ਹੁਣ ਪੈਟਰੋਲ ਪੰਪਾਂ 'ਤੇ ਵੀ ਮਿਲੇਗਾ ਮਿੱਟੀ ਦਾ ਤੇਲ; 21 ਰਾਜਾਂ 'ਚ ਨਵੇਂ ਨਿਯਮ ਲਾਗੂ
ਨਵੀਂ ਦਿੱਲੀ, 30 ਮਾਰਚ 2026: ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਕਾਰਨ ਪੈਦਾ ਹੋਏ ਵਿਸ਼ਵਵਿਆਪੀ ਊਰਜਾ ਸੰਕਟ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ। ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ (LPG) ਦੀ ਸਪਲਾਈ ਵਿੱਚ ਸੰਭਾਵਿਤ ਵਿਘਨ ਦੇ ਮੱਦੇਨਜ਼ਰ, ਸਰਕਾਰ ਨੇ ਹੁਣ ਮਿੱਟੀ ਦੇ ਤੇਲ ਦੀ ਉਪਲਬਧਤਾ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ।
ਪੈਟਰੋਲੀਅਮ ਮੰਤਰਾਲੇ ਦੇ ਨਵੇਂ ਨੋਟੀਫਿਕੇਸ਼ਨ ਅਨੁਸਾਰ, ਮਿੱਟੀ ਦਾ ਤੇਲ ਹੁਣ ਸਿਰਫ਼ ਰਾਸ਼ਨ ਦੀਆਂ ਦੁਕਾਨਾਂ ਤੱਕ ਸੀਮਤ ਨਹੀਂ ਰਹੇਗਾ। ਸਰਕਾਰੀ ਤੇਲ ਕੰਪਨੀਆਂ—ਇੰਡੀਅਨ ਆਇਲ, ਬੀ.ਪੀ.ਸੀ.ਐਲ (BPCL), ਅਤੇ ਐਚ.ਪੀ.ਸੀ.ਐਲ (HPCL)—ਚੋਣਵੇਂ ਪੈਟਰੋਲ ਪੰਪਾਂ 'ਤੇ ਵੀ ਮਿੱਟੀ ਦਾ ਤੇਲ ਮੁਹੱਈਆ ਕਰਵਾਉਣਗੀਆਂ। ਇਸ ਨਾਲ ਆਮ ਜਨਤਾ ਰਸੋਈ ਗੈਸ ਦੀ ਕਿੱਲਤ ਦੇ ਸਮੇਂ ਚੁੱਲ੍ਹੇ 'ਤੇ ਖਾਣਾ ਪਕਾਉਣ ਲਈ ਤੇਲ ਆਸਾਨੀ ਨਾਲ ਖਰੀਦ ਸਕੇਗੀ।
ਈਰਾਨ ਯੁੱਧ ਕਾਰਨ ਸਪਲਾਈ ਚੇਨ ਵਿੱਚ ਆਏ ਵਿਘਨ ਨੂੰ ਦੇਖਦੇ ਹੋਏ ਸਰਕਾਰ ਨੇ 'ਪੈਟਰੋਲੀਅਮ ਸੁਰੱਖਿਆ ਅਤੇ ਲਾਇਸੈਂਸ ਨਿਯਮਾਂ' ਵਿੱਚ ਢਿੱਲ ਦਿੱਤੀ ਹੈ। ਇਸ ਦਾ ਮਕਸਦ ਘਰਾਂ ਵਿੱਚ ਮਿੱਟੀ ਦੇ ਤੇਲ ਦੀ ਵੰਡ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ।
21 ਰਾਜਾਂ ਵਿੱਚ ਲਾਗੂ ਹੋਵੇਗਾ ਫੈਸਲਾ
ਇਹ ਨਵਾਂ ਨੋਟੀਫਿਕੇਸ਼ਨ ਦੇਸ਼ ਦੇ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਹ ਸੁਵਿਧਾ ਉਨ੍ਹਾਂ ਰਾਜਾਂ ਵਿੱਚ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿੱਥੇ ਪਹਿਲਾਂ ਜਨਤਕ ਵੰਡ ਪ੍ਰਣਾਲੀ (PDS) ਦੇ ਤਹਿਤ ਮਿੱਟੀ ਦਾ ਤੇਲ ਨਹੀਂ ਮਿਲਦਾ ਸੀ। ਇਨ੍ਹਾਂ ਵਿੱਚ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਰਗੇ ਵੱਡੇ ਸੂਬੇ ਸ਼ਾਮਲ ਹਨ।
ਪੈਟਰੋਲੀਅਮ ਮੰਤਰਾਲੇ ਅਨੁਸਾਰ, ਇਸ ਕਦਮ ਨਾਲ ਘਰਾਂ ਵਿੱਚ ਖਾਣਾ ਪਕਾਉਣ ਅਤੇ ਰੋਸ਼ਨੀ ਦੇ ਉਦੇਸ਼ਾਂ ਲਈ ਊਰਜਾ ਦੀ ਤੁਰੰਤ ਸਪਲਾਈ ਯਕੀਨੀ ਬਣਾਈ ਜਾ ਸਕੇਗੀ।
Click to Follow Babushahi Facebook page →