ਪਟਿਆਲਾ, 25 ਮਾਰਚ, 2017 : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਸ. ਗੁਰਤੇਜ ਸਿੰਘ ਢਿੱਲੋਂ ਨੇ ਪਟਿਆਲਾ 'ਚ ਰੀਜ਼ਨਲ ਪਾਸਪੋਰਟ ਦਫਤਰ ਖੋਲ੍ਹਣ ਲਈ ਕੇਂਦਰ ਸਰਕਾਰ ਵਲੋਂ ਮਿਲੀ ਹਰੀ ਝੰਡੀ 'ਤੇ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ ਹੈ। ਸ. ਢਿੱਲੋਂ ਨੇ ਆਖਿਆ ਕਿ ਪਟਿਆਲਾ ਵਾਸੀਆਂ ਦੀ ਇਹ ਲੰਮੇਂ ਸਮੇਂ ਤੋਂਮੰਗ ਸੀ ਜਿਸ ਨੂੰ ਕੇਂਦਰ ਦੀ ਐਨਡੀਏ ਸਰਕਾਰ ਨੇ ਪੂਰਾ ਕੀਤਾ ਹੈ।
ਜ਼ਿਕਰਯੋਗ ਹੈ ਸ. ਗੁਰਤੇਜ ਸਿੰਘ ਢਿੱਲੋਂ ਵਲੋਂ ਸਾਲ 2010 ਵਿਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੂੰ ਅੱਪਗਰੇਡ ਕਰਕੇ ਪੀਜੀਆਈ ਜਿਹੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ, ਪਟਿਆਲਾ ਲਈ ਰੀਜ਼ਨਲ ਪਾਸਪੋਰਟ ਦਫਤਰ ਖੁੱਲ੍ਹਵਾਉਣ ਅਤੇ ਪਟਿਆਲਾ ਤੋਂ ਸ਼ਤਾਬਦੀ ਐਕਸਪ੍ਰੈਸ ਮੁੜ ਸ਼ੁਰੂ ਕਰਵਾਉਣ ਲਈ ਹਸਤਾਖ਼ਰ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ 'ਚ ਪਟਿਆਲਾ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਸ. ਢਿੱਲੋਂ ਨੇ ਆਖਿਆ ਕਿ ਉਨ੍ਹਾਂ ਦੀ 6 ਸਾਲਾਂ ਦੀ ਮਿਹਨਤ ਨੂੰ ਪਏ ਬੂਰ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ , ਕਿਉਂਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਸਬੰਧਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਰਾਬਤੇ 'ਚ ਸਨ।
ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਪਟਿਆਲਾ ਅਤੇ ਬਠਿੰਡਾ ਅੰਦਰ ਰੀਜ਼ਨਲ ਪਾਸਪੋਰਟ ਦਫਤਰ ਖੁੱਲ੍ਹਣ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਪਹਿਲਾਂ ਇਸ ਕੰਮ ਲਈ ਉਨ੍ਹਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ, ਪਰ ਹੁਣ ਲੋਕਾਂ ਦਾ ਪੈਸਾ ਅਤੇ ਸਮਾਂ ਦੋਵਾਂ ਦੀ ਬਚਤ ਹੋਵੇਗੀ।। ਉਨ੍ਹਾਂ ਆਖਿਆ ਕਿ ਉਨ੍ਹਾਂ ਵਲੋਂ ਪਾਸਪੋਰਟ ਦਫਤਰ ਖੋਲ੍ਹਣ ਦੀ ਮੰਗ ਦੇ ਪੂਰਾ ਹੋਣ ਨਾਲ ਨਾਲ ਰਾਜਿੰਦਰਾ ਹਸਪਤਾਲ 'ਚ ਅਪਗਰੇਡ ਹੋਣ ਦਾ ਵੀ ਕੰਮ ਜਲਦ ਮੁਕੰਮਲ ਹੋ ਜਾਵੇਗਾ ਜਿਸਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਨਵੇਂ ਅਤੇ ਆਧੁਨਿਕ ਵਾਰਡਾਂ ਦਾ ਉਦਘਾਟਨ ਜਲਦ ਕਰਨ ਲਈ ਪਟਿਆਲਾ ਪੁੱਜਣਗੇ। ਅਖ਼ੀਰ ਵਿਚ ਸ. ਢਿੱਲੋਂ ਨੇ ਪਟਿਆਲਾ 'ਚ ਆਰਪੀਓ ਖੋਲ੍ਹਣ ਨੂੰ ਦਿੱਤੀ ਮਨਜ਼ੂਰੀ 'ਤੇ ਜਿਥੇ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਉਥੇ ਹੀ ਪਟਿਆਲਾ ਅਤੇ ਇਸਦੇ ਨਾਲ ਲਗਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ।