ਇਕ ਚੋਣ ਜਲਸੇ ਦੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਬਿਤ ਰਣਇੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਹੋਰ ਦੂਸਰੇ ਸਿਪਾਹ ਸਿਲਾਰ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਜਲਾਲਾਬਾਦ 8 ਅਕਤੂਬਰ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ।
ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੁਨੀਲ ਕੁਮਾਰ ਜਾਖੜ ਦੇ ਪਰਿਵਾਰਕ ਮੈਂਬਰਾਂ , ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ , ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ , ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਨੇ ਵੀ ਜਲਾਲਾਬਾਦ ਹਲਕੇ ਅੰਦਰ ਪੱਕੇ ਡੇਰੇ ਲਗਾ ਲਏ ਹਨ ।
ਵੱਖ - ਵੱਖ ਪਿੰਡਾਂ ਅੰਦਰ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਰਣਇੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਸ ਹਲਕੇ ਤੋਂ ਉਤਾਰਿਆ ਉਮੀਦਵਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੇ ਯੋਗ ਹੈ ।
ਉਹਨਾਂ ਕਿਹਾ ਕਿ ਇੱਕ ਤਾਂ ਇਹ ਉਮੀਦਵਾਰ ਘਰੋਂ ਤਗੜਾ ਹੈ ।
ਦੂਸਰਾ ਇਸ ਦਾ ਪਰਿਵਾਰ ਸਮਾਜਿਕ ਕੰਮਾਂ ਵਿੱਚ ਆਮ ਲੋਕਾਂ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ ।
ਇਸ ਲਈ ਇਹ ਸੀਟ ਕਾਂਗਰਸ ਪਾਰਟੀ ਸ਼ਾਨਦਾਰ ਫ਼ਰਕ ਨਾਲ ਜਿੱਤੇਗੀ ।
ਉਹਨਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਕਿਸਾਨਾਂ ਦੇ ਖੇਤਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਨਵੇਂ ਮਾਈਨਰ ਕੱਢਣ ਦਾ ਫੈਸਲਾ ਲਿਆ ਜਾ ਚੁੱਕਾ ਹੈ ।
ਪਾਣੀ ਦੀ ਨਿਕਾਸੀ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਕੰਮ ਇੱਥੋਂ ਦੇ ਰਹੇ ਵਿਧਾਇਕ ਨੇ ਕਰਨੇ ਸਨ ।
ਜਲਾਲਾਬਾਦ ਵਿਖੇ 100 ਬਿਸਤਰਿਆਂ ਦੇ ਬਣੇ ਹਸਪਤਾਲ ਦੀ ਵੱਡੀ ਇਮਾਰਤ ਹੋਣ ਦੇ ਬਾਵਜੂਦ ਉਥੇ ਡਾਕਟਰ ਨਾ ਹੋਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਵੀ ਹਲਕੇ ਦੇ ਐੱਮ ਐੱਲ ਏ ਦੀ ਜ਼ਿੰਮੇਵਾਰੀ ਸੀ ।
ਯੂਨੀਵਰਸਿਟੀ ਨਾਲ ਸਬੰਧਤ ਹਸਪਤਾਲ ਵਿੱਚ ਡਾਕਟਰ ਕਿਉਂ ਨਹੀਂ ਹਨ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਇਹ ਵੀ ਇੱਥੋਂ ਰਹੇ ਵਿਧਾਇਕ ਨੂੰ ਪੁੱਛੋ ।
ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਇੰਡਸਟਰੀ ਸਥਾਪਤ ਕਰਨ ਲਈ ਮਹੌਲ ਪੈਦਾ ਕੀਤਾ ਜਾਵੇਗਾ ।
ਬਰਾਦਰੀ ਪੱਧਰ ਤੇ ਵੋਟਾਂ ਦੇ ਹੁੰਦੇ ਰਹੇ ਭੁਗਤਾਨ ਸਬੰਧੀ ਉਨ੍ਹਾਂ ਕਿਹਾ ਕਿ ਜਾਤ ਬਰਾਦਰੀ ਪਿੱਛੇ ਹੈ ਸਾਡੀ ਨਜ਼ਰ ਵਿੱਚ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਹਾਂ ।
ਕਾਂਗਰਸ ਪਾਰਟੀ ਬਰਾਦਰੀਵਾਦ ਤੇ ਵਿਸ਼ਵਾਸ ਨਹੀਂ ਰੱਖਦੀ
ਇਸ ਮੌਕੇ ਉਨ੍ਹਾਂ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ , ਅਨੁਮੀਤ ਸਿੰਘ ਹੀਰਾ ਸੋਢੀ ,ਜਤਿਨ ਆਵਲਾ , ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ , ਯੂਥ ਕਾਂਗਰਸ ਆਗੂ ਸੰਦੀਪ ਜਾਖੜ ਅਬੋਹਰ , ਰਮਨ ਬਹਿਲ ਗੁਰੂਹਰਸਹਾਏ , ਨਵਨੀਤ ਕੰਬੋਜ ਤਾਰੇਵਾਲਾ , ਯੂਥ ਆਗੂ ਗੁਰਜੋਤ ਸੰਧੂ , ਡਾਕਟਰ ਬੀ ਡੀ ਕਾਲੜਾ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ ।