ਮਜਦੂਰ ਦਿਵਸ ਦੇ ਵਿਸੈਸ਼ ਸੈਸ਼ਨ ਵਿਚ ਮੁੱਖ ਮੰਤਰੀ ਸਰਕਾਰੀ ਕਰਮਚਾਰੀਆਂ ਦਾ ਡੀਏ ਜਾਰੀ ਕਰਨ ਦੀ ਦੇਣ ਗਰੰਟੀ-ਸੁਨੀਲ ਜਾਖੜ
-ਕਿਹਾ, ਆਪਣੀ ਪਾਰਟੀ ਨੂੰ ਟੁੱਟ ਤੋਂ ਬਚਾਉਣ ਵਿਚ ਲੱਗੀ ਹੋਈ ਹੈ ਆਪ
-ਹੁਣ ਤੱਕ ਹੋਏ ਵਿਸੇਸ਼ ਸੈਸ਼ਨਾਂ ਦਾ ਨਹੀਂ ਹੋਇਆ ਪੰਜਾਬ ਨੂੰ ਕੋਈ ਲਾਭ
ਚੰਡੀਗੜ੍ਹ, 29 ਅਪ੍ਰੈਲ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਚਮੁੱਚ ਗੰਭੀਰ ਹਨ ਤਾਂ 1 ਮਈ ਦੇ ਵਿਸੇਸ਼ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਦੀਆਂ ਕਿਸਤਾਂ ਤੇ ਸਾਰਾ ਬਕਾਇਆ ਦੇਣ ਦਾ ਪੁਖਤਾ ਐਲਾਨ ਕਰਨ। ਉਨ੍ਹਾਂ ਨੇ ਕਿਹਾ ਕਿ ਜਿਸ ਸਰਕਾਰ ਨੇ ਮਗਨਰੇਗਾ ਤਹਿਤ ਮਜਦੂਰਾਂ ਨੂੰ 100 ਦਿਨ ਦੀ ਬਜਾਏ ਸਿਰਫ 29 ਦਿਨ ਦਾ ਰੁਜਗਾਰ ਦਿੱਤਾ ਉਸਨੂੰ ਮਜਦੂਰਾਂ ਦੀ ਗੱਲ ਕਰਨ ਦਾ ਕੀ ਹੱਕ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਇਸ ਇਜਲਾਸ ਵਿਚ ਵਿਸਵਾਸ ਦਾ ਮਤਾ ਲਿਆ ਕਿ ਇਹ ਸਰਕਾਰ 6 ਮਹੀਨੇ ਦੀ ਮੋਹਲਤ ਲੈਣੀ ਚਾਹੁੰਦੀ ਹੈ ਕਿਉਂਕਿ ਇਕ ਵਾਰ ਇਹ ਮਤਾ ਆਉਣ ਤੋਂ ਬਾਅਦ 6 ਮਹੀਨੇ ਤੱਕ ਅਵਿਸਵਾਸ਼ ਦਾ ਮਤਾ ਵਿਧਾਨ ਸਭਾ ਵਿਚ ਲਿਆਂਦਾ ਨਹੀਂ ਜਾ ਸਕਦਾ ਹੈ।
ਇਸ ਸਬੰਧੀ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਸਾਂਝੇ ਕੀਤੇ ਇਕ ਸੁਨੇਹੇ ਵਿਚ ਭਾਜਪਾ ਪ੍ਰਧਾਨ ਨੇ ਲਿਖਿਆ, "ਭਗਵੰਤ ਮਾਨ ਜੀ, 1 ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਹੀ ਕਾਫ਼ੀ ਨਹੀਂ ਹੈ। ਜੇ ਤੁਸੀਂ ਸੱਚਮੁੱਚ ਗੰਭੀਰ ਹੋ, ਤਾਂ ਮਜ਼ਦੂਰ ਦਿਵਸ ਦੀ ਅਸਲ ਭਾਵਨਾ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ, ਪੰਜਾਬ ਦੇ ਮੁਲਾਜ਼ਮਾਂ ਦੀਆਂ ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਇਆ ਰਾਸ਼ੀ ਦੇ ਭੁਗਤਾਨ ਲਈ ₹15,000 ਕਰੋੜ ਦਾ ਐਲਾਨ ਕਰੋ, 30 ਜੂਨ ਤੱਕ ਭੁਗਤਾਨ ਦੀ ਗਾਰੰਟੀ ਦਿਓ, ਅਤੇ ਸਪੱਸ਼ਟ ਤੌਰ 'ਤੇ ਕਹੋ ਕਿ ਇਸ ਫੈਸਲੇ ਵਿਰੁੱਧ ਕੋਈ ਅਪੀਲ ਦਾਇਰ ਨਹੀਂ ਕੀਤੀ ਜਾਵੇਗੀ — ਨਹੀਂ ਤਾਂ, ਇਹ ਤੁਹਾਡੀ ਪਹਿਲਾਂ ਹੀ ਟੁੱਟ ਰਹੀ ਪਾਰਟੀ ਨੂੰ ਬਚਾਉਣ ਲਈ ਸਿਰਫ਼ ਇੱਕ ਡਰਾਮਾ ਹੀ ਹੋਵੇਗਾ।"
ਭਾਜਪਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਵਿਸੇਸ਼ ਇਜਲਾਸ ਦੇ ਨਾਂਅ ਤੇ ਲੋਕਾਂ ਨੂੰ ਗੁੰਮਰਾਹ ਕਰਦੀ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਇਹ ਸਰਕਾਰ ਨਿੱਤ ਦਿਨ ਨਵੇਂ ਨਵੇਂ ਸਿਆਸੀ ਡਰਾਮੇ ਕਰਦੀ ਰਹਿੰਦੀ ਹੈ ਤਾਂ ਜੋ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮਜਦੂਰ ਦਿਵਸ ਦੇ ਦਿਨ ਇਹ ਸਰਕਾਰ ਵਿਸੇਸ਼ ਸੈਸ਼ਨ ਬੁਲਾ ਰਹੀ ਹੈ ਪਰ ਅਸਲ ਵਿਚ ਇਸਦਾ ਉਦੇਸ਼ ਆਪਣੀ ਖੇਰੂ ਖੇਰੂ ਹੋ ਰਹੀ ਪਾਰਟੀ ਨੂੰ ਕਿਸੇ ਤਰੀਕੇ ਇੱਕਠਾ ਰੱਖਣ ਦੀ ਕੋਸ਼ਿਸ ਮਾਤਰ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਇਕ ਪਾਸੇ ਸਰਕਾਰ ਆਪਣੀ ਮਸ਼ਹੂਰੀ ਲਈ ਇਹ ਸੈਸ਼ਨ ਬੁਲਾ ਕੇ ਵੱਡਾ ਖਰਚ ਕਰੇਗੀ ਉਥੇ ਹੀ ਸਰਕਾਰ ਦੇ ਕਰਮਚਾਰੀ ਡੀਏ ਨੂੰ ਲੰਬੇ ਸਮੇਂ ਤੋਂ ਉਡੀਕ ਰਹੇ ਹਨ। ਰਾਜ ਵਿਚ ਉਸਾਰੀ ਕਿਰਤੀਆਂ ਨੂੰ ਬਣਦੇ ਲਾਭ ਸਮੇਂ ਸਿਰ ਨਹੀਂ ਮਿਲਦੇ। ਖੇਤ ਮਜਦੂਰ ਦੀ ਹਾਲਤ ਤਰਸਯੋਗ ਹੈ। ਪਰ ਇਸ ਸਰਕਾਰ ਦੀ ਇਸਤਿਹਾਬਾਰੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਸਰਕਾਰ ਬਿਨ੍ਹਾ ਦੇਰੀ ਮੁਲਾਜਮਾਂ ਦੇ ਬਣਦੇ ਬਕਾਏ ਜਾਰੀ ਕਰੇ।
Click to Follow Babushahi Facebook page →