ਚੰਡੀਗੜ੍ਹ, 15 ਨਵੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਕੇਜਰੀਵਾਲ ਨੂੰ ਗੈਰਜਿੰਮੇਵਾਰ ਨੇਤਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਸਮਝ ਤਾਂ ਪਹਿਲਾਂ ਹੀ ਨਹੀਂ ਸੀ, ਲੇਕਿਨ ਜਦੋਂ ਭਾਜਪਾ ਨੇ ਪੰਜਾਬ ਤੇ ਪੰਜਾਬ ਦੀ ਕਿਸਾਨੀ ਦੇ ਵਡੇਰੇ ਹਿੱਤਾਂ ਲਈ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਚੱਟਾਨ ਦੀ ਤਰ੍ਹਾਂ ਡਟ ਕੇ ਖੜ੍ਹੇ ਹੋਣੇ ਦਾ ਸਖ਼ਤ ਸਟੈਂਡ ਲਿਆ ਤਾਂ ਕੈਪਟਨ ਦੀ ਸੁਧ-ਬੁਧ ਗੁਆਚ ਗਈ। ਹੁਣ ਕੈਪਟਨ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰੇ? ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਉਤੇ ਕੈਪਟਨ ਅਕਾਲੀ-ਭਾਜਪਾ ਸਰਕਾਰ ਵਲੋਂ ਲਏ ਜਾਣ ਵਾਲੇ ਸਖਤ ਕਦਮ ਦੇ ਸਮਰਥਨ ਕਰਨ ਤੋਂ ਭੱਜ ਰਿਹਾ ਹੈ।
ਵਿਜੇ ਸਾਂਪਲਾ ਨੇ ਆਪਣੇ ਬਲੌਗ ਦੇ ਜ਼ਰੀਏ ਕਿਹਾ ਹੈ ਕਿ ਅਮਰਿੰਦਰ ਸਿੰਘ ਆਪਣੀ ਸੰਵਿਧਾਨਕ ਡਿਊਟੀ ਨਿਭਾਉਣ ਤੋਂ ਇਨਕਾਰੀ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਪਟਿਆਲਾ ਤੋਂ ਵਿਧਾਇਕ ਦੀ ਚੋਣ ਲੜਨੀ ਹੈ ਅਤੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਤਾਂ ਉਸ ਨੇ ਉਜ ਵੀ ਦੇਣਾ ਹੀ ਸੀ। ਇਸ ਲਈ ਉਸ ਦੀ ਅਸਤੀਫੇ ਦੀ ਸਿਆਸਤ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਹਨ। ਸ੍ਰੀ ਸਾਂਪਲਾ ਨੇ ਕਿਹਾ ਕਿ ਜਿਵੇਂ ਖਡੂਰ ਸਾਹਿਬ ਦੀ ਉਪ ਚੋਣ ਵਿਚ ਹਾਰ ਦਾ ਮੂੰਹ ਦੇਖ ਕੇ ਇਹ ਮੈਦਾਨ ਵਿਚੋਂ ਭੱਜੇ ਸਨ ਅਤੇ ਬਾਗੀਆਂ ਦੇ ਮੋਢੇ ਉਤੇ ਰੱਖ ਕੇ ਵਾਰ ਕਰ ਰਹੇ ਸਨ, ਉਸ ਦਾ ਜਵਾਬ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਉਮੀਦਵਾਰ ਦੇ ਹੱਕ ਵਿਚ ਭਾਰੀ ਫਤਵੇ ਨਾਲ ਦਿੱਤਾ ਸੀ। ਹੁਣ ਉਸੇ ਤਰ੍ਹਾਂ ਹੀ ਐਸਵਾਈਐਲ ਨਹਿਰ ਦੇ ਮੁੱਦੇ ਉਤੇ, ਕਾਂਗਰਸ ਤੇ ਖਾਸ ਕਰਕੇ ਇੰਦਰਾ ਗਾਂਧੀ ਦੁਆਰਾ ਪੰਜਾਬ ਦੇ ਨਾਲ ਕੀਤੇ ਇਸ ਜੁਲਮ ਤੋਂ ਸ਼ਰਮਸਾਰ ਹੋ ਕੇ ਭੱਜ ਰਹੇ ਹਨ।
ਭਾਜਪਾ ਪ੍ਰਧਾਨ ਸ੍ਰੀ ਸਾਂਪਲਾ ਨੇ ਕਿਹਾ ਹੈ ਕਿ ਪੰਜਾਬ ਦੇ ਪਾਣੀਆਂ ਦੀ ਲੜਾਈ ਅਕਾਲੀ ਦਲ ਤੇ ਭਾਜਪਾ ਨੇ ਹਮੇਸ਼ਾ ਦੋ ਸਕੇ ਭਰਾਵਾਂ ਵਾਂਗ ਮਿਲਕੇ ਲੜੀ ਹੈ ਅਤੇ ਪੰਜਾਬ ਦੇ ਹਿਤਾਂ ਦੇ ਲਈ ਮਿਲਕੇ ਅਗਵਾਈ ਕਰਦੇ ਆ ਰਹੇ ਹਨ। ਜਦਕਿ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਾਰਟੀ ਕਾਂਗਰਸ, ਪੰਜਾਬ ਦੇ ਵਿਕਾਸ ਦੇ ਰਾਹ ਵਿਚ ਹਮੇਸ਼ਾਂ ਕੰਡੇ ਬੀਜ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਾਦਲ ਸਰਕਾਰ ਦਾ ਵਿਕਾਸ ਰੱਥ ਨਿਰੰਤਰ ਚਲਦਾ ਰਹੇਗਾ।
ਸ੍ਰੀ ਸਾਂਪਲਾ ਨੇ ਕਿਹਾ, 'ਅਸੀਂ ਪਹਿਲਾਂ ਵੀ ਡਟ ਕੇ ਸਟੈਂਡ ਲਿਆ ਸੀ ਤੇ ਹੁਣ ਵੀ ਅਸੀਂ ਡਟ ਸਟੈਂਡ ਲਵਾਂਗੇ। ਜਦੋਂ ਤੱਕ ਪੰਜਾਬ ਵਿਚ ਅਕਾਲੀ ਦਲ-ਭਾਜਪਾ ਦੀ ਸਰਕਾਰ ਹੈ, ਪੰਜਾਬ ਦੇ ਪਾਣੀਆਂ ਦੀ ਇਕ ਵੀ ਬੂੰਦ ਪੰਜਾਬ ਤੋਂ ਬਾਹਰ ਨਹੀਂ ਜਾਣ ਦਿਆਂਗੇ। ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਕਰਨੀ ਪਏ।' ਉਨ੍ਹਾਂ ਕਿਹਾ ਕਿ ਉਹ ਕੈਪਟਨ ਵਾਂਗ ਭੱਜਣ ਵਾਲੇ ਜਾਂ ਅਰਵਿੰਦ ਕੇਜਰੀਵਾਲ ਦੀ ਤਰ੍ਹਾਂ ਦਿੱਲੀ ਵਿਚ ਹੀ ਮੂੰਹ ਲੁਕਾ ਕੇ ਬੈਠ ਜਾਣ ਦੀ ਬਜਾਏ ਹਰ ਹਾਲਾਤ ਦਾ ਸਾਹਮਣਾ ਕਰਨਗੇ, ਚਾਹੇ ਰਾਹ ਵਿਚ ਕੋਈ ਵੀ ਆਵੇ ਪੂਰੀ ਟੱਕਰ ਲੈਣਗੇ।
ਵਿਜੇ ਸਾਂਪਲਾ ਨੇ ਕਿਹਾ ਕਿ ਅਸਤੀਫ਼ਾ ਦੇਣ ਦਾ ਨਾਟਕ ਕਰਕੇ ਕੈਪਟਨ ਲੋਕ ਦਿਖਾਵਾ ਕਰ ਰਿਹਾ ਹੈ, ਜਦਕਿ ਉਹ ਕਦੇ ਲੋਕ ਸਭਾ ਤਾਂ ਗਿਆ ਹੀ ਨਹੀਂ, ਉਸਨੇ ਵੈਸੇ ਹੀ ਬਰਖਾਸਤ ਹੋ ਜਾਣਾ ਸੀ। ਸ੍ਰੀ ਸਾਂਪਲਾ ਨੇ ਕਿਹਾ ਕਿ ਜਦੋਂ ਕੈਪਟਨ ਨੇ ਖੁਦ ਅਸਤੀਫਾ ਦਿੱਤਾ ਤਾਂ ਪੰਜਾਬ ਦੇ ਬਾਕੀ ਕਾਂਗਰਸੀ ਸੰਸਦ ਮੈਂਬਰਾਂ ਨੇ ਅਸਤੀਫ਼ੇ ਕਿਉਂ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਨਾਜੁਕ ਹਾਲਾਤ ਵਿਚ ਪੰਜਾਬ ਦਾ ਦੌਰਾ ਵੀ ਰੱਦ ਕਰ ਦਿੱਤਾ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਪੰਜਾਬ ਦੇ ਨਾਲ ਇਨ੍ਹਾਂ ਦੋਵਾਂ ਆਗੂਆਂ ਤੇ ਪਾਰਟੀਆਂ ਨੇ ਉਹੀ ਕੀਤਾ ਜਿਵੇਂ ਇਕ ਕਹਾਵਤ ਹੈ 'ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ।'