ਲੁਧਿਆਣਾ ਪੁਲਿਸ ਵੱਲੋਂ ‘ਨਮਿਤ ਗੈਂਗ’ ਦੇ 4 ਮੈਂਬਰ ਅਸਲੇ ਤੇ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ, 15 ਜੂਨ 2026- ਲੁਧਿਆਣਾ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਫਿਰੌਤੀ, ਅਸਲਾ ਤਸਕਰੀ ਅਤੇ ਨਸ਼ਾ ਸਪਲਾਈ ਨਾਲ ਜੁੜੇ ਕਥਿਤ ‘ਨਮਿਤ ਗੈਂਗ’ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਸ਼ਹਿਰ ਵਿੱਚ ਹੋਣ ਵਾਲੀ ਇੱਕ ਸੰਭਾਵਿਤ ਵੱਡੀ ਅਪਰਾਧਿਕ ਵਾਰਦਾਤ ਨੂੰ ਟਾਲ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, ਜ਼ਿੰਦਾ ਕਾਰਤੂਸ, 300 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ।
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ (ਆਈ.ਪੀ.ਐਸ.) ਵੱਲੋਂ ਮਾੜੇ ਅਨਸਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਹ ਕਾਰਵਾਈ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ, ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਅਤੇ ਏਸੀਪੀ ਡਿਟੈਕਟਿਵ-2 ਦੀਪ ਕਰਨ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ।
ਕਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਦੀ ਟੀਮ ਪੱਖੋਵਾਲ ਰੋਡ ਨੇੜੇ ਓਮੈਕਸ ਫਲੈਟਾਂ ਦੇ ਇਲਾਕੇ ਵਿੱਚ ਗਸ਼ਤ ਅਤੇ ਚੈਕਿੰਗ ਦੌਰਾਨ ਮੌਜੂਦ ਸੀ, ਜਦੋਂ ਇੱਕ ਭਰੋਸੇਯੋਗ ਸੂਚਨਾ ਮਿਲੀ ਕਿ ਵਿਦੇਸ਼ ਵਿੱਚ ਬੈਠਾ ਨਮਿਤ ਸ਼ਰਮਾ ਆਪਣੇ ਸਾਥੀਆਂ ਰਾਹੀਂ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਹੈ। ਸੂਚਨਾ ਅਨੁਸਾਰ ਗੈਂਗ ਦੇ ਮੈਂਬਰ ਵਪਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਵਸੂਲਦੇ ਸਨ ਅਤੇ ਡਰ ਪੈਦਾ ਕਰਨ ਲਈ ਫਾਇਰਿੰਗ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ।
ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਗੈਂਗ ਦੇ ਮੈਂਬਰ ਕਿਸੇ ਵੱਡੇ ਕਾਰੋਬਾਰੀ ਨੂੰ ਨਿਸ਼ਾਨਾ ਬਣਾਕੇ ਉਸ ਤੋਂ ਮੋਟੀ ਫਿਰੌਤੀ ਵਸੂਲਣ ਦੀ ਯੋਜਨਾ ਬਣਾ ਰਹੇ ਸਨ। ਇਸ ਤੋਂ ਇਲਾਵਾ ਇਹ ਗੈਂਗ ਸਰਹੱਦੀ ਖੇਤਰਾਂ ਤੋਂ ਅਸਲਾ ਅਤੇ ਹੈਰੋਇਨ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕਰਨ ਵਿੱਚ ਵੀ ਸ਼ਾਮਲ ਸੀ।
ਸੂਚਨਾ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਅਭੀਜੀਤ ਸਿੰਘ ਉਰਫ਼ ਮੰਡ, ਮਾਨੀਆ ਸਾਹਨੀ, ਅੰਕੁਸ਼ ਯਾਦਵ ਅਤੇ ਸੁਖਮਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਇੱਕ 32 ਬੋਰ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ, 300 ਗ੍ਰਾਮ ਹੈਰੋਇਨ ਅਤੇ ਚਿੱਟੇ ਰੰਗ ਦੀ ਸਵਿਫਟ ਕਾਰ ਬਰਾਮਦ ਕੀਤੀ ਗਈ।
ਪੁਲਿਸ ਵੱਲੋਂ ਮੁਕੱਦਮਾ ਨੰਬਰ 149 ਮਿਤੀ 13 ਜੂਨ 2026 ਤਹਿਤ ਬੀਐਨਐਸ, ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਗੈਂਗ ਦੇ ਹੋਰ ਮੈਂਬਰਾਂ, ਵਿਦੇਸ਼ ਵਿੱਚ ਬੈਠੇ ਕਥਿਤ ਸਰਗਨਾ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਅਪਰਾਧਿਕ ਲਿੰਕਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਇਸ ਕਾਰਵਾਈ ਨਾਲ ਨਾ ਸਿਰਫ਼ ਇੱਕ ਸੰਭਾਵਿਤ ਵੱਡੀ ਵਾਰਦਾਤ ਨੂੰ ਰੋਕਿਆ ਗਿਆ ਹੈ, ਸਗੋਂ ਸ਼ਹਿਰ ਵਿੱਚ ਸਰਗਰਮ ਸੰਗਠਿਤ ਅਪਰਾਧ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੀ ਵੱਡਾ ਝਟਕਾ ਲੱਗਾ ਹੈ।
- Download Babushahi App
-
-