ਸੀਐਮ ਦੇ ਐਡਵਾਈਜ਼ਰ ਦੀ ਸੁਰੱਖਿਆ ਵਿੱਚ ਤੈਨਾਤ ਏਐਸਆਈ ਦੇ ਭੇਦ ਭਰੇ ਹਾਲਾਤਾਂ ਵਿੱਚ ਲੱਗੀ ਗੋਲੀ
ਘਰ ਦੇ ਬਾਹਰ ਆਪਣੇ ਰਿਸ਼ਤੇਦਾਰਾਂ ਨਾਲ ਖੜੇ ਸੀ ਏਐਸਆਈ ਅਮਰੀਕ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ , 10 ਅਪ੍ਰੈਲ 2026 :
ਮੁੱਖ ਮੰਤਰੀ ਦੇ ਐਡਵਾਈਜ਼ਰ ਅਰਵਿੰਦ ਮੋਦੀ ਦੀ ਸੁਰੱਖਿਆ ਵਿੱਚ ਤੈਨਾਤ ਏਐਸਆਈ ਅਮਰੀਕ ਸਿੰਘ ਦੇ ਬੀਤੀ ਰਾਤ ਭੇਦ ਭਰੇ ਹਾਲਾਤਾਂ ਵਿੱਚ ਉਦੋਂ ਪੈਰ ਤੇ ਗੋਲੀ ਲੱਗ ਗਈ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਆਪਦੇ ਘਰ ਦੇ ਬਾਹਰ ਖੜੇ ਸਨ । ਹਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਗੋਲੀ ਆਖਰ ਆਈ ਕਿਧਰੋਂ ਸੀ ? ਹਾਲਾਂਕਿ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿਸੇ ਨੇ ਹਵਾਈ ਫਾਇਰ ਕੀਤਾ ਹੋਵੇ ਤੇ ਗੋਲੀ ਵਾਪਸ ਡਿੱਗਦੇ ਸਮੇਂ ਅਮਰੀਕ ਸਿੰਘ ਦੇ ਪੈਰ ਤੇ ਵੱਜੀ ਹੋਵੇ।
ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਦਿਓਲ ਦੇ ਰਹਿਣ ਵਾਲੇ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਸੀਐਮ ਦੇ ਐਡਵਾਈਜ਼ਰ ਅਰਵਿੰਦ ਮੋਦੀ ਦੀ ਸੁਰੱਖਿਆ ਵਿੱਚ ਤੇ ਨਾਲ ਸਨ ਤੇ ਆਪਣੇ ਘਰ ਆਏ ਹੋਏ ਸਨ। ਇਸ ਦੌਰਾਨ ਜਦੋਂ ਆਪਣੇ ਘਰ ਆਏ ਕੁਝ ਰਿਸ਼ਤੇਦਾਰਾਂ ਨੂੰ ਬਾਹਰ ਤੱਕ ਛੱਡਣ ਆਏ ਤਾਂ ਅਚਾਨਕ ਉਹਨਾਂ ਦੇ ਪੈਰ ਤੇ ਇੱਕ ਗੋਲੀ ਆ ਲੱਗੀ । ਗੋਲੀ ਉੱਪਰ ਵਾਲੀ ਸਾਈਡ ਤੋਂ ਆਈ ਸੀ ਪਰ ਕਿਸਨੇ ਚਲਾਈ ਸੀ ਅਤੇ ਕੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਇਸ ਬਾਰੇ ਹਜੇ ਤੱਕ ਕੁਝ ਪਤਾ ਨਹੀਂ ਲੱਗਿਆ ਹੈ।
ਉੱਥੇ ਹੀ ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ ਮੰਦਭਾਗੀ ਘਟਨਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਜਦੋਂ ਇਸ ਬਾਰੇ ਸਬੰਧਤ ਥਾਣਾ ਸਦਰ ਗੁਰਦਾਸਪੁਰ ਦੇ ਐਸ ਐਚ ਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੋਲੀ ਅਸਮਾਨ ਵਾਲੀ ਸਾਈਡ ਤੋਂ ਆਈ ਹੈ। ਹੋ ਸਕਦਾ ਹੈ ਕਿ ਕਿਸੇ ਨੇ ਹਵਾਈ ਫਾਇਰ ਕੀਤਾ ਹੋਵੇ ਤੇ ਬੋਲੀ ਵਾਪਸ ਡਿੱਗਦੇ ਸਮੇਂ ਉਹਨਾਂ ਦੇ ਪੈਰ ਤੇ ਵੱਜ ਗਈ ਹੋਵੇ ਪਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Click to Follow Babushahi Facebook page →