ਨਾਲੀਆਂ ਵਿੱਚੋਂ ਕੀੜੇ ਨਿਕਲ - ਨਿਕਲ ਕੇ ਵੜਦੇ ਘਰਾਂ ਵਿੱਚ, ਸਾਲ ਭਰ ਤੋਂ ਨਹੀਂ ਹੋਈ ਸਫਾਈ
ਕੌਂਸਲਰ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਮੁਹੱਲਾ ਇਸਲਾਮਾਬਾਦ ਹੋਇਆ ਅਨਾਥ , ਮੁਹੱਲਾ ਨਿਵਾਸੀਆਂ ਨੂੰ ਆਪ ਕਰਨੀ ਪੈਂਦੀ ਨਾਲੀਆ ਦੀ ਸਫਾਈ
ਰੋਹਿਤ ਗੁਪਤਾ
ਗੁਰਦਾਸਪੁਰ , 25 ਜਨਵਰੀ 2026 :
ਸ਼ਹਿਰ ਵਿੱਚ ਵਾਰਡ ਨੰਬਰ 10 ਵਿੱਚ ਪੈਂਦਾ ਮੁਹੱਲਾ ਇਸਲਾਮਾਬਾਦ ਇਥੋਂ ਦੇ ਕੌਂਸਲਰ ਸਤਪਾਲ ਪੱਪੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਬਿਲਕੁਲ ਅਨਾਥ ਹੋ ਗਿਆ ਹੈ। ਮੁਹੱਲਾ ਨਿਵਾਸੀਆਂ ਅਨੁਸਾਰ ਜਦੋਂ ਦੀ ਕੌਂਸਲਰ ਦੀ ਮੌਤ ਹੋਈ ਹੈ ਮੁਹੱਲੇ ਵਿੱਚ ਕੋਈ ਵੀ ਸਫਾਈ ਕਰਮਚਾਰੀ ਨਾਲੀਆਂ ਦੀ ਸਫਾਈ ਕਰਨ ਨਹੀਂ ਆਇਆ । ਕਰੀਬ ਸਾਲ ਭਰ ਤੋਂ ਸਫਾਈ ਨਾ ਹੋਣ ਕਾਰਨ ਨਾਲੀਆਂ ਦਾ ਬੁਰਾ ਹਾਲ ਹੋ ਗਿਆ ਹੈ। ਡੱਕੇ ਲੱਗਣ ਕਾਰਨ ਵੱਡੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਨਾਲੇ ਦੇ ਬਾਹਰ ਵਹਿੰਦਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਜਦਕਿ ਗਲੀਆਂ ਦੀਆਂ ਛੋਟੀਆਂ ਨਾਲੀਆਂ ਦਾ ਵੀ ਬੁਰਾ ਹਾਲ ਹੋਇਆ ਪਿਆ ਹੈ ਤੇ ਇਹਨਾਂ ਨਾਲੀਆ ਵਿੱਚੋਂ ਕੀੜੇ ਨਿਕਲ ਨਿਕਲ ਕੇ ਲੋਕਾਂ ਦੇ ਘਰਾਂ ਵਿੱਚ ਵੜਦੇ ਹਨ ।
ਮੁਹੱਲੇ ਦੀਆਂ ਔਰਤਾਂ ਰਜਵੰਤ ਕੌਰ, ਕਿਰਨ, ਪਲਵਿੰਦਰ ਸਿੰਘ ਅਤੇ ਨਵ ਨੇ ਦੱਸਿਆ ਕਿ ਅਕਸਰ ਮੁਹੱਲਾ ਨਿਵਾਸੀਆਂ ਨੂੰ ਆਪ ਨਾਲੀਆਂ ਵਿੱਚੋਂ ਕੂੜਾ ਕੱਢਣਾ ਪੈਂਦਾ ਹੈ ਕਿਉਂਕਿ ਨਾਲੀਆਂ ਜਾਮ ਹੋ ਜਾਂਦੀਆਂ ਹਨ ਅਤੇ ਗੰਦਾ ਪਾਣੀ ਗਲੀਆਂ ਵਿੱਚ ਫੈਲਣਾ ਸ਼ੁਰੂ ਹੋ ਜਾਂਦਾ ਹੈ। ਇਲਾਕੇ ਵਿੱਚ ਇੱਕ ਡੇਅਰੀ ਵੀ ਹੈ , ਜਿਸ ਦੀ ਗੰਦਗੀ ਅਤੇ ਗੋਬਰ ਕਾਰਨ ਹੋਰ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਹੈ ਤੇ ਨਾਲੀਆਂ ਵਿੱਚ ਕੀੜੇ ਰੇਂਗਦੇ ਦਿਖਾਈ ਦਿੰਦੇ ਹਨ, ਜੋ ਲੋਕਾਂ ਦੇ ਘਰਾਂ ਵਿੱਚ ਵੜਦੇ ਹਨ। ਬੀਤੇ ਦਿਨ ਹੋਈ ਬਰਸਾਤ ਕਾਰਨ ਤਾਂ ਹੋਰ ਬੁਰਾ ਹਾਲ ਹੋ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਹਮਣੇ ਸਾਈਡ ਤੇ ਵਾਰਡ ਨੰਬਰ 11 ਪੈਂਦਾ ਹੈ ਤੇ ਉਸ ਦੇ ਕੌਂਸਲਰ ਲਗਾਤਾਰ ਵਾਰਡ ਵਿੱਚ ਚੱਕਰ ਲਗਾਉਂਦੇ ਰਹਿੰਦੇ ਹਨ ਜਿਸ ਕਾਰਨ ਸਫਾਈ ਕਰਮਚਾਰੀ ਵੀ ਸਾਹਮਣੇ ਪਾਸੇ ਦੀਆਂ ਨਾਲੀਆਂ ਆਮ ਤੌਰ ਤੇ ਸਾਫ ਕਰਦੇ ਦਿਖਾਈ ਦਿੰਦੇ ਹਨ ਪਰ ਵਾਰਡ ਨੰਬਰ 10 ਦੇ ਕੌਂਸਲਰ ਦੀ ਮੌਤ ਹੋਣ ਤੋਂ ਬਾਅਦ ਇੱਥੋਂ ਦੇ ਸਫਾਈ ਕਰਮਚਾਰੀ ਨੇ ਕਦੀ ਵੀ ਨਾਲੀਆਂ ਅਤੇ ਬਾਹਰ ਵਾਲੇ ਨਾਲੇ ਦੀ ਸਫਾਈ ਨਹੀਂ ਕੀਤੀ। ਉਹਨਾਂ ਦੱਸਿਆ ਕਿ ਉਹ ਕਈ ਵਾਰ ਨਗਰ ਕੌਂਸਲ ਦੇ ਦਫਤਰ ਵੀ ਜਾ ਚੁੱਕੇ ਹਨ ਪਰ ਆਸ਼ਵਾਸਨ ਦੇ ਬਾਵਜੂਦ ਕੋਈ ਫਰਕ ਨਹੀਂ ਪਿਆ । ਉਹਨਾਂ ਮੰਗ ਕੀਤੀ ਹੈ ਕਿ ਵਾਰਡ ਦੀਆਂ ਨਾਲੀਆਂ ਤੇ ਨਾਲੇ ਦੀ ਸਫਾਈ ਰੈਗੂਲਰ ਤੌਰ ਤੇ ਕਰਵਾਈ ਜਾਏ ਤਾਂ ਜੋ ਉਹਨਾਂ ਨੂੰ ਰਾਹਤ ਮਿਲ ਸਕੇ ।