ਮੇਲਾ ਪੰਜਾਬਣਾਂ ਦਾ : ਤੀਆਂ ਬਠਿੰਡੇ ਦੀਆਂ, ਮਾਣ ਬਠਿੰਡੇ ਦਾ" 8 ਤੋਂ 16 ਅਗਸਤ ਤੱਕ
ਅਸ਼ੋਕ ਵਰਮਾ
ਬਠਿੰਡਾ, 27 ਜੁਲਾਈ 2026 : ਸਮਾਜ ਸੇਵੀ ਪ੍ਰਿੰਸੀਪਲ ਵੀਨੂੰ ਗੋਇਲ ਦੀ ਅਗਵਾਈ ਅਤੇ ਡਾਇਮੰਡ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ 8 ਅਗਸਤ ਤੋਂ 16 ਅਗਸਤ 2026 ਤੱਕ "ਮੇਲਾ ਪੰਜਾਬਣਾਂ ਦਾ – ਤੀਆਂ ਬਠਿੰਡੇ ਦੀਆਂ, ਮਾਣ ਬਠਿੰਡੇ ਦਾ" ਦੇ ਦੇ ਬੈਨਰ ਹੇਠ ਨਿਵੇਕਲਾ ਮੇਲਾ ਕਰਵਾਇਆ ਜਾ ਰਿਹਾ ਹੈ ਜੋ ਪੰਜਾਬੀ ਸੱਭਿਆਚਾਰ, ਰਿਵਾਇਤਾਂ ਅਤੇ ਨਾਰੀ ਸ਼ਕਤੀ ਨੂੰ ਸਮਰਪਿਤ ਹੋਵੇਗਾ।
ਇਸ ਮੇਲੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਪ੍ਰਵੇਸ਼ ਸਿਰਫ਼ ਮਹਿਲਾਵਾਂ, ਬੇਟੀਆਂ ਅਤੇ ਛੋਟੇ ਬੱਚਿਆਂ ਲਈ ਹੀ ਹੋਵੇਗਾ, ਜਿਸ ਨਾਲ ਉਹ ਸੁਰੱਖਿਅਤ ਅਤੇ ਪਰਿਵਾਰਕ ਮਾਹੌਲ ਵਿੱਚ ਮੇਲੇ ਦਾ ਆਨੰਦ ਮਾਣ ਸਕਣਗੇ।
ਪ੍ਰਿੰਸੀਪਲ ਵੀਨੂੰ ਗੋਇਲ ਨੇ ਦੱਸਿਆ ਕਿ ਮੇਲੇ ਦੌਰਾਨ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮਹਿਲਾਵਾਂ ਅਤੇ ਬੇਟੀਆਂ ਲਈ ਵੱਖ-ਵੱਖ ਪ੍ਰਤਿਭਾ, ਸੱਭਿਆਚਾਰਕ ਅਤੇ ਮਨੋਰੰਜਕ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ 10 ਤੋਂ 60 ਸਾਲ ਤੱਕ ਦੀ ਹਰ ਬੇਟੀ ਅਤੇ ਮਹਿਲਾ ਆਪਣੀ ਰੁਚੀ ਅਨੁਸਾਰ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਕਲਾ ਅਤੇ ਹੁਨਰ ਦਾ ਪ੍ਰਦਰਸ਼ਨ ਕਰ ਸਕੇਗੀ।ਇਸ ਤੋਂ ਬਾਅਦ ਹਰ ਸ਼ਾਮ 5 ਵਜੇ ਤੋਂ ਮੇਲਾ ਪ੍ਰਸਿੱਧ ਮਹਿਲਾ ਗਾਇਕਾਵਾਂ ਦੀਆਂ ਸ਼ਾਨਦਾਰ ਲਾਈਵ ਪੇਸ਼ਕਾਰੀਆਂ ਨਾਲ ਸਜਿਆ ਕਰੇਗਾ। ਪੰਜਾਬ ਦੀਆਂ ਨਾਮਵਰ ਮਹਿਲਾ ਗਾਇਕਾਵਾਂ ਨਿਸ਼ਾ ਬਾਨੋ, ਰਾਖੀ ਹੁੰਦਲ, ਕਿਰਨ ਸ਼ਰਮਾ, ਐੱਸ ਕੌਰ, ਅਮਰ ਨੂਰੀ, ਸੁਲਤਾਨਾ ਨੂਰਾ ਸਿਸਟਰਜ਼ ਸਮੇਤ ਹੋਰ ਮਸ਼ਹੂਰ ਕਲਾਕਾਰ ਆਪਣੀਆਂ ਦਿਲਕਸ਼ ਪੇਸ਼ਕਾਰੀਆਂ ਨਾਲ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਗਾਉਣਗੀਆਂ। ਇਸ ਮੇਲੇ ਦੀ ਵਿਲੱਖਣ ਖਾਸੀਅਤ ਇਹ ਹੈ ਕਿ ਸੱਭਿਆਚਾਰਕ ਮੰਚ 'ਤੇ ਸਿਰਫ਼ ਪ੍ਰਸਿੱਧ ਮਹਿਲਾ ਗਾਇਕਾਵਾਂ ਹੀ ਆਪਣੀਆਂ ਪੇਸ਼ਕਾਰੀਆਂ ਦੇਣਗੀਆਂ।
ਮੁਕਾਬਲਿਆਂ ਦਾ ਪ੍ਰੋਗਰਾਮ
8 ਅਗਸਤ: ਸੋਲੋ ਡਾਂਸ ਮੁਕਾਬਲਾ (ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ)
9 ਅਗਸਤ: ਮਿਸ ਤੀਜ ਅਤੇ ਮਿਸਿਜ਼ ਤੀਜ ਮੁਕਾਬਲੇ
11 ਅਗਸਤ: ਸਕੂਲਾਂ ਅਤੇ ਕਾਲਜਾਂ ਦੀਆਂ ਗਿੱਧਾ ਅਤੇ ਗਰੁੱਪ ਡਾਂਸ ਟੀਮਾਂ ਦੇ ਮੁਕਾਬਲੇ
16 ਅਗਸਤ: ਲੋਕ ਗੀਤ, ਸਿੱਠਣੀਆਂ, ਟੱਪੇ ਅਤੇ ਲੰਬੀ ਹੇਕ ਵਾਲੇ ਗੀਤਾਂ ਦਾ ਵਿਸ਼ੇਸ਼ ਸੱਭਿਆਚਾਰਕ ਸਮਾਗਮ
ਕੈਂਪ ਡਾਇਰੈਕਟਰ ਐਮ. ਕੇ. ਮੰਨਾ ਨੇ ਦੱਸਿਆ ਕਿ ਮੇਲੇ ਵਿੱਚ ਖਾਣ-ਪੀਣ, ਜਵੈਲਰੀ, ਕੱਪੜਿਆਂ, ਸਜਾਵਟੀ ਸਮਾਨ ਅਤੇ ਘਰੇਲੂ ਵਰਤੋਂ ਦੀਆਂ ਵਸਤਾਂ ਦੀਆਂ ਆਕਰਸ਼ਕ ਸਟਾਲਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਡਾਇਮੰਡ ਵੈਲਫੇਅਰ ਸੋਸਾਇਟੀ ਵੱਲੋਂ ਬਣਾਏ ਗਏ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀਆਂ ਸਟਾਲਾਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ।ਪ੍ਰਿੰਸੀਪਲ ਵੀਨੂੰ ਗੋਇਲ ਨੇ ਸਮੂਹ ਮਹਿਲਾਵਾਂ, ਬੇਟੀਆਂ ਅਤੇ ਪਰਿਵਾਰਾਂ ਨੂੰ ਇਸ ਨਿਵੇਕਲੇ ਮੇਲੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਪੰਜਾਬੀ ਸੱਭਿਆਚਾਰ, ਲੋਕ ਵਿਰਸੇ, ਮਨੋਰੰਜਨ ਅਤੇ ਖਰੀਦਦਾਰੀ ਦਾ ਭਰਪੂਰ ਆਨੰਦ ਮਾਣਨ ਦੀ ਅਪੀਲ ਕੀਤੀ।
- Download Babushahi App
-
-