ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ ਵਿਖੇ ਤਿੰਨ ਦਿਨਾਂ ਸਲਾਨਾ ਗੁਰਮਤਿ ਸਮਾਗਮ ਜਾਹੋ-ਜਲਾਲ ਨਾਲ ਸੰਪੰਨ
ਆਖ਼ਰੀ ਦਿਨ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ; ਪੰਥ ਪ੍ਰਸਿੱਧ ਰਾਗੀਆਂ ਨੇ ਕੀਰਤਨ ਰਾਹੀਂ ਸੰਗਤਾਂ ਕੀਤਾ ਨਿਹਾਲ
ਮੋਹਾਲੀ, 29 ਮਾਰਚ
ਪਿੰਡ ਸੋਹਾਣਾ ਸਥਿਤ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸਾਹਿਬ ਵਿਖੇ ਤਿੰਨ ਦਿਨਾਂ ਤੱਕ ਚੱਲਿਆ ਸਲਾਨਾ ਗੁਰਮਤਿ ਸਮਾਗਮ ਰੂਹਾਨੀ ਮਾਹੌਲ ਵਿੱਚ ਸੰਪੰਨ ਹੋ ਗਿਆ। ਸਮਾਗਮ ਦੇ ਆਖਰੀ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਦਰਬਾਰ ਸਾਹਿਬ ਵਿੱਚ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ। ਇਹ ਸਮਾਗਮ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀ ਯਾਦ ਵਿੱਚ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀਆਂ ਅਸੀਸਾਂ ਸਦਕਾ ਕਰਵਾਇਆ ਗਿਆ। ਸਮਾਗਮ ਦੀ ਰਹਿਨੁਮਾਈ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਵੱਲੋਂ ਕੀਤੀ ਗਈ।ਆਖਰੀ ਦਿਨ ਦੇ ਦੀਵਾਨ ਸਵੇਰੇ ਤੋਂ ਹੀ ਆਰੰਭ ਹੋਏ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼, ਨਿਤਨੇਮ ਦੇ ਪਾਠ ਅਤੇ ਕੀਰਤਨ ਰਾਹੀਂ ਸੰਗਤਾਂ ਨਾਮ ਨਾਲ ਜੋੜਿਆ ਗਿਆ।
ਦਿਨ ਭਰ ਚੱਲੇ ਵਿਸ਼ੇਸ਼ ਕੀਰਤਨ ਦਰਬਾਰ ਵਿੱਚ ਕਈ ਪ੍ਰਸਿੱਧ ਰਾਗੀ ਸਿੰਘਾਂ ਨੇ ਆਪਣੀ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਬੀਬੀ ਮਨਦੀਪ ਕੌਰ ਖਾਲਸਾ, ਭਾਈ ਇੰਦਰਜੀਤ ਸਿੰਘ ਜੀ, ਐਜੂਕੇਟ ਪੰਜਾਬ ਪ੍ਰੋਜੈਕਟ ਦਾ ਜੱਥਾ, ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ (ਜਥੇਦਾਰ ਅਕਾਲ ਤਖ਼ਤ ਸਾਹਿਬ), ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਭਾਈ ਰਣਧੀਰ ਸਿੰਘ ਜੀ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਕੁਲਦੀਪ ਸਿੰਘ ਜੀ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਹਰਜੋਤ ਸਿੰਘ ਜ਼ਖਮੀ ਜੀ, ਭਾਈ ਬਹੁਲਿਵਲੀਨ ਸਿੰਘ ਜੀ (ਅਕਾਲੀ ਜੱਥਾ), ਭਾਈ ਜਗਤਾਰ ਸਿੰਘ ਖਾਲਸਾ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਗੁਰਸ਼ਰਨ ਸਿੰਘ ਜੀ (ਲੁਧਿਆਣੇ ਵਾਲੇ), ਭਾਈ ਰਵਿੰਦਰ ਸਿੰਘ ਜੀ (ਦਿੱਲੀ ਵਾਲੇ), ਭੈਣ ਦਵਿੰਦਰ ਕੌਰ ਜੀ ਅਤੇ ਜੱਥਾ, ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਜੀ (ਗੁਰਬਾਣੀ ਸ੍ਰੀ ਦਰਬਾਰ ਸਾਹਿਬ), ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਅਤੇ ਉਸਤਾਦ ਬਲਜੀਤ ਸਿੰਘ ਜੀ ਨਾਮਧਾਰੀ ਸ਼ਾਮਲ ਸਨ। ਇਨ੍ਹਾਂ ਰਾਗੀ ਜੱਥਿਆਂ ਵੱਲੋਂ ਰਸਭਰੇ ਕੀਰਤਨ ਨਾਲ ਸੰਗਤਾਂ ਰੂਹਾਨੀ ਅਨੰਦ ਵਿੱਚ ਲੀਨ ਕੀਤਾ ਗਿਆ। ਇਸ ਤੋਂ ਇਲਾਵਾ ਕਥਾਵਾਚਕਾਂ ਵੱਲੋਂ ਗੁਰਬਾਣੀ ਦੀ ਵਿਆਖਿਆ ਕਰਦਿਆਂ ਸੰਗਤ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ।
ਸਮਾਗਮ ਦੌਰਾਨ ਸਿਮਰਨ ਸਾਧਨਾ, ਰਹਿਰਾਸ ਸਾਹਿਬ ਦੇ ਪਾਠ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਨੇ ਮਾਹੌਲ ਪੂਰੀ ਤਰ੍ਹਾਂ ਗੁਰਮਤਿ ਰੰਗ ਵਿੱਚ ਰੰਗਿਆ ਰੱਖਿਆ। ਆਖਰੀ ਦਿਨ ਅੰਮ੍ਰਿਤ ਸੰਚਾਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ, ਜਿਸ ਦੌਰਾਨ ਕਈ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਗੁਰਮਤਿ ਸਮਾਗਮ ਸਿੱਖੀ ਦੇ ਪ੍ਰਚਾਰ ਅਤੇ ਸਮਾਜਕ ਏਕਤਾ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸਮੂਹ ਸੇਵਾਦਾਰਾਂ ਅਤੇ ਦਾਨੀ ਸੰਗਤਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਦੌਰਾਨ ਲੰਗਰ ਦੀ ਵਿਸ਼ਾਲ ਵਿਵਸਥਾ ਕੀਤੀ ਗਈ, ਜਿੱਥੇ ਸੰਗਤਾਂ ਵੱਲੋਂ ਵੱਡੇ ਪੱਧਰ 'ਤੇ ਸੇਵਾ ਨਿਭਾਈ ਗਈ।
Click to Follow Babushahi Facebook page →