ਸਰਹੱਦ 'ਤੇ ਨਵੀਂ ਲਕੀਰ ਪੰਜਾਬ ਦੇ ਲੋਕਾਂ ਨਾਲ ਧੱਕਾ, ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ: ਅਜੇਪਾਲ ਸਿੰਘ ਬਰਾੜ
ਫਾਜ਼ਿਲਕਾ 27 ਜੂਨ,2026
ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇ ਪਾਲ ਸਿੰਘ ਬਰਾੜ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਬਾਰਡਰ ਸੁਰੱਖਿਆ ਦੇ ਨਾਂ 'ਤੇ ਬਣਾਏ ਜਾ ਰਹੇ ਨਵੇਂ ਬੰਨ੍ਹ ਅਤੇ ਲਕੀਰ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਪਹਿਲਾਂ ਹੀ 1947 ਦੀ ਵੰਡ ਦੇ ਡੂੰਘੇ ਜ਼ਖ਼ਮ ਸਹਿ ਰਿਹਾ ਹੈ, ਪਰ ਹੁਣ ਸਰਹੱਦ ਤੋਂ ਦੋ ਤੋਂ ਢਾਈ ਕਿਲੋਮੀਟਰ ਅੰਦਰ ਇੱਕ ਹੋਰ ਲਕੀਰ ਖਿੱਚ ਕੇ ਸਰਹੱਦੀ ਲੋਕਾਂ ਨਾਲ ਨਵਾਂ ਧੱਕਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਰੀਬ ਸਵਾ ਕਿਲੋਮੀਟਰ ਚੌੜਾ ਅਤੇ ਲਗਭਗ 30 ਫੁੱਟ ਉੱਚਾ ਬੰਨ੍ਹ ਬਣਨ ਨਾਲ ਕੇਵਲ ਫਾਜ਼ਿਲਕਾ ਜ਼ਿਲ੍ਹੇ ਦੇ ਹੀ 20 ਤੋਂ 22 ਪਿੰਡ ਇਸ ਦੇ ਪਾਰ ਰਹਿ ਜਾਣਗੇ। ਇਸ ਨਾਲ ਨਾ ਸਿਰਫ਼ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ, ਸਗੋਂ ਹੜ੍ਹਾਂ ਜਾਂ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਉਸ ਇਲਾਕੇ ਦੇ ਵਸਨੀਕਾਂ ਦੀ ਜਾਨ-ਮਾਲ ਦੀ ਸੁਰੱਖਿਆ ਵੀ ਬਹੁਤ ਸੰਕਟ ਵਿੱਚ ਪੈ ਜਾਵੇਗੀ।
ਸਰਦਾਰ ਬਰਾੜ ਨੇ ਕਿਹਾ ਕਿ ਸਰਹੱਦੀ ਵਸਨੀਕਾਂ ਦੀਆਂ ਭਾਵਨਾਵਾਂ ਅਤੇ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਕੇ ਕੋਈ ਵੀ ਫ਼ੈਸਲਾ ਥੋਪਣਾ ਲੋਕਤੰਤਰਿਕ ਕਦਰਾਂ-ਕੀਮਤਾਂ ਦੇ ਵਿਰੁਧ ਹੈ। ਉਨ੍ਹਾਂ ਕੇਂਦਰ ਅਤੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਹੈ ਕਿ ਸਰਹੱਦੀ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਅਜਿਹੀ ਕੋਈ ਵੀ ਯੋਜਨਾ ਲਾਗੂ ਨਾ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਪਿੰਡ ਨੂਰਸ਼ਾਹ ਸਥਿਤ ਗੁਰਦੁਆਰਾ ਚੜ੍ਹਦੀ ਕਲਾ ਵਿਖੇ ਅਰਦਾਸ ਉਪਰੰਤ ਮਿਸਲ ਸਤਲੁਜ ਵੱਲੋਂ"ਚੜ੍ਹਦੀ ਕਲਾ ਰੈਲੀ ਕੀਤੀ ਜਾਣੀ ਹੈ । ਇਸ ਮੌਕੇ ਮਿਸਲ ਸਤਲੁਜ ਜਥੇਬੰਦੀ ਵੱਲੋਂ ਚੜ੍ਹਦੀ ਕਲਾ ਰੈਲੀ ਵਿੱਚ ਸ਼ਮੂਲੀਅਤ ਕਰਦਿਆਂ ਹਰ ਸੰਭਵ ਸਹਿਯੋਗ ਅਤੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਪੂਰਾ ਪੰਜਾਬ ਲਹਿਰ ਦੇ ਕੌਮੀ ਕਨਵੀਨਰ ਅਮਰਿੰਦਰ ਸਿੰਘ ਤੁੜ, ਮਿਸਲ ਸਤਲੁਜ ਜਥੇਬੰਦੀ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ, ਗੁਰਬੀਰ ਸਿੰਘ ਬੱਬੂ ਖੋਸਾ, ਜ਼ਿਲ੍ਹਾ ਜਥੇਦਾਰ ਗੁਰਲਾਲ ਸਿੰਘ ਖਾਲਸਾ, ਹਲਕਾ ਇੰਚਾਰਜ ਅੰਕੁਸ਼ ਸਿੰਘ ਕੰਬੋਜ਼, ਰਾਮ ਸਿੰਘ ਚੱਕਪੱਖੀ, ਭਜਨ ਲਾਲ ਜੰਡਵਾਲਾ ਭੀਮੇਸ਼ਾਹ, ਦਵਿੰਦਰ ਸਿੰਘ ਸ਼ਾਹਪੁਰ, ਅਜੇ ਨਾਗਪਾਲ, ਅਮਨਦੀਪ ਕੰਬੋਜ, ਮਿਲਖਾ ਸਿੰਘ, ਵਿਪਨ ਢੋਟ, ਰਮਨਦੀਪ, ਸਤਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
- Download Babushahi App
-
-