ਹੜ੍ਹਾਂ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ 40 ਹਜ਼ਾਰ ਪ੍ਰਤੀ ਏਕੜ ਦੇਵੇ ਸਰਕਾਰ
ਸਰਕਾਰੀ ਦਫਤਰ ਵਿਚ ਭ੍ਰਿਸ਼ਟਾਚਾਰ ਦੀ ਤੇ ਹੜ੍ਹ ਪੀੜਤਾਂ ਤੇ ਕੀਤਾ ਪਰਚਾ ਰੱਦ ਕਰਨ ਦੀ ਕੀਤੀ ਮੰਗ
ਗੁਰਨਾਮ ਸਿੱਧੂ
ਫਿਰੋਜ਼ਪੁਰ 21 ਸਤੰਬਰ 2019: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ, ਰਛਪਾਲ ਸਿੰਘ ਗੱਟਾ ਬਾਦਸ਼ਾਹ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਖਿਲਾਰਾ ਸਿੰਘ ਆਸਲ ਆਦਿ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਕਿਸਾਨ ਆਗੂਆਂ ਨੇ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੜ੍ਹਾਂ ਨਾਲ ਵੱਡੀ ਤਬਾਹੀ ਤੇ 40 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਤੇ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਾਉਣ, ਪਿਛਲੇ 2017-18 ਦਾ ਮੁਆਵਜ਼ਾ ਜਾਰੀ ਕਰਨ, ਤਾਰ ਪਾਰਲੀ ਜ਼ਮੀਨ ਦਾ 2018 ਦਾ ਮੁਆਵਜ਼ਾ 10 ਹਜ਼ਾਰ ਪ੍ਰਤੀ ਏਕੜ ਦੇਣ, ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਬੰਦ ਕਰਨ, ਹੜ੍ਹ ਪੀੜਤਾਂ 'ਤੇ ਐੱਸਡੀਐੱਮ ਜ਼ੀਰਾ ਵੱਲੋਂ ਕਰਵਾਇਆ ਝੂਠਾ ਪਰਚਾ ਰੱਦ ਕਰਨ ਤੇ ਪਿੰਡ ਆਸਲ ਦਾ ਗੰਦਾ ਪਾਣੀ 2 ਏਕੜ ਬਣੇ ਛੱਪੜ ਵਿਚ ਪਾਉਣ ਆਦਿ ਮੰਗਾਂ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਕਿਸਾਨ ਆਗੂਆਂ ਨੂੰ ਦੱਸਿਆ ਕਿ ਪਿੰਡ ਗੱਟਾ ਬਾਦਸ਼ਾਹ ਬੰਨ੍ਹ ਨੂੰ ਬਚਾਉਣ ਲਈ ਨੋਚਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਹੜ੍ਹ ਪੀੜਤਾਂ ਉਤੇ ਕੀਤੇ ਪਰਚੇ ਦੇ ਹੱਲ ਲਈ ਐੱਸਡੀਐੱਮ ਜ਼ੀਰਾ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਲਈ ਕਿਹਾ ਗਿਆ। ਫਸਲਾਂ ਦੇ ਪਿਛਲੇ ਸਾਲ ਦਾ ਹੜ੍ਹਾਂ ਨਾਲ ਹੋਇਆ ਖਰਾਬਾ ਤੇ ਇਸ ਸਾਲ ਹੜ੍ਹਾਂ ਨਾਲ ਹੋਈ ਵੱਡੀ ਤਬਾਹੀ ਦਾ ਮੁਆਵਜ਼ਾ ਦੇਣ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਗਿਰਦਾਵਰੀ ਇਕ ਹਫਤੇ ਵਿਚ ਮੁਕੰਮਲ ਹੋ ਜਾਵੇਗੀ। ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਵੱਡੇ ਪੱਧਰ ਤੇ ਹੋਣ ਦਾ ਡਿਪਟੀ ਕਮਿਸ਼ਨਰ ਦਾ ਮੰਨਣਾ ਕਈ ਸਵਾਲ ਖੜੇ ਕਰਦਾ ਹੈ, ਇਸ ਮਸਲੇ ਵਿਚ ਡਿਪਟੀ ਕਮਿਸ਼ਨ ਬੇਵੱਸ ਲੱਗ ਰਹੇ ਹਨ ਤੇ ਭ੍ਰਿਸ਼ਟਾਚਾਰੀਆਂ ਨੂੰ ਵਿਜੀਲੈਂਸ ਨੂੰ ਫੜਾਉਣ ਦੀ ਗੱਲ ਕਰ ਰਹੇ ਹਨ। ਪਿੰਡ ਆਸਲ ਦੇ ਸੀਵਰੇਜ ਦੇ ਹੱਲ ਲਈ ਡੀਡੀਪੀਓ ਫਿਰੋਜ਼ਪੁਰ ਦੀ ਡਿਊਟੀ ਲਗਾਈ ਗਈ ਹੈ। ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਤੁਰੰਤ ਕੀਤਾ ਜਾਵੇ ਨਹੀਂ ਤਾਂ 1 ਅਕਤੂਬਰ ਤੋਂ ਡੀਸੀ ਦਫਤਰ ਅੱਗੇ ਪੱਕਾ ਮੋਰਚਾ ਲੱਗੇਗਾ। ਇਸ ਮੌਕੇ ਅੰਗਰੇਜ ਸਿੰਘ ਬੂਟੇਵਾਲਾ, ਸਾਹਿਬ ਸਿੰਘ ਦੀਨੇਕੇ, ਸੁਰਿੰਦਰ ਸਿੰਘ ਘੁੱਦੂਵਾਲਾ, ਸੁਰਜੀਤ ਸਿੰਘ ਗੱਟਾ ਬਾਦਸ਼ਾਹ, ਸਾਹਿਬ ਸਿੰਘ ਤਲਵੰਡੀ ਨਿਪਾਲਾਂ ਆਦਿ ਆਗੂ ਹਾਜ਼ਰ ਸਨ।