ਬੀਜੇਪੀ ਹਰਾਓ, ਬੀਜੇਪੀ ਭਜਾਓ ਅਤੇ ਵਿਰੋਧੀਆਂ ਨੂੰ ਸਵਾਲ ਕਰੋ, ਜਥੇਬੰਦੀਆਂ ਵੱਲੋਂ ਰੋਸ ਮਾਰਚ
- ਬੀ ਜੇ ਪੀ ਉਮੀਦਵਾਰ ਹੰਸ ਰਾਜ ਹੰਸ ਦੇ ਵਿਗੜੇ ਬੋਲਾਂ ਖਿਲਾਫ ਕੀਤੀ ਨਾਅਰੇਬਾਜ਼ੀ
ਰੋਹਿਤ ਗੁਪਤਾ
ਗੁਰਦਾਸਪੁਰ 22 ਮਈ 2024 - ਗੁਰਦਾਸਪੁਰ ਸ਼ਹਿਰ ਅੰਦਰ ਕੰਮ ਕਰਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਲੋਕ ਸੰਘਰਸ਼ ਕਮੇਟੀ ਦੇ ਸੱਦੇ ਤੇ ਬੀ ਜੇ ਪੀ ਸਰਕਾਰ ਵੱਲੋਂ ਪਿਛਲੇ ਦਸ ਸਾਲਾਂ ਤੋਂ ਸੱਤਾ ਤੇ ਕਾਬਜ਼ ਹੋ ਕੇ ਕਿਸਾਨਾਂ ਮਜ਼ਦੂਰਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੇ ਅਧਿਕਾਰਾਂ ਨੂੰ ਕੁਚਲ ਕੇ ਡੰਡੇ ਦਾ ਰਾਜ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਲਈ ਲੋਕ ਸਭਾ ਚੋਣਾਂ ਦੌਰਾਨ ਸਮੁੱਚੇ ਪੰਜਾਬ ਦੀਆਂ ਲੋਕ ਪੱਖੀ ਵਿਚਾਰਧਾਰਾ ਵਾਲੀਆਂ ਜਥੇਬੰਦੀਆਂ ਵੱਲੋਂ ਬੀਜੇਪੀ ਪਾਰਟੀ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਹਿਰੂ ਪਾਰਕ ਵਿਖੇ ਇਕਠੇ ਹੋ ਕੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਬੀਜੇਪੀ ਨੂੰ ਹਰਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ। ਇਸ ਸਮੇਂ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਵਲੋਂ ਆਪਣੇ ਸੌੜੇ ਹਿੱਤਾਂ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭਰਾ ਮਾਰ ਜੰਗ ਵਿੱਚ ਧੱਕਣ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਸਮੇਂ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ ਅਤੇ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਜੋਗਿੰਦਰ ਪਾਲ ਘੁਰਾਲਾ ਨੇ ਕਿਹਾ ਕਿ ਰਾਸ਼ਟਰੀ ਸੇਵਕ ਸੰਘ ਦੇ ਇਸ਼ਾਰਿਆਂ ਤੇ ਮੋਦੀ ਹਕੂਮਤ ਵੱਲੋਂ ਹਿੰਦੂ ਰਾਸ਼ਟਰ ਬਣਾਉਣ ਲਈ ਭਾਰਤ ਦੇ ਭਾਸ਼ਾਈ, ਧਾਰਮਿਕ, ਕੌਮੀ, ਨਸਲੀ, ਅਤੇ ਸਭਿਆਚਾਰਕ ਵੰਨ ਸੁਵੰਨਤਾ ਤੇ ਸੁਹਾਗਾ ਫੇਰਿਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਰਾਹੀਂ ਉਹ ਫਾਸ਼ੀਵਾਦੀ ਹੱਲੇ ਨੂੰ ਹੋਰ ਤਿੱਖਾ ਕਰਦਿਆਂ ਘੱਟ ਗਿਣਤੀਆਂ,ਔਰਤਾ, ਦਲਿਤਾਂ, ਪਿਛੜੀਆਂ ਸ਼੍ਰੇਣੀਆਂ ਦੇ ਕਿਰਤੀਆਂ ਦੇ ਹੱਕਾਂ ਦਾ ਘਾਣ ਕਰਨ ਤੋਂ ਗ਼ੁਰੇਜ਼ ਨਹੀਂ ਕਰ ਰਹੀ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਰ ਕ੍ਰਾਂਤੀ ਨੇ ਕਿਹਾ ਕਿ ਬੀਜੇਪੀ ਪਾਰਟੀ ਨੂੰ ਭਜਾਉਣ ਅਤੇ ਹਰਾਉਣ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਕਿਉਂਕਿ ਉਸ ਵੱਲੋਂ ਆਪਣੀ ਫਾਸ਼ੀਵਾਦੀ ਸੋਚ ਨੂੰ ਲਾਗੂ ਕਰਨ ਹਿੱਤ ਨਵੀਂ ਸਿੱਖਿਆ ਨੀਤੀ ਲਿਆਂਦੀ ਜਾ ਰਹੀ ਹੈ। ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਮਜ਼ਦੂਰਾਂ ਦੇ ਹੱਕਾਂ ਤੇ ਛਾਪੇ ਮਾਰੇ ਹਨ। ਤਿੰਨ ਕਾਲੇ ਕਾਨੂੰਨਾਂ ਨੂੰ ਪਾਸ ਕਰਕੇ ਕਿਸਾਨਾਂ ਕੋਲੋਂ ਜ਼ਮੀਨਾਂ ਖੋਹਣ ਦੇ ਮਨਸੂਬਿਆਂ ਨੂੰ ਕਿਸਾਨਾਂ ਦੇ ਸੰਘਰਸ਼ਾਂ ਨੇ ਮੂੰਹ ਮੋੜਿਆ ਸੀ। ਇਸ ਲਈ ਬੀਜੇਪੀ ਨੁੰ ਹਰਾਉਣ ਅਤੇ ਭਜਾਉਣ ਲਈ ਲੋਕ ਲਾਮਬੰਦੀ ਦੀ ਸਖ਼ਤ ਜ਼ਰੂਰਤ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਰਾਜ ਪਾਹੜਾ, ਸੁਰਿੰਦਰ ਪਾਲ ਰਾਮਨਗਰ, ਜੋਤੀ ਲਾਲ, ਵਾਜਪਾਈ, ਰਾਜ ਕੁਮਾਰ,ਲੱਕੀ, ਕੁਲਵਿੰਦਰ ਸਿੰਘ, ਦੇਵ ਰਾਜ, ਕਸ਼ਮੀਰ ਸਿੰਘ, ਬਲਵਿੰਦਰ ਕੁਮਾਰ, ਸ਼ੀਤਲ ਦਾਸ, ਠੇਕੇਦਾਰ ਦਰਸ਼ਨ ਲਾਲ, ਠੇਕੇਦਾਰ ਬਚਨ ਲਾਲ, ਵਿਜੇ ਕੁਮਾਰ,ਪਵਨ ਕੁਮਾਰ,ਮੇਲਾ ਰਾਮ,ਧੀਰਜ ਸਿੰਘ, ਯਸ਼ ਪਾਲ ਅਤੇ ਹਰਜਿੰਦਰ ਕੁਮਾਰ ਹਾਜ਼ਰ ਹੋਏ।