ਬਠਿੰਡਾ ਡੱਬ ਵਾਲੀ ਭਾਰਤਮਾਲਾ ਸੜਕ ਤੇ ਦਰਦਨਾਕ ਹਾਦਸੇ ਦੌਰਾਨ ਪੰਜ ਗੁਜਰਾਤੀ ਨੌਜਵਾਨਾਂ ਦੀ ਮੌਤ
ਅਸ਼ੋਕ ਵਰਮਾ
ਬਠਿੰਡਾ, 17 ਜਨਵਰੀ 2025 ਅੱਜ ਸਵੇਰ ਸਮੇਂ ਸੰਘਣੀ ਧੁੰਦ ਪੈਣ ਕਾਰਨ ਬਠਿੰਡਾ ਡੱਬਵਾਲੀ ਭਾਰਤ ਮਾਲਾ ਸੜਕ 'ਤੇ ਪੈਂਦੇ ਪਿੰਡ ਗੁਰਥੜੀ ਦੇ ਨਜ਼ਦੀਕ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 5 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਇਨਾ ਭਿਆਨਕ ਸੀ ਕਿ ਫਾਰਚੂਨਰ ਗੱਡੀ ਦੇ ਪਰਖਚੇ ਉੱਡ ਗਏ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਸੜਕ ਤੇ ਡਿੱਗ ਪਈਆਂ। ਮੌਕੇ ਤੇ ਪੁੱਜੇ ਪੁਲਿਸ ਪ੍ਰਸ਼ਾਸਨ ਨੇ ਲਾਸ਼ਾਂ ਨੂੰ ਮੁਰਦਾ ਘਰ ਵਿੱਚ ਪਹੁੰਚਾਇਆ ਅਤੇ ਮਿਰਤਕਾਂ ਦੇ ਵਾਰਸਾਂ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇੱਕ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਨੰਬਰ ਟੀ 1225 ਜੀ.ਜੇ 9011ਟੀ ,ਚ ਸਵਾਰ ਮਹਿਲਾ ਪੁਲਿਸ ਮੁਲਾਜ਼ਮ ਸਮੇਤ 5 ਗੁਜਰਾਤੀ ਨੌਜਵਾਨ ਜੋਂ ਸ਼ਿਮਲਾ ਵਿਖੇ ਘੁੰਮਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਆ ਰਹੇ ਸਨ। ਜਦੋਂ ਉਹ ਅੱਜ ਸਵੇਰੇ 7-30 ਵਜੇ ਦੇ ਕਰੀਬ ਬਠਿੰਡਾ ਤੋਂ ਡੱਬਵਾਲੀ ਵੱਲ ਜਾ ਰਹੇ ਸਨ ਤਾਂ ਸੰਘਣੀ ਧੁੰਦ ਪੈਣ ਕਾਰਨ ਉਨ੍ਹਾਂ ਦੀ ਗੱਡੀ ਪਿੰਡ ਗੁਰਥੜੀ ਨੇੜੇ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਜਾ ਟਕਰਾਈ ਜਿਸ ਚ ਸਵਾਰ 5 ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਹਾਦਸੇ ਦੀ ਖਬਰ ਮਿਲਦੀਆਂ ਹੀ ਮੌਕੇ ਤੇ ਆਪਣੀ ਐਂਬੂਲੈਂਸ ਲੈਕੇ ਪੁੱਜੇ ਸੰਗਤ ਸਹਾਰਾ ਦੇ ਵਰਕਰ ਸਿਕੰਦਰ ਕੁਮਾਰ ਮਛਾਣਾ, ਅਤੇ ਸੜਕ ਸੁਰੱਖਿਆਂ ਦੇ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਨੇ ਜ਼ਖ਼ਮੀ ਹੋਏ ਨੌਜਵਾਨਾਂ ਨੂੰ ਗੱਡੀ ਚੋਂ ਬਾਹਰ ਕੱਢ ਕੇ ਇਲਾਜ਼ ਲਈ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ । ਜਿਥੇ ਇਹ ਨੌਜਵਾਨ ਇਲਾਜ਼ ਸਮੇਂ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਦਮ ਤੋੜ ਗਏ ਅਤੇ ਹਸਪਤਾਲ ਦੇ ਡਾਕਟਰਾਂ ਵੱਲੋਂ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਸਥਾਨ ਤੇ ਜਾਂਚ ਲਈ ਪੁੱਜੇ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਹਾਦਸਾ ਸੰਘਣੀ ਧੁੰਦ ਕਾਰਨ ਸੜਕ ਵਿਚਕਾਰ ਬਣੇ ਡਿਵਾਈਡਰ ਚ ਗੱਡੀ ਟਕਰਾਉਣ ਨਾਲ ਵਾਪਰਿਆ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਜਨਕਸਿਨ ਵਾਨਾਜੀਵਗੇਲਾ ਪੁੱਤਰ ਵਾਨਾ ਜੀ ਵਗੇਲਾ,ਅਮਿਤਾਬਨ ਮਹਿਲਾ ਪੁਲਿਸ ਕਾਂਸਟੇਬਲ ,ਅਰਜਨ, ਸਤੀਸ਼ , ਭਰਤ, ਜ਼ਿਲ੍ਹਾ ਵਿਨਾਸ਼ਖਾਤਾ ਗੁਜਰਾਤ ਵਜੋਂ ਹੋਈ ਹੈ। ਉਨ੍ਹਾ ਦੱਸਿਆ ਕਿ ਇਨ੍ਹਾਂ ਦੇ ਵਾਰਸਾਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਜਿਨ੍ਹਾਂ ਦੇ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।