Babushahi Special ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਹਕੂਮਤ ਦੇ ਦਰਬਾਰ ਚੋਂ ਛੜਿਆਂ ਨੂੰ ਬੇਦਖਲੀ ਦੀ ਸ਼ਜਾ
ਅਸ਼ੋਕ ਵਰਮਾ
ਬਠਿੰਡਾ , 13 ਮਾਰਚ 2026 : ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲੈਕੇ ਪੰਜਾਬ ਸਰਕਾਰ ਦੇ ਇੱਕ ਅਜੀਬੋਗਰੀਬ ਫਰਮਾਨ ਨੇ ਬਜ਼ੁਰਗਾਂ, ਇਕੱਲੀਆਂ ਔਰਤਾਂ ਅਤੇ ਛੜਿਆਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ ਜਿਸ ਦਾ ਕਾਰਨ ਸਖਤ ਸ਼ਰਤਾਂ ਕਰਕੇ ਇੰਨ੍ਹਾਂ ਦੇ ਸਿਹਤ ਕਾਰਡ ਨਾਂ ਬਨਾਉਣਾ ਹੈ। ਸਿਹਤ ਕਾਰਡ ਲਈ ਪ੍ਰੀਵਾਰ ਦੇ ਘੱਟੋ ਘੱਟ ਦੋ ਮੈਂਬਰ ਹੋਣ ਦੀ ਸ਼ਰਤ ਹੈ ਜਿਸ ਨਾਲ ਉਨ੍ਹਾਂ ਔਰਤਾਂ ਜਾਂ ਪੁਰਸ਼ਾਂ ਨੂੰ ਦਿੱਕਤ ਆ ਰਹੀ ਹੈ ਜਿੰਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਹੈ। ਇਸ ਸ਼ਰਤ ਨਾਲ ਉਹ ਬਜ਼ੁਰਗ ਵੀ ਸੰਕਟ ’ਚ ਫਸ ਗਏ ਹਨ ਜਿੰਨ੍ਹਾਂ ਦੇ ਬੱਚੇ ਵਿਦੇਸ਼ ਵੱਸਦੇ ਹਨ ਅਤੇ ਪੰਜਾਬ ’ਚ ਉਹ ਇਕੱਲੇ ਰਹਿੰਦੇ ਹਨ। ਇਹੀ ਸਮੱਸਿਆ ਇਕੱਲੀਆਂ ਰਹਿਣ ਵਾਲੀਆਂ ਤਲਾਕਸ਼ੁਦਾ ਜਾਂ ਫਿਰ ਵਿਧਵਾ ਔਰਤਾਂ ਨੂੰ ਆ ਰਹੀ ਹੈ। ਇਹ ਲੋਕ ਸੁਵਿਧਾ ਕੇਂਦਰਾਂ ’ਚ ਸਿਹਤ ਕਾਰਡ ਬਨਵਾਉਣ ਲਈ ਜਾਂਦੇ ਹਨ ਪਰ ਨਿਯਮਾਂ ਦੀ ਪੇਚੀਦਗੀ ਕਾਰਨ ਉਨ੍ਹਾਂ ਨੂੰ ਖਾਲੀ ਮੋੜਿਆ ਜਾ ਰਿਹਾ ਹੈ।
ਸਿਹਤ ਕਾਰਡ ਨਾਂ ਬਣਨ ਕਰਕੇ ਅਜਿਹੇ ਲਾਭਪਾਤਰੀਆਂ ਨੂੰ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ ਨਹੀਂ ਮਿਲ ਰਹੀ ਹੈ। ਹਾਲਾਂਕਿ ਅਧਿਕਾਰੀ ਆਖਦੇ ਹਨ ਕਿ ਉਨ੍ਹਾਂ ਨੇ ਇਸ ਸਬੰਧ ’ਚ ਪੰਜਾਬ ਸਰਕਾਰ ਨੂੰ ਲਿਖਿਆ ਹੋਇਆ ਹੈ ਪਰ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਨ੍ਹਾਂ ਲੋਕਾਂ ਨੂੰ ਸੁਵਿਧਾ ਕੇਂਦਰਾਂ ’ਚ ਧੱਕੇ ਖਾਣੇ ਪੈ ਰਹੇ ਹਨ। ਦਰਅਸਲ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ’ਚ ਨਿਯਮ ਬਣਾਇਆ ਹੈ ਕਿ ਸਿਹਤ ਕਾਰਡ ਲਈ ਰਜਿਸ਼ਟਰੇਸ਼ਨ ਕਰਵਾਉਣ ਵਾਸਤੇ ਪ੍ਰੀਵਾਰ ਦੇ ਦੋ ਮੈਂਬਰਾਂ ਦਾ ਹੋਣਾ ਲਾਜਮੀ ਹੈ। ਨਿਯਮਾਂ ’ਚ ਇਹ ਕਿਧਰੇ ਨਹੀਂ ਲਿਖਿਆ ਹੈ ਕਿ ਜੋ ਲੋਕ ਘਰ ’ਚ ਇਕੱਲੇ ਰਹਿ ਰਹੇ ਹਨ ਜਾਂ ਫਿਰ ਦੋ ਦੀ ਥਾਂ ਇੱਕ ਹੀ ਮੈਂਬਰ ਹੈ ਉਸ ਦਾ ਸਿਹਤ ਕਾਰਡ ਕਿਸ ਤਰਾਂ ਬਣਾਇਆ ਜਾਏਗਾ। ਇਸ ਯੋਜਨਾ ਤਹਿਤ ਹੁਣ ਤੱਕ ਬਠਿੰਡਾ ’ਚ 1 ਲੱਖ ਤੋਂ ਵੱਧ ਲੋਕ ਸਿਹਤ ਕਾਰਡ ਬਣਵਾ ਚੁੱਕੇ ਹਨ।
ਜਿਕਰੇਖਾਸ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਦਾ ਦੋ ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਲਾਹਾ ਲਿਆ ਜਾ ਚੁੱਕਿਆ ਹੈ ਪਰ ਇਕੱਲੇ ਬਜ਼ੁਰਗ , ਇਕੱਲੀਆਂ ਔਰਤਾਂ ਅਤੇ ਵਿਆਹ ਤੋਂ ਖੁੰਝੇ ਪੁਰਸ਼ ਨਾਂ ਤਾਂ ਸਿਹਤ ਕਾਰਡ ਬਣਵਾਉਣ ’ਚ ਸਫਲ ਹੋ ਰਹੇ ਹਨ ਅਤੇ ਨਾਂ ਹੀ ਉਨ੍ਹਾਂ ਨੂੰ ਮੁਫਤ ਇਲਾਜ ਕਰਵਾਉਣ ਦਾ ਲਾਭ ਮਿਲ ਰਿਹਾ ਹੈ ਜਦੋਂਕਿ ਇਕੱਲੇ ਕਹਿਰੇ ਹੋਣ ਕਾਰਨ ਇੰਨ੍ਹਾਂ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਜਰੂਰਤ ਸਭ ਤੋਂ ਜਿਆਦਾ ਹੈ। ਸਿਵਲ ਹਸਪਤਾਲ ਦੇ ਅਧਿਕਾਰੀਆਂ ਅਤੇ ਸੁਵਿਧਾ ਕੇਂਦਰਾਂ ’ਚ ਤਾਇਨਾਤ ਮੁਲਾਜਮਾਂ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਸਿਹਤ ਕਾਰਡ ਬਣਨ ਤੋਂ ਅਸਮਰੱਥਾ ਜਤਾਈ ਹੈ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਜਦੋਂ ਤੱਕ ਪ੍ਰੀਵਾਰ ਦੇ ਦੇ ਮੈਂਬਰ ਇਕੱਠੇ ਹਾਜ਼ਰ ਨਹੀਂ ਹੁੰਦੇ ਸਿਹਤ ਕਾਰਡ ਨਹੀਂ ਬਣ ਸਕੇਗਾ। ਸੁਵਿਧਾ ਕੇਂਦਰ ਦੇ ਇੱਕ ਮੁਲਾਜਮ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਖਤਮ ਕਰਨ ਲਈ ਸਰਕਾਰ ਨੂੰ ਨਿਯਮਾਂ ’ਚ ਸੋਧ ਕਰਨੀ ਪਵੇਗੀ।
ਸ਼ਹਿਰ ਦੇ ਬੇਅੰਤ ਨਗਰ ’ਚ ਇੱਕ ਮਹਿਲਾ ਦੇ ਪਤੀ ਦੀ ਕਰੋਨਾ ਦੌਰਾਨ ਮੌਤ ਹੋ ਗਈ ਸੀ ਜੋ ਪਿਛਲੇ ਲੰਬੇ ਸਮੇਂ ਤੋਂ ਪੇਟ ਦੀ ਬਿਮਾਰੀ ਤੋਂ ਪੀੜਤ ਹੈ। ਡਾਕਟਰਾਂ ਨੇ ਉਸ ਨੂੰ ਹਸਪਤਾਲ ’ਚ ਭਰਤੀ ਹੋਕੇ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਹੈ। ਆਰਥਿਕ ਤੰਗੀ ਕਾਰਨ ਉਹ ਪ੍ਰਾਈਵੇਟ ਹਸਪਤਾਲ ’ਚ ਇਲਾਜ ਕਰਵਾਉਣ ਤੋਂ ਅਸਮਰੱਥ ਹੈ। ਜਾਣਕਾਰੀ ਮਿਲਣ ’ਤੇ ਉਹ ਸਿਹਤ ਕਾਰਡ ਬਨਵਾਉਣ ਲਈ ਆਈ ਪਰ ਨਿਯਮਾਂ ਦੀ ਅੜਚਣ ਕਾਰਨ ਬਣ ਨਹੀਂ ਸਕਿਆ ਹੈ। ਇਸ ਔਰਤ ਦੇ ਪ੍ਰੀਵਾਰ ’ਚ ਹੋਰ ਕੋਈ ਨਾਂ ਹੋਣ ਕਰਕੇ ਰਿਸ਼ਤੇਦਾਰ ਹੀ ਦੇਖਭਾਲ ਕਰਦੇ ਹਨ। ਅਧਾਰ ਕਾਰਡ ਅਤੇ ਵੋਟਰ ਕਾਰਡ ਹੋਣ ਦੇ ਬਾਵਜੂਦ ਕਈ ਚੱਕਰ ਲਾ ਚੁੱਕੀ ਇਸ ਔਰਤ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਇਸੇ ਤਰਾਂ ਹੀ ਜੋਗਾਨੰਦ ਦੀ ਇੱਕ ਔਰਤ ਅਧਾਰ ਕਾਰਡ ਅਤੇ ਵੋਟਰ ਕਾਰਡ ਲੈਕੇ ਸਿਹਤ ਕਾਰਡ ਬਨਵਾਉਣ ਆਈ ਸੀ ਜੋ ਦਸਤਾਵੇਜ ਪੂਰੇ ਹੋਣ ਦੇ ਬਾਵਜੂਦ ਨਹੀਂ ਬਣਿਆ।
ਇਸ ਔਰਤ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਵਿਦੇਸ਼ ’ਚ ਨੌਕਰੀ ਕਰਦੇ ਹਨ ਅਤੇ ਉਹ ਘਰ ਇਕੱਲੀ ਰਹਿੰਦੀ ਹੈ। ਵਧਦੀ ਉਮਰ ਕਾਰਨ ਬਿਮਾਰੀਆਂ ਵੀ ਵੱਧ ਹੋਣ ਲੱਗੀਆਂ ਹਨ ਅਤੇ ਇਲਾਜ ਦੀ ਸਭ ਤੋਂ ਜਿਆਦਾ ਸਾਡੇ ਵਰਗੇ ਬਜ਼ੁਰਗਾਂ ਨੂੰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ’ਚ ਸ਼ਰਤ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਹੈ। ਉਸ ਨੇ ਸਰਕਾਰ ਤੋਂ ਇਹ ਸ਼ਰਤ ਖਤਮ ਕਰਨ ਦੀ ਮੰਗ ਕੀਤੀ ਹੈ। ਇਸੇ ਤਰਾਂ ਲਾਲ ਸਿੰਘ ਬਸਤੀ ਦਾ ਗੋਪਾਲ ਸ਼ਰਮਾ ਦਿਲ ਦੀ ਬਿਮਾਰੀ ਤੋਂ ਪੀੜਤ ਹੈ। ਇਲਾਜ ਦੀ ਜਰੂਰਤ ਕਾਰਨ ਕਾਰਡ ਬਨਵਾਉਣ ਗਏ ਪਰ ਪ੍ਰੀਵਾਰ ਦਾ ਦੂਸਰਾ ਮੈਂਬਰ ਨਾਂ ਹੋਣ ਕਾਰਨ ਅਰਜੀ ਪ੍ਰਵਾਨ ਨਹੀਂ ਹੋਈ। ਗੋਪਾਲ ਸ਼ਰਮਾ ਨੇ ਕਿਹਾ ਕਿ ਜਦੋਂ ਮਰੀਜ ਨੂੰ ਇਲਾਜ ਦੀ ਤੁਰੰਤ ਜਰੂਰਤ ਹੋਵੇ ਤਾਂ ਉਦੋਂ ਅਜਿਹੀਆਂ ਸ਼ਰਤਾਂ ਰਾਹਤ ਦੀ ਥਾਂ ਸਜ਼ਾ ਜਾਪਦੀਆਂ ਹਨ। ਉਨ੍ਹਾਂ ਸਰਕਾਰ ਨੂੰ ਮਨੁੱਖਤਾ ਦੇ ਪੱਖ ਤੋਂ ਸੋਚਣ ਦੀ ਮੰਗ ਕੀਤੀ।
ਕਾਰਡ ਲਈ ਜਰੂਰੀ ਦਸਤਾਵੇਜ
ਸਿਹਤ ਬੀਮਾ ਯੋਜਨਾ ਤਹਿਤ ਰਜਿਸ਼ਟਰੇਸ਼ਨ ਲਈ ਵੋਟਰ ਕਾਰਡ, ਅਧਾਰ ਕਾਰਡ ਅਤੇ ਉਸ ਨਾਲ ਮੋਬਾਇਲ ਲਿੰਕ ਹੋਇਆ ਹੋਣਾ ਲਾਜਮੀ ਹੈ। ਇਸ ਤੋਂ ਬਿਨਾਂ 18 ਸਾਲ ਤੋਂ ਘੱਟ ਉਮਰ ਵਰਗ ਹੋਵੇ ਤਾਂ ਜਨਮ ਦਾ ਸਬੂਤ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰੀਵਾਰ ਦੇ ਦੋ ਮੈਂਬਰਾਂ ਦੀ ਸ਼ਰਤ ਲਾਜਮੀ।
ਨਿਯਮਾਂ ਅਨੁਸਾਰ ਬਣਦੇ ਕਾਰਡ
ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਕੌਂਸ਼ਲ ਦਾ ਕਹਿਣਾ ਸੀ ਕਿ ਇਸ ਸਮੱਸਿਆ ਸਬੰਧੀ ਉਨ੍ਹਾਂ ਸਰਕਾਰ ਨੂੰ ਜਾਣੂੰ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਇਕੱਲੇ ਬਜ਼ੁਰਗ ਐਮਰਜੈਂਸੀ ਦੌਰਾਨ ਹਸਪਤਾਲ ’ਚ ਭਰਤੀ ਹੋ ਰਹੇ ਹਨ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਕੀ ਕਾਰਡ ਸਰਕਾਰ ਦੇ ਨਿਯਮਾਂ ਅਨੁਸਾਰ ਬਣਾਏ ਜਾ ਰਹੇ ਹਨ।
Click to Follow Babushahi Facebook page →