ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਿਦਿਆਰਥੀ ਸੰਘਰਸ਼ ਦੀ ਜਿੱਤ ਸਬੰਧੀ ਰੈਲੀ ਅਤੇ ਮੁਜ਼ਾਹਰਾ
ਅਸ਼ੋਕ ਵਰਮਾ
ਬਠਿੰਡਾ, 27 ਜੁਲਾਈ 2026 :ਨੀਟ ਪੇਪਰ ਘੁਟਾਲੇ ਖਿਲਾਫ ਜੰਤਰ ਮੰਤਰ 'ਤੇ ਹੋਏ ਵਿਦਿਆਰਥੀ ਸੰਘਰਸ਼ ਦੀ ਜਿੱਤ ਨੂੰ ਮੁਬਾਰਕ ਕਹਿਣ ਅਤੇ ਵਾਅਦਾ ਕੀਤੇ ਮੁੱਦਿਆਂ 'ਤੇ ਵਿਦਿਆਰਥੀ ਸੰਘਰਸ਼ ਚੌਕਸੀ ਕਾਇਮ ਰੱਖਣ ਦਾ ਸੰਦੇਸ਼ ਦੇਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ 'ਤੇ ਵੱਡੀਆਂ ਜਨਤਕ ਰੈਲੀਆਂ ਅਤੇ ਮੁਜਾਹਰਾ ਕਰਨ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਨੇ ਮਿਨੀ ਸਕੱਤਰੇਤ ਅੱਗੇ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ । ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਆਗੂ ਹਰਪ੍ਰੀਤ ਕੌਰ ਜੇਠੂਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਮਨਵਾਉਣ ਰਾਹੀਂ ਵਿਦਿਆਰਥੀ ਅੰਦੋਲਨ ਨੇ ਅਹਿਮ ਮੁਢਲੀ ਜਿੱਤ ਹਾਸਿਲ ਕੀਤੀ ਹੈ । ਕਿਸਾਨ ਆਗੂਆਂ ਨੇ ਵਿਦਿਆਰਥੀ ਵਰਗ ਨੂੰ ਸੁਚੇਤ ਕਰਦਿਆਂ ਕਿਹਾ ਕਿ ਹਕੂਮਤੀ ਕਿਰਦਾਰ ਤੇ ਵਿਹਾਰ ਨੂੰ ਯਾਦ ਰੱਖਿਆ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਦਰਜ ਹੋਏ ਕੇਸ ਰੱਦ ਕਰਵਾਉਣ ਤੇ ਮੁਆਵਜ਼ਾ ਹਾਸਲ ਕਰਨ ਲਈ ਸੰਘਰਸ਼ ਚੌਕਸੀ ਦੀ ਲੋੜ ਪੈਣੀ ਹੈ ਕਿਉਂਕਿ ਸਰਕਾਰਾਂ ਮਗਰੋਂ ਝੂਠੇ ਕੇਸ ਵਾਪਸ ਲੈਣ ਤੋਂ ਵੀ ਭੱਜਦੀਆਂ ਆਈਆਂ ਹਨ ਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਵੀ ਟਾਲਾ ਵੱਟਿਆ ਜਾਂਦਾ ਰਿਹਾ ਹੈ। ਇਸ ਲਈ ਵਿਦਿਆਰਥੀ ਵਰਗ ਨੂੰ ਅਵੇਸਲੇ ਹੋਣ ਦੀ ਥਾਂ ਚੇਤਨ ਪਹਿਰੇਦਾਰੀ ਕਰਨੀ ਚਾਹੀਦੀ ਹੈ। ਕੁਝ ਖੇਤਰਾਂ 'ਚ ਵਿਦਿਆਰਥੀਆਂ ਨਾਲ ਹੋ ਰਹੇ ਸਲੂਕ ਦੀਆਂ ਖਬਰਾਂ ਵੀ ਹਕੂਮਤ ਦੀ ਨੀਅਤ ਦੇ ਸੰਕੇਤ ਦੇ ਰਹੀਆਂ ਹਨ ਕਿ ਇਹ ਹਕੂਮਤ ਵਿਦਿਆਰਥੀ ਨੂੰ ਸਬਕ ਸਿਖਾਉਣ ਦੇ ਮਨਸੂਬੇ ਪਾਲ ਰਹੀ ਹੈ ਇਸ ਦਾ ਜਵਾਬ ਦੇਣ ਲਈ ਵਿਦਿਆਰਥੀ ਵਰਗ ਨੂੰ ਏਕਾ ਕਾਇਮ ਰੱਖਣ ਦੀ ਲੋੜ ਹੈ।ਆਗੂਆਂ ਨੇ ਕਿਹਾ ਇਸ ਮੁੱਢਲੀ ਜਿੱਤ ਦੇ ਹੌਸਲੇ ਨੂੰ ਸਿੱਖਿਆ ਤੇ ਰੁਜਗਾਰ ਦੇ ਹੱਕ ਲਈ ਵੱਡੇ ਸੰਘਰਸ਼ ਇਰਾਦਿਆਂ 'ਚ ਬਦਲਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਦੇ ਅਸਤੀਫੇ ਰਾਹੀਂ ਚਾਹੇ ਸਰਕਾਰ ਨੂੰ ਵਿਦਿਆਰਥੀਆਂ ਨੇ ਕਟਹਿਰੇ 'ਚ ਖੜ੍ਹੇ ਕਰਕੇ ਟੈਸਟ ਪ੍ਰਣਾਲੀ ਦੇ ਭ੍ਰਿਸ਼ਟਾਚਾਰ ਅੰਦਰ ਉਸ ਦੀ ਜਵਾਬਦੇਹੀ ਤੈਅ ਕਰਵਾਈ ਹੈ ਪਰ ਇਕ ਮੰਤਰੀ ਦੇ ਬਦਲੇ ਜਾਣਾ ਆਪਣੇ ਆਪ ਵਿੱਚ ਸਿੱਖਿਆ ਖੇਤਰ ਅੰਦਰ ਕਿਸੇ ਬਦਲਾਅ ਦਾ ਸਾਧਨ ਨਹੀਂ ਬਣਨ ਲੱਗਿਆ। ਇਸ ਤਬਦੀਲੀ ਲਈ ਸਿੱਖਿਆ ਖੇਤਰ ਅੰਦਰ ਲਾਗੂ ਹੋ ਰਹੀਆਂ ਮੌਜੂਦਾ ਕਾਰਪੋਰੇਟ ਪੱਖੀ ਸਾਮਰਾਜੀ ਨੀਤੀਆਂ ਦੇ ਹੱਲੇ ਨੂੰ ਰੋਕਣ ਦੀ ਲੋੜ ਹੈ। ਇਹ ਜਿੱਤ ਸਿੱਖਿਆ ਖੇਤਰ ਅੰਦਰ ਇਹਨਾਂ ਨੀਤੀਆਂ ਖ਼ਿਲਾਫ਼ ਮੁਲਕ ਪੱਧਰੇ ਸੰਘਰਸ਼ਾਂ ਦੀ ਸ਼ੁਰੂਆਤ ਬਣਨੀ ਚਾਹੀਦੀ ਹੈ।
ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਸਭ ਲਈ ਸਿੱਖਿਆ ਤੇ ਰੁਜ਼ਗਾਰ ਦੇ ਹੱਕ ਲਈ ਮੁਲਕ ਪੱਧਰੀ ਵਿਦਿਆਰਥੀ ਲਹਿਰ ਦੀ ਉਸਾਰੀ ਕਰਨ ਲਈ ਜੁਟ ਜਾਣ। ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਤੇ ਕੇਂਦਰੀਕਰਨ ਖਿਲਾਫ ਵਿਸ਼ਾਲ ਸੰਘਰਸ਼ ਲਹਿਰ ਦੀ ਉਸਾਰੀ ਕਰਨ। ਸਭ ਲਈ ਸਿੱਖਿਆ ਤੇ ਰੁਜ਼ਗਾਰ ਦਾ ਹੱਕ ਬੁਲੰਦ ਕਰਦਿਆਂ ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਰਾਹ ਪੈਣ। ਆਪਣੇ ਹੱਕਾਂ ਲਈ ਸੰਘਰਸ਼ਾਂ 'ਤੇ ਰਾਹ 'ਤੇ ਅੱਗੇ ਵਧਦਿਆਂ, ਅਖੌਤੀ ਆਰਥਿਕ ਸੁਧਾਰਾਂ ਦੇ ਹੱਲੇ ਖਿਲਾਫ ਜੂਝ ਰਹੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ, ਮੁਲਾਜਮਾਂ ਤੇ ਹੋਰਨਾਂ ਮਿਹਨਤਕਸ਼ ਵਰਗਾਂ ਨਾਲ ਜੋਟੀ ਪਾਈ ਜਾਵੇ। ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹਮਲੇ ਖਿਲਾਫ ਜੂਝਦੀ ਲੋਕ ਲਹਿਰ ਦਾ ਹਿੱਸਾ ਬਣ ਕੇ ਤੁਰਿਆ ਜਾਵੇ।
ਅੱਜ ਦੇ ਇਕੱਠ ਵਿੱਚ ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ, ਮਨਰੇਗਾ ਕਰਮਚਾਰੀਆਂ ਤੇ ਹੋਰਨਾਂ ਮਿਹਨਤਕਸ਼ ਵਰਗਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਕੀਤੇ ਜਾ ਰਹੇ ਜਬਰ ਦੀ ਸਖ਼ਤ ਨਿੰਦਾ ਕੀਤੀ ਗਈ। ਸਫ਼ਾਈ ਕਰਮਚਾਰੀਆਂ ਵੱਲੋਂ 30 ਜੁਲਾਈ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਅੱਜ ਦੇ ਇਕੱਠ ਨੂੰ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਨਛੱਤਰ ਸਿੰਘ ਢੱਡੇ, ਮਾਲਣ ਕੌਰ ਕੋਠਾ ਗੁਰੂ, ਹਰਪ੍ਰੀਤ ਕੌਰ ਜੇਠੂਕੇ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਰਾਮ ਸਿੰਘ ਕੋਟਗੁਰੂ, ਜਸਪਾਲ ਸਿੰਘ ਕੋਠਾ ਗੁਰੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਪੀਐਸਯੂ (ਸ਼ਹੀਦ ਰੰਧਾਵਾ) ਦੇ ਆਗੂ ਬਿੰਦਰ ਸਿੰਘ ਬਠਿੰਡਾ ਨੇ ਵੀ ਸੰਬੋਧਨ ਕੀਤਾ।
- Download Babushahi App
-
-