ਸੁਖਬੀਰ ਬਾਦਲ ਵੱਲੋਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਸਾਜਿਸ਼ ਕਹਿਣਾ ਸਿੱਖਾਂ 'ਚ ਆਈ ਗਿਰਾਵਟ ਦੀ ਨਿਸ਼ਾਨੀ-ਰਵੀਇੰਦਰ ਸਿੰਘ
ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਇਸਦਾ ਵਿਰੋਧ ਨਾ ਕਰਨਾ, ਹੋਰ ਵੀ ਚਿੰਤਾਜਨਕ।
ਚੰਡੀਗੜ੍ਹ -: 17 ਅਪ੍ਰੈਲ [ ] ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ (ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ) ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਸਾਜਿਸ਼ ਕਹਿਣਾ, ਸਿੱਖਾਂ ਵਿੱਚ ਆ ਚੁੱਕੀ ਗਿਰਾਵਟ ਦੀ ਨਿਸ਼ਾਨੀ ਹੈ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਿੱਖ ਪੰਥ ਦੇ ਸਰਵਉੱਚ ਪੰਜ ਸਿੰਘ ਸਾਹਿਬਾਨ 'ਤੇ ਇਹ ਦੋਸ਼ ਲਾਉਣਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਉਸਦਾ ਵਿਰੋਧ ਨਾ ਕਰਨਾ, ਸਿੱਖ ਸਿਧਾਂਤ ਨੂੰ ਸਮਰਪਿਤ ਲੋਕਾਂ ਲਈ ਇਕ ਚਿੰਤਾਜਨਕ ਵਰਤਾਰਾ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਭ ਗੁਨਾਹ ਵਿਸ਼ਵ ਸਾਹਮਣੇ ਮੰਨੇ ਸਨ। ਪਰ ਉਹ ਇਸਤੋਂ ਭਗੌੜਾ ਹੋ ਗਿਆ। ਦੂਸਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਸਦੀ ਹਿਮਾਇਤ ਕਰਨੀ, ਸਾਡੀਆਂ ਸੰਸਥਾਵਾਂ 'ਤੇ ਕਾਬਜ ਲੋਕਾਂ ਦੇ ਕਿਰਦਾਰ ਵਿੱਚ ਆਏ ਵੱਡੇ ਨਿਘਾਰ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਖਬੀਰ ਅਤੇ ਆਪਣੇ ਪ੍ਰਧਾਨ ਧਾਮੀ ਦੀ ਸਖਤ ਵਿਰੋਧਤਾ ਕਰਨੀ ਚਾਹੀਦੀ ਹੈ। ਅਕਾਲੀ ਸਿਆਸਤ ਦੇ ਇਤਿਹਾਸ ਵਿੱਚ ਮੌਜੂਦਾ ਘਟਨਾਕ੍ਰਮ ਨੂੰ ਬਹੁਤ ਗੰਭੀਰਤਾ ਨਾਲ ਦੇਖਣ ਦੀ ਲੋੜ ਹੈ।
ਬਿਆਨ ਵਿੱਚ ਉਹਨਾਂ ਅੱਗੇ ਕਿਹਾ ਬਤੌਰ ਪ੍ਰਧਾਨ ਅਕਾਲੀ ਦਲ, ਸੁਖਬੀਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ “ਸਾਜਿਸ਼” ਕਰਾਰ ਦੇਣਾ ਸਿਰਫ਼ ਇਕ ਬਿਆਨ ਨਹੀਂ, ਸਗੋਂ ਪੰਥਕ ਮਰਯਾਦਾ ਅਤੇ ਸਿੱਖ ਸੰਸਥਾਵਾਂ ਦਾ ਘੋਰ ਅਪਮਾਨ ਹੈ। ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਸਿੱਖ ਕੌਮ ਦੀ ਸਭ ਤੋਂ ਉੱਚੀ ਧਾਰਮਿਕ ਅਥਾਰਟੀ ਹੈ, ਉਸ ਦੇ ਹੁਕਮਨਾਮਿਆਂ ਨੂੰ ਸਿਆਸੀ ਨਜ਼ਰੀਏ ਨਾਲ ਤੋਲਣਾ ਬਹੁਤ ਵੱਡਾ ਗੁਨਾਹ ਹੈ। ਇਸ ਤੋਂ ਵੀ ਅੱਗੇ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਬਿਆਨ ਦਾ ਵਿਰੋਧ ਨਾ ਕਰਨਾ, ਸ਼੍ਰੋਮਣੀ ਕਮੇਟੀ ਦੀ ਸਾਖ ’ਤੇ ਸਵਾਲ ਖੜੇ ਕਰਦਾ ਹੈ। ਸ਼੍ਰੋਮਣੀ ਕਮੇਟੀ, ਜਿਸ ਨੂੰ ਪੰਥ ਵੱਲੋਂ ਧਾਰਮਕ ਅਦਾਰਿਆਂ ਦੀ ਸੰਭਾਲ ਅਤੇ ਮਰਯਾਦਾ ਦੀ ਰਾਖੀ ਦੀ ਜਿੰਮੇਵਾਰੀ ਸੌਂਪੀ ਗਈ ਹੈ, ਉਸ ਦੇ ਪ੍ਰਧਾਨ ਵੱਲੋਂ ਇਸ ਤਰ੍ਹਾਂ ਦੀ ਹਿਮਾਕਤ ਕਰਨੀ ਪੰਥਕ ਅਸੂਲਾਂ ਤੋਂ ਡਿਗਣਾ ਹੈ। ਇਹ ਘਟਨਾ ਸਪਸ਼ਟ ਕਰਦੀ ਹੈ ਕਿ ਅੱਜ ਦੀ ਸਿਆਸਤ ਵਿੱਚ ਅਸੂਲਾਂ ਦੀ ਥਾਂ ਸਿਆਸੀ ਲਾਭ ਲੈਣ ਦੀ ਸੋਚ ਹਾਵੀ ਹੋ ਰਹੀ ਹੈ। ਸਿੱਖ ਪੰਥ ਵਿੱਚ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਸਰਵਉੱਚ ਮੰਨਿਆ ਗਿਆ ਹੈ ਅਤੇ ਇਨ੍ਹਾਂ ਨੂੰ ਚੁਣੌਤੀ ਦੇਣਾ ਸਿੱਧਾ-ਸਿੱਧਾ ਪੰਥਕ ਅਨੁਸ਼ਾਸਨ ਨੂੰ ਕਮਜ਼ੋਰ ਕਰਦਾ ਹੈ। ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
Click to Follow Babushahi Facebook page →