ਜਗਦੀਸ਼ ਥਿੰਦ
ਫਾਜ਼ਿਲਕਾ 17 ਸਤੰਬਰ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਵਿਦਿਅਕ ਮੁਕਾਬਲਿਆਂ ਦੇ ਭਾਸ਼ਨ ਮੁਕਾਬਲਿਆਂ ਦੇ ਪ੍ਰਾਇਮਰੀ ਵਰਗ ‘ਚ ਫਾਜ਼ਿਲਕਾ ਜਿਲ੍ਹੇ ਦੀ ਜੰਨਤ ਨੇ ਪੰਜਾਬ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ (ਐਲੀ/ਸਿੱ.) ਡਾ. ਸੁਖਵੀਰ ਸਿੰਘ ਬੱਲ ਨੇ ਕੀਤਾ।
ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਹੋਏ ਭਾਸ਼ਨ ਮੁਕਾਬਲਿਆਂ ‘ਚ 28000 ਤੋਂ ਵੱਧ ਵਿਦਿਆਰਥੀਆਂ ਨੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ‘ਚ ਹਿੱਸਾ ਲਿਆ। ਇਨ੍ਹਾਂ ਤਿੰਨਾਂ ਵਰਗਾਂ ‘ਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਭਾਗ ਲਿਆ, ਜਿੰਨ੍ਹਾਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਸ੍ਰੀ ਗੁਰੁੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਜਿਲ੍ਹਾ ਸਿੱਖਿਆ ਅਫਸਰ ਡਾ. ਬੱਲ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਬਲਾਕ ਫਾਜ਼ਿਲਕਾ-2 ਦੀ ਵਿਦਿਆਰਥਣ ਜੰਨਤ ਨੇ ਪੰਜਾਬ ਪੱਧਰ ਤੋਂ ਪ੍ਰਾਇਮਰੀ ਵਰਗ ‘ਚ ਪਹਿਲਾ ਸਥਾਨ ਹਾਸਿਲ ਕਰਕੇ ਫਾਜ਼ਿਲਕਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਵਰਗ ‘ਚ ਜਿਲ੍ਹੇ ਦੇ 1200 ਤੋਂ ਵਧੇਰੇ ਬੱਚਿਆ ਨੇ ਹਿੱਸਾ ਲਿਆ ਸੀ, ਜੋ ਪੰਜਾਬ ‘ਚ ਸਭ ਤੋਂ ਵੱਡੀ ਗਿਣਤੀ ਹੈ। ਉਨ੍ਹਾਂ ਜੇਤੂ ਜੰਨਤ ਅਤੇ ਉਸ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕ ਸਵੀਕਾਰ ਗਾਂਧੀ, ਮੁੱਖ ਅਧਿਆਪਕ ਲਵਜੀਤ ਸਿੰਘ ਅਤੇ ਬੱਚੀ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ।
ਇਸ ਮੌਕੇ ਜਿਲ੍ਹਾ ਨੋਡਲ ਅਫਸਰ ਸੈਕੰਡਰੀ ਪੰਮੀ ਸਿੰਘ ਤੇ ਐਲੀਮੈਂਟਰੀ ਸਵੀਕਾਰ ਗਾਂਧੀ ਅਤੇ ਸੋਸ਼ਲ ਮੀਡੀਆ ਕੋਆਰਡੀਨੇਟਰ ਸੰਦੀਪ ਕੁਮਾਰ, ਪਿੰਡ ਦੇ ਸਰਪੰਚ ਸਤਨਾਮ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਦੀਪਿਕਾ ਰਾਣੀ ਨੇ ਜੇਤੂ ਜੰਨਤ, ਸਕੂਲ ਸਟਾਫ਼ ਅਤੇ ਜੰਨਤ ਦੇ ਮਾਪਿਆਂ ਨੂੰ ਵਧਾਈ ਦਿੱਤੀ।