ਪ੍ਰੋਜੈਕਟ ਪਹਿਲ ਸਦਕਾ ਪੇਂਡੂ ਔਰਤਾਂ ਨੂੰ ਘਰ ਬੈਠੇ ਆਮਦਨ ਹੋਣ ਕਾਰਨ ਸੁਧਰੀ ਘਰੇਲੂ ਆਰਥਿਕਤਾ
--ਮਿਸ਼ਨ ਪਹਿਲ ਤਹਿਤ 500 ਮਹਿਲਾਵਾਂ ਨੂੰ ਮਿਲਿਆ ਰੁਜ਼ਗਾਰ
--150 ਸਵੈ-ਸੇਵੀ ਗਰੁੱਪਾਂ ਵੱਲੋਂ ਬਣਾਈਆਂ ਜਾਂਦੀਆਂ ਹਨ ਸਰਕਾਰੀ ਸਕੂਲਾਂ ਦੀਆਂ ਵਰਦੀਆਂ
ਅਸ਼ੋਕ ਵਰਮਾ
ਬਠਿੰਡਾ, 2 9 ਅਪ੍ਰੈਲ 2026 : ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਕਿੱਤਾ ਮੁਖੀ ਆਜੀਵਿਕਾ ਦੇਣ ਦੇ ਮੰਤਵ ਤੋਂ ਚਲਾਇਆ ਜਾ ਰਿਹਾ ਪ੍ਰੋਜੈਕਟ ਪਹਿਲ ਪੇਂਡੂ ਮਹਿਲਾਵਾਂ ਲਈ ਘਰ ਬੈਠੇ ਆਮਦਨ ਦਾ ਸਰੋਤ ਬਣ ਗਿਆ ਹੈ। ਜਿੱਥੇ ਮਹਿਲਾਵਾਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦੀ ਸਿਲਾਈ ਕਰਕੇ ਆਪਣੇ ਘਰ ਦਾ ਖਰਚਾ ਕੱਢ ਰਹੀਆਂ ਹਨ, ਉੱਥੇ ਨਾਲ ਹੀ ਸਕੂਲੀ ਬੱਚਿਆਂ ਨੂੰ ਵੀ ਬੜੇ ਹੀ ਘੱਟ ਰੇਟਾਂ 'ਤੇ ਮਿਆਰੀ ਵਰਦੀ ਮਿਲ ਰਹੀ ਹੈ ।
ਸ਼੍ਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਚਲਾਏ ਜਾਂਦੇ ਪ੍ਰਾਜੈਕਟ ਪਹਿਲ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਵਰਦੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਨੂੰ ਔਰਤਾਂ ਦੇ ਸਵੈ-ਸੇਵੀ ਗਰੁੱਪ ਦੁਆਰਾ ਤਿਆਰ ਕੀਤਾ ਜਾਂਦਾ ਹੈ । ਇਸ ਪ੍ਰੋਜੈਕਟ ਤਹਿਤ 500 ਮਹਿਲਾਵਾਂ ਨੂੰ ਰੁਜ਼ਗਾਰ ਦਿੱਤਾ ਗਿਆ, ਜਿਹੜੀਆਂ ਕਿ 150 ਸਵੈ-ਸੇਵੀ ਗਰੁੱਪਾਂ ਨਾਲ ਜੁੜੀਆਂ ਹੋਈਆਂ ਹਨ।
ਇਸ ਸਬੰਧੀ ਜ਼ਿਲ੍ਹਾ ਬਠਿੰਡਾ 'ਚ ਦੋ ਕੇਂਦਰ ਕੰਮ ਕਰ ਰਹੇ ਸਨ, ਜਿਨ੍ਹਾਂ ਵਿਚ ਗੋਨਿਆਣਾ ਬਲਾਕ ਦੇ ਪਿੰਡ ਸਿਵੀਆਂ ਵਿਖੇ ਅਤੇ ਸੰਗਤ ਬਲਾਕ ਦਾ ਕੇਂਦਰ ਪਿੰਡ ਬਾਜਕ ਵਿਖੇ ਸਥਿਤ ਹੈ। ਇਨ੍ਹਾਂ ਦੋਵਾਂ ਕੇਂਦਰਾਂ ਨੂੰ ਸਾਲ 2025-26 ਦੌਰਾਨ 40,000 ਵਰਦੀਆਂ ਬਣਾਉਣ ਦਾ ਟੀਚਾ ਦਿੱਤਾ ਗਿਆ ਸੀ। ਇਨ੍ਹਾਂ ਮਹਿਲਾਵਾਂ ਵੱਲੋਂ 46,000 ਵਰਦੀਆਂ ਤਿਆਰ ਕੀਤੀਆਂ ਗਈਆਂ ਅਤੇ ਕਰੀਬ 3 ਕਰੋੜ ਰੁਪਏ ਦੀ ਕਮਾਈ ਕੀਤੀ ਗਈ। ਮਹਿਲਾਵਾਂ ਨੂੰ 60 ਰੁਪਏ ਪ੍ਰਤੀ ਵਰਦੀ ਮਿਹਨਤ ਦਿੱਤੀ ਜਾਂਦੀ ਹੈ ।
ਉਨ੍ਹਾਂ ਦੱਸਿਆ ਕਿ ਮਹਿਲਾਵਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਹੁਣ ਦੋ ਹੋਰ ਕੇਂਦਰ ਬਲਾਕ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਅਤੇ ਬਲਾਕ ਰਾਮਪੁਰਾ ਪਿੰਡ ਰਾਈਆ ਵਿਖੇ ਸ਼ੁਰੂ ਕੀਤੇ ਗਏ ਹਨ। ਹੁਣ ਕੁੱਲ 150 ਸਵੈ-ਸੇਵੀ ਸੰਸਥਾਵਾਂ ਵੱਲੋਂ ਵਰਦੀਆਂ ਬਣਾਈ ਜਾਣਗੀਆਂ ਅਤੇ ਉਮੀਦ ਹੈ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਕਰੀਬ 60000 ਵਰਦੀਆਂ ਬਣਾਉਣ ਦਾ ਟੀਚਾ ਦਿੱਤਾ ਜਾਵੇਗਾ ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ ਨੇ ਦੱਸਿਆ ਕਿ ਇਸ ਪਹਿਲ ਤਹਿਤ ਮਹਿਲਾਵਾਂ ਨੂੰ ਆਪਣੀ ਆਮਦਨ ਵਧਾਉਣ ਦਾ ਚੰਗਾ ਮੌਕਾ ਮਿਲਿਆ ਹੈ। ਕੱਪੜੇ ਦੀ ਖਰੀਦ ਸਬੰਧੀ ਬਾਜ਼ਾਰਾਂ ਤੋਂ ਲੈਕੇ, ਉਸ ਸਬੰਧੀ ਦਸਤਾਵੇਜ਼ ਤਿਆਰ ਕਰਨਾ ਅਤੇ ਉਸ ਨੂੰ ਸਰਕਾਰੀ ਮਾਪਦੰਡਾਂ ਅਨੁਸਾਰ ਲੜੀਬੱਧ ਕਰਨ ਸਬੰਧੀ ਸਾਰਾ ਕੰਮ ਮਹਿਲਾਵਾਂ ਵੱਲੋਂ ਹੀ ਕੀਤਾ ਜਾਂਦਾ ਹੈ । ਇਸ ਨਾਲ ਨਾ ਕੇਵਲ ਮਹਿਲਾਵਾਂ ਨੂੰ ਮੰਡੀਕਰਨ ਦੀ ਜਾਂਚ ਆਉਂਦੀ ਹੈ ਬਲਕਿ ਉਨ੍ਹਾਂ ਦਾ ਆਤਮ ਵਿਸ਼ਵਾਸ ਵੀ ਵਧਦਾ ਹੈ ।
ਉਨ੍ਹਾਂ ਦੱਸਿਆ ਕਿ ਪਿੰਡ ਸਿਵੀਆਂ ਅਤੇ ਬਾਜਕ ਵਿਖੇ ਸਥਿਤ ਕੇਂਦਰ ਅੰਬੁਜਾ ਸੀਮਿੰਟ ਫਾਊਂਡੇਸ਼ਨ ਅਤੇ ਮਿੱਤਲ ਗਰੁੱਪ ਵੱਲੋਂ ਦਾਨ ਕੀਤੀਆਂ ਮਸ਼ੀਨਾਂ ਨਾਲ ਚਲਾਏ ਜਾ ਰਹੇ ਹਨ। ਜੀਵਨ ਸਿੰਘ ਵਾਲਾ ਅਤੇ ਰਾਈਆ ਵਿਖੇ ਸਥਿਤ ਕੇਂਦਰਾਂ ਲਈ ਮਸ਼ੀਨਾਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਤੋਂ ਮੁਹੱਈਆ ਕਰਵਾਈ ਗਈਆਂ ਹਨ। ਇਨ੍ਹਾਂ ਮਸ਼ੀਨਾਂ ਚ ਚਾਰ ਤਰੀਕੇ ਦੀਆਂ ਮਸ਼ੀਨਾਂ-ਸਿਲਾਈ ਮਸ਼ੀਨਾਂ, ਬਟਨ ਲਗਾਉਣ ਵਾਲੀਆਂ ਮਸ਼ੀਨਾਂ, ਇੰਟਰ ਲਾਕਿੰਗ ਮਸ਼ੀਨਾਂ ਅਤੇ ਇਲਾਸਟਿਕ ਲਗਾਉਣ ਵਾਲੀਆਂ ਮਸ਼ੀਨਾਂ ਸ਼ਾਮਲ ਹਨ ।
Click to Follow Babushahi Facebook page →