈ। ਇੰਨਾਂ ਤੋਂ ਆਕਸੀਜ਼ਨ ਮਿਲਦੀ ਹੈ ਜੋ ਕਿ ਜੀਵਨ ਲਈ ਬਹੁਤ ਜਰੂਰੀ ਹੈ ਇਸ ਨਾਲ ਹਵਾ ਸਾਫ ਹੁੰਦੀ ਹੈ ਜਿਸ ਨਾਲ ਕਿ ਸਾਂਹ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਇਸ ਨਾਲ ਧਰਤੀ ਨੂੰ ਲੱਗਣ ਵਾਲਾ ਖੋਰਾ ਵੀ ਬੰਦ ਹੁੰਦਾ ਹੈ।ਉਨਾਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਆਲੇ ਦੁਆਲੇ 6 ਕਿਸਮਾਂ ਜਿੰਨਾਂ ਵਿਚ ਪਿਲਕਨ, ਬਹੇੜਾ, ਸਿਲਵਰਅੋਕ, ਚਕਰੰਡਾ, ਕਣਕਚੰਪਾ ਅਤੇ ਗੁਲਮੋਹਰ ਸ਼ਾਮਲ ਹਨ, ਦੇ 150 ਬੂਟੇ ਲਗਾਏ ਜਾਣਗੇ।
ਇਸ ਮੌਕੇ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ), ਪਰਮਰੀਤ ਸਿੰਘ ਸਹਾਇਕ ਕਮਿਸ਼ਨਰ(ਸ਼ਿਕਾਇਤਾਂ), ਹਰਬੰਸ ਸਿੰਘ ਸਹਾਇਕ ਕਮਿਸ਼ਨਰ (ਜ), ਸਤਵੀਰ ਸਿੰਘ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਜਗਦੇਵ ਸਿੰਘ ਸੰਧੂ ਵਣ ਮੰਡਲ ਅਫਸਰ ਅਤੇ ਡਿਪਟੀ ਕਮਿਸ਼ਨਰ ਦੇ ਸਟਾਫ ਵਲੋਂ ਵੀ ਬੂਟੇ ਲਗਾਏ ਗਏ।
ਇਸ ਮੌਕੇ ਜਗਦੇਵ ਸਿੰਘ ਸੰਧੂ ਵਣ ਮੰਡਲ ਅਫਸਰ ਨੇ ਦਸਿਆ ਕਿ ਇਸ ਸਾਲ ਜ਼ਿਲ੍ਹੇ ਵਿਚ 4.25 ਲੱਖ ਬੂਟੇ ਲਗਾਏ ਜਾਣਗੇ ਜਿੰਨਾਂ ਵਿਚੋਂ 75000 ਬੂਟੇ ਸਰਕਾਰੀ ਸੰਸਥਾਵਾਂ ਨੂੰ ਮੁਫਤ ਦਿਤੇ ਜਾਣਗੇ ਜਦਕਿ 75000 ਪੌਧੇ ਨਾ ਮਾਤਰ ਕੀਮਤ ਤੇ ਮੁਹਈਆ ਕਰਵਾਏ ਜਾਣਗੇ।