ਮਨੀਸ਼ ਸਿਸੋਦੀਆ ਵੱਲੋਂ ਯੂ.ਪੀ.ਐੱਸ.ਈ. ਨਾਲ ਸੰਬੰਧਿਤ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਲਈ ਅਕੈਡਮੀ ਦਾ ਉਦਘਾਟਨ
• ਗੁਣਵੱਤਾ ਭਰੀ ਸਿੱਖਿਆ ਹਾਸਲ ਕਰਨਾ ਹਰ ਵਿਦਿਆਰਥੀ ਦਾ ਅਧਿਕਾਰ ਮਨੀਸ਼ ਸਿਸੋਦੀਆ
• ਰੂਪਨਗਰ ਆਈ.ਏ.ਐੱਸ. ਅਕੈਡਮੀ ਜ਼ਿਲ੍ਹੇ ਦੇ ਨੌਜਵਾਨਾਂ ਦਾ ਆਈ.ਏ.ਐੱਸ. ਬਣਨ ਦਾ ਸੁਪਨਾ ਸਾਕਾਰ ਕਰੇਗੀ - ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ
• ਯੂ.ਪੀ.ਐੱਸ.ਈ. ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦਿੱਤੀ ਜਾਵੇਗੀ.. ਅਭਿਸ਼ੇਕ ਸ਼ਰਮਾ
ਰੂਪਨਗਰ, 27 ਜੁਲਾਈ: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਸ਼੍ਰੀ ਮਨੀਸ਼ ਸਿਸੋਦੀਆ ਨੇ ਅੱਜ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਦੇ ਨਾਲ ਸਰਕਾਰੀ ਬਹੁਤਕਨੀਕੀ ਕਾਲਜ ਰੂਪਨਗਰ ਵਿਖੇ ਸਥਾਪਿਤ ਪ੍ਰਸ਼ਾਸਕੀ ਸੇਵਾਵਾਂ ਨਾਲ ਸੰਬੰਧਿਤ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਲਈ ਰੂਪਨਗਰ ਆਈ.ਏ.ਐੱਸ. ਅਕੈਡਮੀ ਦਾ ਰਸਮੀ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਉਹ ਤਾਕਤ ਹੈ ਜੋ ਨਾ ਸਿਰਫ਼ ਵਿਅਕਤੀ ਦੀ ਕਿਸਮਤ ਬਦਲਦੀ ਹੈ, ਸਗੋਂ ਸਮਾਜ ਅਤੇ ਦੇਸ਼ ਦੀ ਦਿਸ਼ਾ ਵੀ ਨਿਰਧਾਰਤ ਕਰਦੀ ਹੈ। ਉੱਚ ਪੱਧਰੀ ਸਿੱਖਿਆ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਗੁਣਵੱਤਾ ਵਾਲੀ ਸਿੱਖਿਆ ਹਾਸਲ ਕਰਨਾ ਹਰ ਵਿਦਿਆਰਥੀ ਦਾ ਅਧਿਕਾਰ ਹੈ। ਜਿਸ ਲਈ ਰੂਪਨਗਰ ਦੇ ਵਿਦਿਆਰਥੀਆਂ ਲਈ ਵਿਧਾਇਕ ਦਿਨੇਸ਼ ਚੱਢਾ ਵੱਲੋਂ ਵਿਲੱਖਣ ਪਹਿਲ ਕਰਦੇ ਹੋਏ ਇਸ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ।
ਸ਼੍ਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.), ਪੰਜਾਬ ਸਿਵਲ ਸੇਵਾ (ਪੀ.ਸੀ.ਐੱਸ.), ਭਾਰਤੀ ਪੁਲਿਸ ਸੇਵਾ (ਆਈ.ਪੀ.ਐੱਸ.) ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫ਼ਲਤਾ ਹਾਸਲ ਕਰਨ ਲਈ ਦ੍ਰਿੜ੍ਹ ਇਰਾਦੇ ਦੇ ਨਾਲ-ਨਾਲ ਉੱਚ ਪੱਧਰੀ ਮਾਰਗਦਰਸ਼ਨ, ਮਿਆਰੀ ਅਧਿਐਨ ਸਮੱਗਰੀ ਅਤੇ ਪ੍ਰਤੀਯੋਗੀ ਮਾਹੌਲ ਵਾਲੇ ਕੋਚਿੰਗ ਸੈਂਟਰ ਦੀ ਲੋੜ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਕੋਚਿੰਗ ਸੈਂਟਰਾਂ ਵਿਖੇ ਸਿੱਖਿਆ ਹਾਸਲ ਕਰਨ ਲਈ ਨੌਜਵਾਨਾਂ ਨੂੰ ਵੱਡੇ ਸ਼ਹਿਰਾਂ ਦਾ ਰੁਖ ਕਰਨਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਵਾਧੂ ਆਰਥਿਕ ਬੋਝ ਪੈਂਦਾ ਹੈ ਅਤੇ ਆਮ ਘਰਾਂ ਅਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਇਹ ਵਿਸ਼ੇਸ਼ ਸਿੱਖਿਆ ਤੱਕ ਹਾਸਲ ਨਹੀਂ ਕਰ ਪਾਉਂਦੇ। ਹੁਣ ਰੂਪਨਗਰ ਆਈ.ਏ.ਐੱਸ. ਅਕੈਡਮੀ ਦੀ ਸਥਾਪਨਾ ਨਾਲ ਜ਼ਿਲ੍ਹੇ ਅਤੇ ਆਸ-ਪਾਸ ਦੇ ਖੇਤਰਾਂ ਦੇ ਨੌਜਵਾਨਾਂ ਨੂੰ ਆਪਣੇ ਹੀ ਸ਼ਹਿਰ ਵਿੱਚ ਮਿਆਰੀ ਕੋਚਿੰਗ, ਤਜਰਬੇਕਾਰ ਫੈਕਲਟੀ ਦੀ ਰਹਿਨੁਮਾਈ, ਆਧੁਨਿਕ ਅਧਿਐਨ ਸਮੱਗਰੀ, ਨਿਯਮਿਤ ਟੈਸਟ ਸਿਰੀਜ਼ ਅਤੇ ਪ੍ਰਤੀਯੋਗੀ ਮਾਹੌਲ ਉਪਲਬਧ ਹੋਵੇਗਾ।
ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਕੇਵਲ ਪ੍ਰੀਖਿਆਵਾਂ ਵਿੱਚ ਸਫ਼ਲਤਾ ਪ੍ਰਾਪਤ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਵਿਸ਼ਲੇਸ਼ਣਾਤਮਕ ਸੋਚ, ਅਗਵਾਈ ਦੀ ਸਮਰੱਥਾ, ਸਮਾਜਿਕ ਸੰਵੇਦਨਸ਼ੀਲਤਾ ਅਤੇ ਲੋਕ ਸੇਵਾ ਦੀ ਭਾਵਨਾ ਦਾ ਵਿਕਾਸ ਕਰਨਾ ਵੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਿਰੰਤਰ ਮਿਹਨਤ, ਅਨੁਸ਼ਾਸਨ, ਸਮੇਂ ਦਾ ਸੁਚੱਜਾ ਪ੍ਰਬੰਧਨ ਅਤੇ ਸਕਾਰਾਤਮਕ ਸੋਚ ਰਾਹੀਂ ਹਰ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਵਿਦਿਆਰਥੀ ਇਸ ਅਕੈਡਮੀ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਦੇਸ਼ ਦੀਆਂ ਸਰਵੋਤਮ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਆਪਣਾ ਸਥਾਨ ਬਣਾਉਣ ਲਈ ਪੂਰੀ ਲਗਨ ਨਾਲ ਤਿਆਰੀ ਕਰਨ।
ਇਸ ਮੌਕੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ ਰੂਪਨਗਰ ਆਈ.ਏ.ਐੱਸ. ਅਕੈਡਮੀ ਜ਼ਿਲ੍ਹੇ ਦੇ ਨੌਜਵਾਨਾਂ ਲਈ ਇੱਕ ਇਤਿਹਾਸਕ ਅਤੇ ਦੂਰਅੰਦੇਸ਼ੀ ਪਹਿਲ ਹੈ। ਇਸ ਉਪਰਾਲੇ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਪਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵੀ ਆਪਣੇ ਹੀ ਜ਼ਿਲ੍ਹੇ ਵਿੱਚ ਗੁਣਵੱਤਾ ਭਰੀ ਕੋਚਿੰਗ ਪ੍ਰਾਪਤ ਹੋਵੇਗੀ, ਜਿਸ ਨਾਲ ਉਹ ਉੱਚ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਿੱਖਿਆ ਨੂੰ ਹਰ ਵਰਗ ਦੇ ਨੌਜਵਾਨ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ। ਰੂਪਨਗਰ ਆਈ.ਏ.ਐੱਸ. ਅਕੈਡਮੀ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ।
ਸਮਾਗਮ ਵਿੱਚ ਹਾਜ਼ਰ ਪਤਵੰਤਿਆਂ ਨੇ ਰੂਪਨਗਰ ਆਈ.ਏ.ਐੱਸ. ਅਕੈਡਮੀ ਦੀ ਸਥਾਪਨਾ ਨੂੰ ਜ਼ਿਲ੍ਹੇ ਦੇ ਨੌਜਵਾਨਾਂ ਲਈ ਇੱਕ ਮੀਲ ਪੱਥਰ ਕਰਾਰ ਦਿੰਦਿਆਂ ਕਿਹਾ ਕਿ ਇਹ ਸੰਸਥਾ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਹੀ ਦਿਸ਼ਾ, ਯੋਗ ਮਾਰਗਦਰਸ਼ਨ ਅਤੇ ਉੱਚ ਪੱਧਰੀ ਤਿਆਰੀ ਦਾ ਮੰਚ ਪ੍ਰਦਾਨ ਕਰੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਅਕੈਡਮੀ ਵਿੱਚੋਂ ਤਿਆਰ ਹੋਣ ਵਾਲੇ ਨੌਜਵਾਨ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਂਦੇ ਹੋਏ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਇਸ ਮੌਕੇ ਅਭੀਸ਼ੇਕ ਐਜੂਕੇਸ਼ਨਲ ਸਰਵਿਸਿਜ਼ ਚੰਡੀਗੜ੍ਹ ਦੇ ਐੱਮ.ਡੀ. ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਯੂ.ਪੀ.ਐੱਸ.ਈ. ਦੀ ਕਠਿਨ ਪ੍ਰੀਖਿਆਵਾਂ ਲਈ ਉੱਚ ਪੱਧਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ ਰੂਪਨਗਰ ਆਈ.ਏ.ਐੱਸ. ਅਕੈਡਮੀ ਵਿੱਚ ਮੁਹੱਈਆ ਕਰਵਾਈ ਜਾਵੇਗੀ। ਵਿਦਿਆਰਥੀਆਂ ਨੂੰ ਅਕੈਡਮੀ ਦੇ ਨਾਲ਼-ਨਾਲ਼ ਆਨਲਾਈਨ ਕਲਾਸਾਂ ਵੀ ਦਿੱਤੀਆਂ ਜਾਣਗੀਆਂ ਤਾਂ ਜੋ ਦੂਰ-ਦੁਰਾਡੇ ਅਤੇ ਕੰਮਕਾਜ ਕਰਨ ਵਾਲੇ ਵਿਦਿਆਰਥੀ ਵੀ ਕੋਚਿੰਗ ਲੈਣ ਤੋਂ ਵਾਂਝੇ ਨਾ ਰਹਿ ਜਾਣ।
ਉਨ੍ਹਾਂ ਅੱਗੇ ਕਿਹਾ ਕਿ ਰੂਪਨਗਰ ਆਈ.ਏ.ਐੱਸ. ਅਕੈਡਮੀ ਵਿੱਚ ਮਾਹਰ ਅਤੇ ਤਜਰਬੇਕਾਰ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਇਸ ਕਾਬਲ ਬਣਾਇਆ ਜਾਵੇਗਾ ਕਿ ਉਹ ਆਈ.ਏ.ਐੱਸ. ਬਣਨ ਦੇ ਸੁਪਨੇ ਨੂੰ ਯਕੀਨੀ ਪੱਧਰ ਤੇ ਪੂਰਾ ਕਰ ਸਕਣ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਤੇ ਸਿੱਖਿਆ ਉੱਤੇ ਕੀਤਾ ਗਿਆ ਨਿਵੇਸ਼ ਅਸਲ ਵਿੱਚ ਦੇਸ਼ ਅਤੇ ਸਮਾਜ ਦੇ ਭਵਿੱਖ ਵਿੱਚ ਕੀਤਾ ਗਿਆ ਨਿਵੇਸ਼ ਹੁੰਦਾ ਹੈ। ਅਜਿਹੀਆਂ ਸੰਸਥਾਵਾਂ ਪ੍ਰਤਿਭਾ ਨੂੰ ਸਹੀ ਦਿਸ਼ਾ ਦੇਣ, ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚਕਾਰ ਮੌਕਿਆਂ ਦੀ ਖਾਈ ਨੂੰ ਘਟਾਉਣ ਅਤੇ ਯੋਗ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਲਈ ਸਮਰੱਥ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ।
ਇਸ ਮੌਕੇ ਇੰਦਰਜੀਤ ਸਿੰਘ ਬਾਲਾ ਨੇ ਸ੍ਰੀ ਮਨੀਸ਼ ਸਿਸੋਦੀਆ ਜੀ ਨੂੰ ਉਨ੍ਹਾਂ ਦੀ ਪੇਂਟਿੰਗ ਵੀ ਭੇਟ ਕੀਤੀ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ, ਐੱਸ.ਪੀ. ਸ਼੍ਰੀ ਅਰਵਿੰਦ ਮੀਨਾ, ਸ਼੍ਰੀਮਤੀ ਨਿਸ਼ਾ ਚੱਢਾ, ਅਕੈਡਮੀ ਦੀ ਸਥਾਪਨਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀ ਇਸ ਸਹਿਯੋਗੀ ਟੀਮ ਵਿੱਚ ਡਾ. ਆਰ.ਐੱਸ. ਪਰਮਾਰ, ਅਮਰਜੀਤ ਸਿੰਘ ਸੈਣੀ, ਡਾ. ਰਾਜੀਵ ਅਗਰਵਾਲ, ਡਾ. ਜਗਦੀਪ ਚੌਧਰੀ, ਡਾ. ਜੇਪੀਐਸ ਸਾਂਘਾ, ਡਾ. ਪਵਨ ਸ਼ਰਮਾ, ਡਾ. ਆਰਤੀ ਵਰਮਾ, ਡਾ. ਬਜਿੰਦਰਾ ਸਿੰਘ, ਰਾਜਿੰਦਰ ਰਾਣਾ, ਅਮਰਜੀਤ ਸਿੰਘ ਸੈਣੀ, ਜਤਿੰਦਰ ਸਿੰਘ, ਡਾ. ਜੀ.ਕੇ ਜੱਗੀ, ਰਾਕੇਸ਼ ਜਿੰਦਲ, ਗੁਰਪ੍ਰੀਤ ਕੋਹਲੀ, ਐਡਵੋਕੇਟ ਤਰੁਣ ਖੰਨਾ, ਮਲੀਨ ਸਿੰਘ, ਅਸ਼ੋਕ, ਕੁਲਤਾਰ ਸਿੰਘ, ਅਮਿਤ ਜਿੰਦਲ, ਪ੍ਰਿੰਸੀਪਲ ਡਾ. ਨਵਨੀਤ ਵਾਲੀਆ ਤੋਂ ਇਲਾਵਾ ਅਧਿਆਪਕ, ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।
- Download Babushahi App
-
-