ਬਿਜਲੀ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਿਰਕੀ ਬਾਜ਼ਾਰ ਦਫਤਰ ਵਿਖੇ ਅਰਥੀ ਫੂਕ ਮੁਜ਼ਾਹਰਾ
ਅਸ਼ੋਕ ਵਰਮਾ
ਬਠਿੰਡਾ, 17 ਅਪ੍ਰੈਲ 2026:ਅੱਜ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ (ਰਜਿ 24) ਦੇ ਫ਼ੈਸਲੇ ਦੇ ਅਨੁਸਾਰ ਪਾਵਰ ਕਾਰਪੋਰੇਸ਼ਨ ਦੇ ਦਫਤਰ ਸਿਰਕੀ ਬਾਜ਼ਾਰ ਬਠਿੰਡਾ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਬਿਜਲੀ ਮੰਤਰੀ ਪੰਜਾਬ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 10 ਅਗਸਤ ,14 ਅਗਸਤ 2025 ਅਤੇ 14 ਜਨਵਰੀ 2026 ਨੂੰ ਜੋਇੰਟ ਫੋਰਮ ਦੇ ਆਗੂਆਂ ਨਾਲ ਪਾਵਰ ਕਾਮ ਦੀ ਮਨੇਜਮੈਂਟ ਨਾਲ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਹੋਈਆਂ ਮੀਟਿੰਗਾਂ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਦੀਆਂ ਹੋਈਆਂ ਸਹਿਮਤੀ ਦੇ ਬਾਵਜੂਦ ਲਾਗੂ ਨਾ ਕਰਨ ਦੇ ਰੋਸ ਵਜੋਂ 10 ਅਪ੍ਰੈਲ 2026 ਨੂੰ ਹੈੱਡ ਆਫ਼ਿਸ ਪਟਿਆਲਾ ਵਿਖੇ ਭਰਵੀਂ ਗਿਣਤੀ ਵਿੱਚ ਮੁਲਾਜ਼ਮਾਂ ਵੱਲੋਂ ਧਰਨਾ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੇ ਦਬਾਅ ਸਦਕਾ ਬਿਜਲੀ ਮੰਤਰੀ ਵਲੋਂ 16 ਅਪ੍ਰੈਲ 2026 ਨੂੰ ਉਦਯੋਗ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕਰਨ ਦਾ ਪੱਤਰ ਦਿੱਤਾ ਗਿਆ ਸੀ। ਪਰੰਤੂ ਅਫਸੋਸ ਕੱਲ੍ਹ ਮੀਟਿੰਗ ਦੌਰਾਨ ਬਿਜਲੀ ਮੰਤਰੀ ਦਾ ਮੰਗਾਂ ਸੰਬੰਧੀ ਅੜੀਅਲ ਵਤੀਰਾ ਹੋਣ ਕਰਕੇ ਗੱਲਬਾਤ ਟੁੱਟ ਗਈ ਜਿਸ ਦੇ ਰੋਸ ਵਜੋਂ ਅੱਜ ਸਾਰੇ ਪੰਜਾਬ ਅੰਦਰ ਪਾਵਰ ਕਾਮ ਦੇ ਦਫਤਰਾਂ ਅੱਗੇ ਅੱਜ ਬਿਜਲੀ ਮੰਤਰੀ ਦੇ ਅਰਥੀ ਸਾੜ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ 25 ਅਪ੍ਰੈਲ ਤੱਕ ਵਰਕ ਨੂੰ ਰੂਲ ਅਨੁਸਾਰ ਅੱਠ ਘੰਟੇ ਡਿਊਟੀ ਕਰਦੇ ਹੋਏ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ਦੌਰਾਨ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਅੱਜ ਦੀ ਰੋਸ ਰੈਲੀ ਦੌਰਾਨ ਇੱਕ ਸਰਪੰਚ ਦੇ ਕਹਿਣ 'ਤੇ ਸਬ ਡਵੀਜ਼ਨ ਕੋਟਸ਼ਮੀਰ ਦੇ ਜੇ ਈ ਕੌਂਸਲ ਜੈਨ ਨੂੰ ਨਜਾਇਜ਼ ਤੌਰ ਤੇ ਮੁਅੱਤਲ ਕਰਨ ਦੀ ਨਿਖੇਧੀ ਕਰਦੇ ਹੋਏ ਉਸ ਨੂੰ ਜਲਦੀ ਡਿਊਟੀ ਤੇ ਬਹਾਲ ਕਰਨ ਦੀ ਮੰਗ ਕੀਤੀ ਗਈ। ਬੁਲਾਰਿਆਂ ਵਿੱਚ ਭੀਮ ਸੈਨ,ਸੀਤਾ ਰਾਮ,ਆਰੁਨ ਕੁਮਾਰ ਤ੍ਰਿਪਾਠੀ, ਹਰਭਗਵਾਨ ਸਿੰਘ,ਜਸਵੀਰ ਸਿੰਘ ਜੱਸੀ , ਲਛਮਣ ਸਿੰਘ, ਸੁਖਚੈਨ ਸਿੰਘ, ਹਰੀਸ਼ ਕੁਮਾਰ ਹੇਮਰਾਜ,ਸਿਧਾਰਥ, ਹਰਵਿੰਦਰ ਸਿੰਘ ਵਿੱਕੀ, ਦੁਰਗਾ ਦੱਤ , ਹਰਦੀਪ ਸਿੰਘ, ਹਰਪ੍ਰੀਤ ਸਿੰਘ, ਧਰਮਿੰਦਰ ਪਾਲ, ਗੁਰਮੇਲ ਸਿੰਘ ਅਤੇ ਭਗਵਾਨ ਦਾਸ ਨੇ ਸੰਬੋਧਨ ਕੀਤਾ।
Click to Follow Babushahi Facebook page →