'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਕਾਨਫਰੰਸ ਦੇ ਦੂਜੇ ਦਿਨ ਇਤਿਹਾਸ ਦੇ ਵੱਖ ਵੱਖ ਸਮਿਆਂ ਦੇ ਆਧਾਰ ਤੇ ਹੋਈਆਂ ਵਿਚਾਰਾਂ
-ਪ੍ਰੋ.ਆਈ.ਡੀ.ਗੌੜ ਨੇ ਦਿੱਤਾ 'ਸੀਤਾ ਰਾਮ ਕੋਹਲੀ ਮੈਮੋਰੀਅਲ ਲੈਕਚਰ'
ਪਟਿਆਲਾ, 27 ਅਪ੍ਰੈਲ 2024 - ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਸ਼ੁਰੂ ਹੋਏ ਪੰਜਾਬ ਇਤਿਹਾਸ ਕਾਨਫ਼ਰੰਸ ਦੇ 54ਵੇਂ ਸੈਸ਼ਨ ਦਾ ਦੂਜਾ ਦਿਨ ਸਫਲਤਾ ਪੂਰਵਕ ਸੰਪੰਨ ਹੋਇਆ ਜਿਸ ਵਿੱਚ ਵੱਖ ਵੱਖ ਮਾਹਰਾਂ ਵੱਲੋਂ ਆਪਣੇ ਵਿਸ਼ਿਆਂ ਉੱਤੇ ਭਾਸ਼ਣ ਦਿੱਤੇ ਗਏ। ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਵਿੱਚ ਇਤਿਹਾਸ ਦੇ ਹਵਾਲੇ ਤੋਂ ਪ੍ਰਾਚੀਨ, ਮੱਧਕਾਲੀ, ਆਧੁਨਿਕ ਅਤੇ ਪੰਜਾਬੀ ਸੈਕਸ਼ਨ ਉਲੀਕੇ ਗਏ ਸਨ। ਵੱਖ ਵੱਖ ਸੈਕਸ਼ਨ ਵਿੱਚ ਕੀਤੀ ਗਈ ਵਿਚਾਰ ਚਰਚਾ ਦੌਰਾਨ ਪੰਜਾਬ ਵਿੱਚ ਖੇਤੀ ਅੰਦੋਲਨਾਂ ਦਾ ਮੁੱਢਲੇ ਦੌਰ ਤੋਂ ਲੈ ਕੇ ਸਮਕਾਲੀ ਸਮੇਂ ਤੱਕ ਦੀ ਸਥਿਤੀ ਬਾਰੇ ਗੱਲ ਕੀਤੀ ਗਈ। ਉਲੀਕੇ ਗਏ ਚਾਰੇ ਭਾਗਾਂ ਵਿੱਚ ਭਾਰਤ ਦੇ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਖਾਸ ਕਰਕੇ ਪੰਜਾਬ ਬਾਰੇ ਲਗਭਗ 40 ਪੇਪਰ ਪੇਸ਼ ਕੀਤੇ ਗਏ।
ਵਿਭਾਗ ਮੁਖੀ ਡਾ. ਸੰਦੀਪ ਕੌਰ ਨੇ ਦੱਸਿਆ ਕਿ ਪ੍ਰਾਚੀਨ ਇਤਿਹਾਸ ਵਾਲ਼ੇ ਸੈਕਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਾਚੀਨ ਭਾਰਤੀ ਇਤਿਹਾਸ, ਸੱਭਿਆਚਾਰ ਅਤੇ ਪੁਰਾਤੱਤਵ ਵਿਭਾਗ ਤੋਂ ਪੁੱਜੇ ਪ੍ਰੋ. ਪਾਰੂ ਬਲ ਸਿੱਧੂ ਨੇ ਪ੍ਰਧਾਨਗੀ ਭਾਸ਼ਣ ਦਿੱਤਾ। ਮੱਧਕਾਲੀ ਇਤਿਹਾਸ ਸੈਕਸ਼ਨ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਪੁੱਜੇ ਪ੍ਰੋ. ਆਰ.ਪੀ. ਬਹੁਗਣਾ ਨੇ ਪ੍ਰਧਾਨਗੀ ਕਰਦਿਆਂ ਆਪਣੇ ਵਿਚਾਰ ਪ੍ਰਗਟਾਏ। ਆਧੁਨਿਕ ਇਤਿਹਾਸ ਸੈਕਸ਼ਨ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਇਤਿਹਾਸ ਵਿਭਾਗ ਤੋਂ ਪ੍ਰੋ. ਅਮਰਜੀਤ ਸਿੰਘ ਨੇ ਗੱਲ ਕੀਤੀ ਅਤੇ ਪੰਜਾਬੀ ਸੈਕਸ਼ਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਇਤਿਹਾਸ ਵਿਭਾਗ ਤੋਂ ਪ੍ਰੋ. ਐਸ.ਐਸ. ਸੋਹਲ ਨੇ ਪ੍ਰਧਾਨਗੀ ਭਾਸ਼ਣ ਦਿੱਤਾ।
ਕਾਨਫ਼ਰੰਸ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਤੋਂ ਪ੍ਰੋ.ਆਈ.ਡੀ.ਗੌੜ ਨੇ 'ਸੀਤਾ ਰਾਮ ਕੋਹਲੀ ਮੈਮੋਰੀਅਲ ਲੈਕਚਰ' ਦੌਰਾਨ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਪੰਜਾਬ ਦੇ ਸਮਾਜਿਕ-ਆਰਥਿਕ ਤਾਣੇ-ਬਾਣੇ ਦੇ ਵੱਖ-ਵੱਖ ਪਹਿਲੂਆਂ ਦੀ ਵਿਆਖਿਆ ਲਈ ਸਾਹਿਤਕ ਸਰੋਤਾਂ ਦੀ ਵਰਤੋਂ 'ਤੇ ਚਾਨਣਾ ਪਾਇਆ।
ਵੱਖ ਵੱਖ ਸੈਕਸ਼ਨ ਦੌਰਾਨ ਰਚਾਏ ਗਏ ਸੰਵਾਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰੋ. ਅਮਨਦੀਪ ਬੱਲ, ਕਸ਼ਮੀਰ ਯੂਨੀਵਰਸਿਟੀ, ਸ੍ਰੀਨਗਰ ਤੋਂ ਪ੍ਰੋ. ਐਮ. ਵਾਈ. ਗਨਈ ਅਤੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸੀਨੀਅਰ ਫੈਕਲਟੀ ਮੈਂਬਰਾਂ ਨੇ ਸਰਗਰਮ ਸ਼ਮੂਲੀਅਤ ਕੀਤੀ।