ਭਾਕਿਯੂ ਏਕਤਾ ਡਕੌਂਦਾ ਦੇ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ 15 ਮਈ ਨੂੰ ਚੰਡੀਗੜ੍ਹ ਵੱਲ ਕਰੇਗਾ ਕੂਚ: ਮਨਜੀਤ ਧਨੇਰ
ਜੀਦਾ ਅਤੇ ਨੋਇਡਾ ਦੇ ਮਜ਼ਦੂਰਾਂ ਤੇ ਜ਼ਬਰ ਬੰਦ ਕਰੋ: ਹਰਨੇਕ ਮਹਿਮਾ
1 ਮਈ ਨੂੰ ਮਜ਼ਦੂਰ ਦਿਵਸ ਮੌਕੇ ਪੰਜਾਬੀ ਭਵਨ ਲੁਧਿਆਣਾ ਵਿਖੇ ਜਥੇਬੰਦੀ ਕਰੇਗੀ ਭਰਵੀਂ ਸ਼ਮੂਲੀਅਤ: ਕੁਲਵੰਤ ਕਿਸ਼ਨਗੜ੍ਹ
ਬਿਜਲੀ ਦੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਤਾਂ ਸਰਕਾਰ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ: ਗੁਰਦੇਵ ਮਾਂਗੇਵਾਲ
ਸਹਿਕਾਰੀ ਸੁਸਾਇਟੀਆਂ ਦਾ ਹੱਦ ਕਰਜ਼ਾ ਤੁਰੰਤ ਮਨਜ਼ੂਰ ਕੀਤਾ ਜਾਵੇ: ਅੰਗਰੇਜ਼ ਭਦੌੜ
ਦਲਜੀਤ ਕੌਰ
ਬਰਨਾਲਾ, 29 ਅਪ੍ਰੈਲ, 2026: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਕਮੇਟੀ ਤੋਂ ਇਲਾਵਾ 13 ਜ਼ਿਲ੍ਹਿਆਂ ਦੇ ਆਗੂਆਂ ਨੇ ਭਾਗ ਲਿਆ। ਮੀਟਿੰਗ ਵਿੱਚ ਮੋਦੀ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਦਾ ਹੱਕ ਖੋਹਣ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ 15 ਮਈ ਨੂੰ ਚੰਡੀਗੜ੍ਹ ਇਕੱਠੇ ਹੋ ਕੇ ਗਵਰਨਰ ਹਾਊਸ ਵੱਲ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮਾਰਚ ਵਿੱਚ ਜਥੇਬੰਦੀ ਦੇ ਹਜ਼ਾਰਾਂ ਕਿਸਾਨ ਅਤੇ ਔਰਤਾਂ ਭਾਗ ਲੈਣਗੀਆਂ। ਚੰਡੀਗੜ੍ਹ ਪਹੁੰਚਣ ਲਈ, ਸਾਰੇ ਜ਼ਿਲ੍ਹਿਆਂ ਦੇ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ।
ਮੀਟਿੰਗ ਵਿੱਚ ਪਿਛਲੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ।ਕੇਂਦਰ ਸਰਕਾਰ ਵੱਲੋਂ ਕਣਕ ਦੀ ਖ੍ਰੀਦ ਸਬੰਧੀ ਨਿਯਮਾਂ ਵਿੱਚ ਪੰਜਾਬ ਨੂੰ ਢਿੱਲ ਨਾ ਦੇਣ ਦੇ ਖ਼ਿਲਾਫ਼ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ 17 ਅਪ੍ਰੈਲ ਨੂੰ 12 ਵਜੇ ਤੋਂ 3 ਵਜੇ ਤੱਕ ਰੇਲਾਂ ਰੋਕਣ ਦਾ ਸੱਦਾ ਦਿੱਤਾ ਗਿਆ ਸੀ। ਕਣਕ ਖ੍ਰੀਦ ਦੀ ਸੁਧਰੀ ਹੋਈ ਸਥਿਤੀ ਅਤੇ ਪੰਜਾਬ ਸਰਕਾਰ ਵੱਲੋਂ ਦੋ ਦਿਨਾਂ ਦੇ ਅੰਦਰ ਛੋਟ ਦੀ ਚਿੱਠੀ ਪ੍ਰਾਪਤ ਹੋ ਜਾਣ ਦੇ ਦਿੱਤੇ ਭਰੋਸੇ ਕਾਰਨ ਰੇਲ ਰੋਕੋ ਪ੍ਰੋਗਰਾਮ 17 ਅਪ੍ਰੈਲ ਨੂੰ ਸਵੇਰੇ ਮੁਲਤਵੀ ਕਰ ਦਿੱਤਾ ਗਿਆ ਅਤੇ ਉਸੇ ਦਿਨ ਹੀ ਕੇਂਦਰ ਸਰਕਾਰ ਵੱਲੋਂ ਖ੍ਰੀਦ ਨਿਯਮਾਂ ਵਿੱਚ ਹਰਿਆਣਾ ਅਤੇ ਰਾਜਸਥਾਨ ਦੇ ਬਰਾਬਰ ਢਿੱਲ ਦੇ ਦਿੱਤੀ ਗਈ। ਮੀਟਿੰਗ ਵਿੱਚ ਹਾਜ਼ਰ ਸਾਰੇ ਆਗੂਆਂ ਨੇ ਕਣਕ ਦੇ ਖ੍ਰੀਦ ਨਿਯਮਾਂ ਵਿੱਚ ਮਿਲੀ ਢਿੱਲ ਨੂੰ ਇਸ ਐਕਸ਼ਨ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਦੀ ਜਿੱਤ ਦਸਦਿਆਂ ਤਸੱਲੀ ਦਾ ਪ੍ਰਗਟਾਵਾ ਕੀਤਾ।
ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਮੀਟਿੰਗ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਜ਼ਮੀਨੀ ਘੋਲ ਦੇ ਸਬੰਧ ਵਿੱਚ ਸੂਬਾ ਕਮੇਟੀ ਅਤੇ ਮਾਨਸਾ ਜ਼ਿਲ੍ਹੇ ਦੇ ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੇਸ ਅਤੇ 2023 ਦੌਰਾਨ ਮਾਨਸਾ ਜਿਲ੍ਹੇ ਦੇ ਪਿੰਡ ਕਰਮਗੜ ਵਿਖੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਦਾ ਵਿਰੋਧ ਕਰਨ ਲਈ ਇਕੱਠੇ ਹੋਏ 19 ਕਿਸਾਨ ਆਗੂਆਂ ਤੇ ਦਰਜ ਕੀਤੇ ਕੇਸਾਂ ਖਿਲਾਫ਼ ਸਖ਼ਤ ਰੋਹ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਗਈ ਕਿ ਇਨ੍ਹਾਂ ਕੇਸਾਂ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਵੱਲੋਂ ਇਸ ਦੇ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਬੰਧੀ ਜਥੇਬੰਦੀ ਦਾ ਡੈਪੂਟੇਸ਼ਨ ਜਲਦੀ ਹੀ ਐਸਐਸਪੀ ਮਾਨਸਾ ਨੂੰ ਮਿਲੇਗਾ।
ਮੀਟਿੰਗ ਨੇ ਨੋਇਡਾ ਅਤੇ ਪੰਜਾਬ ਦੇ ਜੀਦਾ ਵਿਖੇ ਫੈਕਟਰੀ ਵਰਕਰਾਂ ਦੇ ਘੋਲ ਦੀ ਹਮਾਇਤ ਕੀਤੀ। ਮੀਟਿੰਗ ਦਾ ਸਰਬ ਸੰਮਤੀ ਨਾਲ ਵਿਚਾਰ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਫੈਕਟਰੀ ਮਜ਼ਦੂਰਾਂ ਲਈ ਬਣੇ ਹੋਏ ਨਿਗੂਣੇ ਕਿਰਤ ਕਾਨੂੰਨ ਰੱਦ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਹਨ ਅਤੇ ਦਿਹਾੜੀ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਦੀ ਕਰ ਦਿੱਤੀ ਹੈ। ਜਿਸ ਕਾਰਨ ਮਜ਼ਦੂਰਾਂ ਵਿੱਚ ਬੇਚੈਨੀ ਹੈ ਅਤੇ ਇਸ ਦਾ ਪ੍ਰਗਟਾਵਾ ਉਨ੍ਹਾਂ ਦੇ ਜਥੇਬੰਦਕ ਘੋਲਾਂ ਰਾਹੀਂ ਹੋ ਰਿਹਾ ਹੈ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ, ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਜਬਰ ਨਾਲ ਦਬਾ ਦੇਣਾ ਚਾਹੁੰਦੀਆਂ ਹਨ। ਯੋਗੀ ਸਰਕਾਰ ਨੇ ਮਜ਼ਦੂਰ ਏਕਤਾ ਕੇਂਦਰ ਦੇ ਆਗੂਆਂ ਅਤੇ ਹੋਰ ਮਜ਼ਦੂਰ ਆਗੂਆਂ ਖ਼ਿਲਾਫ਼ ਬਿਲਕੁਲ ਝੂਠੇ ਕੇਸ ਦਰਜ ਕੀਤੇ ਹਨ। ਮੀਟਿੰਗ ਨੇ ਮੰਗ ਕੀਤੀ ਕਿ ਮਜ਼ਦੂਰ ਆਗੂਆਂ ਖ਼ਿਲਾਫ਼ ਦਰਜ ਕੀਤੇ ਝੂਠੇ ਕੇਸ ਰੱਦ ਕੀਤੇ ਜਾਣ, ਗ੍ਰਿਫ਼ਤਾਰ ਕੀਤੇ ਮਜ਼ਦੂਰ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਮੰਗਾਂ ਬਿਨਾਂ ਕਿਸੇ ਹੋਰ ਦੇਰੀ ਤੋਂ ਮੰਨੀਆਂ ਜਾਣ।
1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਤੇ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਪਲਸ ਮੰਚ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਭਰਵੀਂ ਸ਼ਮੂਲੀਅਤ ਦਾ ਫੈਸਲਾ ਕੀਤਾ ਗਿਆ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਿਡ ਵੱਲੋਂ ਬਿੱਲਾਂ ਦਾ ਸਿਸਟਮ ਬਦਲਣ ਕਰਕੇ ਪੰਜ ਪੰਜ ਮਹੀਨਿਆਂ ਦੇ ਬਿੱਲ ਇਕੱਠੇ ਭੇਜੇ ਗਏ ਹਨ ਅਤੇ ਲੋਕਾਂ ਦੀ ਬਿੱਲ ਮਾਫੀ ਰੱਦ ਕਰ ਦਿੱਤੀ ਗਈ ਹੈ। ਇਸ ਸੰਬੰਧੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜਿਨ੍ਹਾਂ ਦੀ ਖਪਤ 300 ਯੂਨਿਟ ਪ੍ਰਤੀ ਮਹੀਨੇ ਤੋਂ ਘੱਟ ਹੈ ਉਹਨਾਂ ਸਾਰਿਆਂ ਦੇ ਬਿੱਲ ਮਾਫ ਕੀਤੇ ਜਾਣ।
ਪੰਜਾਬ ਦੇ ਸਹਿਕਾਰਤਾ ਵਿਭਾਗ ਨੇ ਸਹਿਕਾਰੀ ਸੁਸਾਇਟੀਆਂ ਦਾ ਸਾਉਣੀ ਸੀਜਨ ਵਾਸਤੇ ਹੱਦ ਕਰਜਾ ਹਾਲੇ ਤੱਕ ਮਨਜ਼ੂਰ ਨਹੀਂ ਕੀਤਾ। ਇਸ ਲਈ ਕਿਸਾਨਾਂ ਨੂੰ ਅੱਗੇ ਕਰਜੇ ਨਹੀਂ ਮਿਲ ਰਹੇ। ਪੰਜਾਬ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਇਹ ਮਸਲਾ ਹੱਲ ਕਰਵਾਵੇ।
ਜ਼ਿਲ੍ਹਿਆਂ ਦੀਆਂ ਜਾਗਰੂਕਤਾ ਮੀਟਿੰਗਾਂ ਦੀ ਲੜੀ ਦੇ ਚੱਲਦਿਆਂ 03 ਅਪ੍ਰੈਲ ਨੂੰ ਸੰਗਰੂਰ, 04 ਅਪ੍ਰੈਲ ਬਰਨਾਲਾ, 07 ਅਪ੍ਰੈਲ ਲੁਧਿਆਣਾ ਤੋਂ ਇਲਾਵਾ 10 ਅਪ੍ਰੈਲ ਨੂੰ ਕਪੂਰਥਲਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਇਨ੍ਹਾਂ ਮੀਟਿੰਗਾਂ ਨੂੰ ਸਫ਼ਲ ਦੱਸਦਿਆਂ ਸੂਬਾ ਕਮੇਟੀ ਦੇ ਇਸ ਉਪਰਾਲੇ ਦੀ ਜੈ ਜੈਕਾਰ ਕੀਤੀ ਅਤੇ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਕੁਲਵੰਤ ਸਿੰਘ ਕਿਸ਼ਨਗੜ੍ਹ, ਗੁਰਦੇਵ ਸਿੰਘ ਮਾਂਗੇਵਾਲ, ਅੰਗਰੇਜ਼ ਸਿੰਘ ਭਦੌੜ, ਜੁਗਰਾਜ ਸਿੰਘ ਹਰਦਾਸਪੁਰਾ, ਹਰਵਿੰਦਰ ਸਿੰਘ ਕੋਟਲੀ, ਪਰਮਿੰਦਰ ਸਿੰਘ ਦੁੱਗਾਂ, ਤਰਸੇਮ ਸਿੰਘ ਬੱਸੂਵਾਲ, ਜਸਵਿੰਦਰ ਸਿੰਘ ਬਿੰਦੂ ਸੁੰਨੜਵਾਲ, ਪ੍ਰਦੀਪ ਮੁਸਾਹਿਬ, ਗੁਰਦੇਵ ਸਿੰਘ ਕਪੂਰਥਲਾ, ਸੁਰਜੀਤ ਸਿੰਘ ਕਪੂਰਥਲਾ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਸਤਨਾਮ ਸਿੰਘ ਬਰਨਾਲਾ, ਨਵਨੀਤ ਅਤੇ ਬਹਾਦਰ ਸਿੰਘ ਸਮੇਤ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।
Click to Follow Babushahi Facebook page →