ਮੋਗਾ ਰੈਲੀ ਦੀ ਫਾਈਲ ਫੋਟੋ
ਚੰਡੀਗੜ੍ਹ, 9 ਦਸੰਬਰ, 2016 : ਕਿੱਲੀ ਚਾਹਲਾਂ (ਮੋਗਾ) ਵਿਖੇ ਹੋਈ 'ਪਾਣੀ ਬਚਾਓ ਪੰਜਾਬ ਬਚਾਓ' ਰੈਲੀ ਦੀ ਸਫਲਤਾ ਨਾਲ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੀ ਤੀਜੀ ਪਾਰੀ ਦਾ ਮੁੱਢ ਬੱਝ ਗਿਆ ਹੈ। ਰੈਲੀ 'ਚ ਹੋਏ ਵੱਡੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਸਿਰਫ ਅਕਾਲੀ ਦਲ ਹੀ ਕਰ ਸਕਦਾ ਹੈ। ਜਦਕਿ ਕਾਂਗਰਸ ਤਾਂ ਸਾਲਾਂ ਬੱਧੀ ਐਸਵਾਈਐਲ ਦੇ ਜ਼ਰੀਏ ਪੰਜਾਬ ਦਾ ਪਾਣੀ ਲੁੱਟਣ ਦੀਆਂ ਸਾਜਿਸ਼ਾਂ ਹੀ ਘੜਦੀ ਰਹੀ ਹੈ।
ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਰੈਲੀ ਵਿਚ ਉਮੜਿਆ ਲੋਕਾਂ ਦਾ ਠਾਠਾਂ ਮਾਰਦਾ ਇੱਕਠ ਉਹਨਾਂ ਲੋਕਾਂ ਦੇ ਮੂੰਹ ਉੱਤੇ ਚਪੇੜ ਸੀ, ਜਿਹੜੇ ਪੰਜਾਬ ਦੇ ਹਿਤੈਸ਼ੀ ਬਣ ਕੇ ਇਸ ਦੀ ਪਿੱਠ ਵਿਚ ਛੁਰਾ ਮਾਰਦੇ ਰਹੇ ਹਨ। ਉਹਨਾਂ ਕਿਹਾ ਕਿ ਲੋਕ ਕਾਂਗਰਸ ਅਤੇ ਆਪ ਨੂੰ ਐਸਵਾਈਐਲ ਉੱਤੇ ਮਗਰਮੱਛ ਦੇ ਹੰਝੂ ਵਹਾਉਂਦੇ ਵੇਖ ਚੁੱਕੇ ਹਨ। ਸਾਰੇ ਜਾਣਦੇ ਹਨ ਕਿ ਕੁੱਝ ਸਮਾਂ ਪਹਿਲਾਂ ਜਦੋਂ ਕਾਂਗਰਸ ਨੇ ਤਾਂ ਸ੍ਰੀ ਸੁਨੀਲ ਜਾਖੜ ਦੀ ਅਗਵਾਈ 'ਚ ਐਸਵਾਈਐਲ ਉੱਤੇ ਅਬਹੋਰ ਤੋਂ ਅੰਦੋਲਨ ਸ਼ੁਰੂ ਕੀਤਾ ਸੀ, ਉੱਥੇ ਮਸੀਂ 100 ਵਿਅਕਤੀ ਪਹੁੰਚੇ ਸਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਕਪੂਰੀ ਵਿਖੇ ਜਦੋਂ ਆਪਣਾ ਅਖੌਤੀ ਮੋਰਚਾ ਸ਼ੁਰੂ ਕੀਤਾ ਸੀ ਤਾਂ ਕੁੱਝ ਦਿਨਾਂ ਮਗਰੋਂ ਹੀ ਸਾਰੇ ਟੋਪੀਆਂ ਵਾਲੇ ਤੰਬੂ ਨੂੰ ਸੁੰਨਾ ਛੱਡ ਕੇ ਭੱਜ ਗਏ ਸਨ। ਇਸ ਤੋਂ ਪਤਾ ਚੱਲਦਾ ਹੈ ਕਿ ਲੋਕਾਂ ਵਿਚ ਇਹਨਾਂ ਪਾਰਟੀਆਂ ਦੀ ਕੋਈ ਵੁੱਕਤ ਨਹੀਂ ਹੈ। ਦੂਜੇ ਪਾਸੇ ਐਸਵਾਈਐਲ ਦੇ ਮੁੱਦੇ 'ਤੇ ਅਕਾਲੀ ਦਲ ਦੇ ਸੱਦੇ ਉੱਤੇ ਲੱਖਾਂ ਲੋਕ ਇਕੱਠੇ ਹੋ ਗਏ।
ਸ਼ ਬਾਦਲ ਨੇ ਕਿਹਾ ਕਿ ਲੋਕਾਂ ਦੇ ਇਸ ਇੱਕਠ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਦੀ ਸੁਚੱਜੀ ਅਗਵਾਈ ਅਧੀਨ ਪਿਛਲੇ 10 ਸਾਲਾਂ ਦੌਰਾਨ ਲਾਗੂ ਕੀਤੀਆਂ ਨੀਤੀਆਂ ਦੇ ਹੱਕ ਵਿਚ ਵੀ ਫਤਵਾ ਦਿੱਤਾ ਹੈ। ਉਹਨਾਂ ਦੀ ਦੂਰ ਅੰਦੇਸ਼ੀ ਅਗਵਾਈ ਹੇਠ ਪੰਜਾਬ ਨੇ ਵਪਾਰ, ਕਾਮਰਸ, ਉਦਯੋਗ, ਖੇਤੀਬਾੜੀ, ਬੁਨਿਆਦੀ ਢਾਂਚੇ ਅਤੇ ਪ੍ਰਸਾਸ਼ਕੀ ਸੁਧਾਰਾਂ ਦੇ ਖੇਤਰ ਵਿਚ ਬੇਮਿਸਾਲ ਤਰੱਕੀ ਕੀਤੀ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਕਿੱਲੀ ਚਾਹਲਾਂ ਦੀ ਰੈਲੀ ਵਾਲੀ ਥਾਂ ਅਕਾਲੀ ਦਲ ਲਈ ਹਮੇਸ਼ਾਂ ਹੀ ਕਿਸਮਤਵਾਲੀ ਸਾਬਿਤ ਹੋਈ ਹੈ। ਇਸ ਤੋਂ ਪਹਿਲਾਂ ਪਾਰਟੀ ਨੇ 1997, 2007, 2012 ਦੀਆਂ ਚੋਣਾਂ ਦਾ ਬਿਗਲ ਵਜਾਉਣ ਵਾਲੀਆਂ ਰੈਲੀਆਂ ਕੀਤੀਆਂ ਸਨ। ਰੈਲੀ ਵਿਚ ਲੋਕਾਂ ਦੁਆਰਾ ਦਿੱਤੇ ਭਾਰੀ ਸਮਰਥਨ ਨੂੰ ਵੇਖਦੇ ਹੋਏ ਮੈਨੂੰ ਪੂਰਾ ਯਕੀਨ ਹੈ ਕਿ ਅਕਾਲੀ-ਭਾਜਪਾ ਗਠਜੋੜ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਵੱਲ ਵਧ ਰਿਹਾ ਹੈ।