ਸ਼ਤਕ ਟ੍ਰੇਲਰ ਲਾਂਚ: ਸੰਘ ਦੇ 100 ਸਾਲਾਂ ਦੀ ਅਣਕਹੀ ਕਹਾਣੀ ‘ਤੇ ਨਵੀਂ ਰੌਸ਼ਨੀ
ਮੁੰਬਈ, 17 ਜਨਵਰੀ 2026: ਰਾਸ਼ਟਰੀ ਸਵੈਯੰਸੇਵਕ ਸੰਘ (RSS) ‘ਤੇ ਆਧਾਰਿਤ ਬਹੁਤ ਉਡੀਕ ਕੀਤੀ ਜਾ ਰਹੀ ਫ਼ਿਲਮ ਸ਼ਤਕ: ਸੰਘ ਦੇ 100 ਸਾਲ ਦਾ ਟ੍ਰੇਲਰ ਅੱਜ ਮੁੰਬਈ ਵਿੱਚ ਲਾਂਚ ਕੀਤਾ ਗਿਆ। ਟ੍ਰੇਲਰ ਨੂੰ ਸੰਘ ਦੇ ਵਰਿਸ਼ਠ ਪ੍ਰਚਾਰਕ ਅਤੇ ਅਖਿਲ ਭਾਰਤੀ ਕਾਰਯਕਾਰੀ ਮੰਡਲ ਦੇ ਮੈਂਬਰ ਡਾ. ਮਨਮੋਹਨ ਜੀ ਵੈਦਿਆ ਵੱਲੋਂ ਵਿਸ਼ੇਸ਼ ਮਹਿਮਾਨਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ। ਇਹ ਸਮਾਗਮ ਸੰਘ ਦੇ ਸ਼ਤਾਬਦੀ ਸਾਲ ਵਿੱਚ ਇੱਕ ਮਹੱਤਵਪੂਰਨ ਮੌਕਾ ਮੰਨਿਆ ਜਾ ਰਿਹਾ ਹੈ।
ਟ੍ਰੇਲਰ ਲਾਂਚ ਤੋਂ ਪਹਿਲਾਂ ਚੁਣਿੰਦਾ ਮੀਡੀਆ ਲਈ ਇੱਕ ਵਿਸ਼ੇਸ਼ ਪ੍ਰੀਵਿਊ ਦਾ ਆਯੋਜਨ ਕੀਤਾ ਗਿਆ, ਜਿੱਥੇ ਫ਼ਿਲਮ ਦੀ ਸੋਚ, ਸੰਦਰਭ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ ਗਈ। ਸਾਲ 2025 ਵਿੱਚ ਸੰਘ ਦੇ 100 ਸਾਲ ਪੂਰੇ ਹੋਣ ਦੇ ਸੰਦਰਭ ਵਿੱਚ ਬਣੀ ਸ਼ਤਕ ਇਤਿਹਾਸ, ਵਿਚਾਰ ਅਤੇ ਸੰਗਠਨਾਤਮਕ ਯਾਤਰਾ ਨੂੰ ਸੰਤੁਲਿਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਫ਼ਿਲਮ ਸਿਰਫ਼ ਧਾਰਣਾਵਾਂ ਤੱਕ ਸੀਮਿਤ ਨਾ ਰਹਿ ਕੇ ਉਹਨਾਂ ਪੱਖਾਂ ਨੂੰ ਸਾਹਮਣੇ ਲਿਆਉਂਦੀ ਹੈ, ਜਿਨ੍ਹਾਂ ‘ਤੇ ਪਹਿਲਾਂ ਘੱਟ ਗੱਲ ਹੋਈ ਹੈ।
ਟ੍ਰੇਲਰ ਸੰਘ ਨਾਲ ਜੁੜੇ ਮਿਥਕਾਂ ਅਤੇ ਭਰਮਾਂ ਨੂੰ ਚੁਣੌਤੀ ਦਿੰਦਾ ਹੈ ਅਤੇ ਵੱਖ-ਵੱਖ ਦੌਰਾਂ ਵਿੱਚ ਲੱਗੀਆਂ ਪਾਬੰਦੀਆਂ, ਆਜ਼ਾਦੀ ਦੀ ਲੜਾਈ ਸਮੇਂ ਦੀ ਭੂਮਿਕਾ ਅਤੇ ਐਮਰਜੈਂਸੀ ਵਰਗੇ ਸੰਵੇਦਨਸ਼ੀਲ ਦੌਰਾਂ ਨੂੰ ਸੰਦਰਭ ਸਮੇਤ ਪੇਸ਼ ਕਰਨ ਦਾ ਸੰਕੇਤ ਦਿੰਦਾ ਹੈ। ਡਾ. ਮਨਮੋਹਨ ਜੀ ਵੈਦਿਆ ਵੱਲੋਂ ਟ੍ਰੇਲਰ ਲਾਂਚ ਕੀਤਾ ਜਾਣਾ ਫ਼ਿਲਮ ਦੀ ਗੰਭੀਰਤਾ ਅਤੇ ਤੱਥਾਂ ਨਾਲ ਜੁੜੇ ਰਹਿਣ ਦੇ ਇਰਾਦੇ ਨੂੰ ਦਰਸਾਉਂਦਾ ਹੈ। ਫ਼ਿਲਮ ਦਾ ਨਿਰਮਾਣ ਵੀਰ ਕਪੂਰ ਨੇ ਕੀਤਾ ਹੈ, ਸਹਿ-ਨਿਰਮਾਤਾ ਆਸ਼ੀਸ਼ ਤਿਵਾਰੀ ਹਨ ਅਤੇ ਇਸਨੂੰ ਆਦਾ 360 ਡਿਗਰੀ ਐੱਲਐੱਲਪੀ ਵੱਲੋਂ ਪੇਸ਼ ਕੀਤਾ ਗਿਆ ਹੈ। ਸ਼ਤਕ ਸੰਘ ਦੇ ਉਹ ਅਣਕਹੇ ਪੱਖ ਸਾਹਮਣੇ ਲਿਆਉਂਦੀ ਹੈ, ਜਿਨ੍ਹਾਂ ਨੇ ਸੰਗਠਨ ਦੀ ਪਹਿਚਾਣ ਬਣਾਈ। ਟ੍ਰੇਲਰ ਦਰਸ਼ਕਾਂ ਨੂੰ ਜਾਣੀਆਂ-ਪਛਾਣੀਆਂ ਸੁਰਖੀਆਂ ਤੋਂ ਅੱਗੇ ਸੋਚਣ ਲਈ ਪ੍ਰੇਰਿਤ ਕਰਦਾ ਹੈ।
ਫ਼ਿਲਮ ਬਾਰੇ ਗੱਲ ਕਰਦਿਆਂ ਡਾ. ਮਨਮੋਹਨ ਜੀ ਵੈਦਿਆ ਨੇ ਕਿਹਾ, “ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਫ਼ਿਲਮ ਸ਼ਤਕ ਦੇ ਮਾਧਿਅਮ ਰਾਹੀਂ ਸੰਘ ਨਾਲ ਜੁੜੀ ਜਾਣਕਾਰੀ ਸਮਾਜ ਤੱਕ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੇਗੀ। ਇੱਕ ਸਮਾਜਿਕ ਚਿੰਤਕ ਨੇ ਕਿਹਾ ਸੀ ਕਿ 1875 ਤੋਂ 1950 ਦਰਮਿਆਨ ਭਾਰਤ ਵਿੱਚ ਸ਼ੁਰੂ ਹੋਏ ਸਾਰੇ ਆੰਦੋਲਨਾਂ ਵਿੱਚੋਂ ਕੇਵਲ ਸੰਘ ਹੀ ਐਸਾ ਰਿਹਾ ਜੋ ਬਿਨਾਂ ਟੁੱਟੇ ਲਗਾਤਾਰ ਅੱਗੇ ਵਧਦਾ ਰਿਹਾ। ਇਹੀ ਨਿਰੰਤਰਤਾ, ਵਿਸਥਾਰ ਅਤੇ ਪ੍ਰਾਸੰਗਿਕਤਾ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਫ਼ਿਲਮ ਦੀ ਟੈਗਲਾਈਨ ‘ਨਾ ਰੁਕੇ, ਨਾ ਥਕੇ, ਨਾ ਝੁਕੇ’ ਇਸੀ ਭਾਵਨਾ ਨੂੰ ਦਰਸਾਉਂਦੀ ਹੈ। ਇਸ ਪੂਰੀ ਯਾਤਰਾ ਦੀ ਮਜ਼ਬੂਤ ਜੜ੍ਹ ਸੰਘ ਦੇ ਸਥਾਪਕ ਡਾ. ਹੇਡਗੇਵਾਰ ਦੀ ਦੂਰਦਰਸ਼ਤਾ ਰਹੀ ਹੈ। ਸਿਨੇਮਾ ਦਿਲ ਅਤੇ ਦਿਮਾਗ ਦੋਵਾਂ ਨੂੰ ਛੂਹਣ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਮਾਧਿਅਮ ਰਾਹੀਂ ਸੰਘ ਦੀ ਕਹਾਣੀ ਕਹਿਣਾ ਵਾਕਈ ਸਰਾਹਣਯੋਗ ਹੈ।”
ਨਿਰਦੇਸ਼ਕ ਆਸ਼ੀਸ਼ ਮੱਲ ਨੇ ਕਿਹਾ, “ਇਹ ਫ਼ਿਲਮ ਮੇਰੇ ਲਈ ਬਹੁਤ ਨਿੱਜੀ ਹੈ। ਮੇਰਾ ਮੰਨਣਾ ਹੈ ਕਿ ਕੁਝ ਕਹਾਣੀਆਂ ਤੁਹਾਨੂੰ ਚੁਣ ਲੈਂਦੀਆਂ ਹਨ ਅਤੇ ਸ਼ਤਕ ਨੇ ਮੈਨੂੰ ਚੁਣਿਆ। ਰਿਸਰਚ ਅਤੇ ਮਾਰਗਦਰਸ਼ਨ ਦੇ ਮਹੀਨਿਆਂ ਦੌਰਾਨ, ਰਾਜਨੀਤਿਕ ਸਮਝ ਹੋਣ ਦੇ ਬਾਵਜੂਦ, ਮੈਨੂੰ ਸੰਘ ਨਾਲ ਜੁੜੇ ਕਈ ਨਵੇਂ ਪੱਖ ਜਾਣਨ ਨੂੰ ਮਿਲੇ। ਸਾਨੂੰ ਅਹਿਸਾਸ ਹੋਇਆ ਕਿ ਸਮਾਜ ਵਿੱਚ ਕਿੰਨੀਆਂ ਗਲਤਫ਼ਹਿਮੀਆਂ ਅਤੇ ਅਫ਼ਵਾਹਾਂ ਫੈਲੀਆਂ ਹੋਈਆਂ ਹਨ। ਉਨ੍ਹਾਂ ਨੂੰ ਇਮਾਨਦਾਰੀ ਨਾਲ ਸਾਹਮਣੇ ਲਿਆਉਣਾ ਜ਼ਰੂਰੀ ਸੀ। ਇਹ ਫ਼ਿਲਮ ਇੱਕ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ, ਜਿਸਦਾ ਫ਼ੈਸਲਾ ਅਸੀਂ ਦਰਸ਼ਕਾਂ ‘ਤੇ ਛੱਡਦੇ ਹਾਂ।”
ਨਿਰਮਾਤਾ ਵੀਰ ਕਪੂਰ ਨੇ ਕਿਹਾ, “ਰਚਨਹਾਰ ਅਤੇ ਵਿਚਾਰਕ ਸਦਾ ਤੋਂ ਰਹੇ ਹਨ, ਅੱਜ ਵੀ ਹਨ ਅਤੇ ਭਵਿੱਖ ਵਿੱਚ ਵੀ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ। ਸਾਡੇ ਲੇਖਕਾਂ ਨੇ ਕਿਤਾਬਾਂ ਅਤੇ ਉਪਲਬਧ ਸਾਹਿਤ ਦੇ ਆਧਾਰ ‘ਤੇ ਇਸ ਫ਼ਿਲਮ ਦੀ ਕਹਾਣੀ ਤਿਆਰ ਕੀਤੀ ਹੈ। ਅਸੀਂ ਇਨ੍ਹਾਂ ਵਿਚਾਰਾਂ ਨੂੰ ਮੋਤੀਆਂ ਵਾਂਗ ਇੱਕ ਧਾਗੇ ਵਿੱਚ ਪਿਰੋ ਕੇ ਸਿਨੇਮਾਈ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਫ਼ਿਲਮ ਉਸੀ ਸਾਂਝੇ ਯਤਨ ਦਾ ਨਤੀਜਾ ਹੈ।”
ਸ਼ਾਨਦਾਰ ਦ੍ਰਿਸ਼ਾਂ, ਪ੍ਰਭਾਵਸ਼ਾਲੀ ਸੰਗੀਤ ਅਤੇ ਮਜ਼ਬੂਤ ਕਹਾਣੀ ਨਾਲ ਸਜੀ ਸ਼ਤਕ, ਅਨਿਲ ਡੀ ਅਗਰਵਾਲ ਦੀ ਪਰਿਕਲਪਨਾ ‘ਤੇ ਆਧਾਰਿਤ ਅਤੇ ਆਸ਼ੀਸ਼ ਮੱਲ ਵੱਲੋਂ ਨਿਰਦੇਸ਼ਿਤ ਹੈ। ਇਹ ਫ਼ਿਲਮ 19 ਫ਼ਰਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਟ੍ਰੇਲਰ ਇੱਕ ਐਸੇ ਵਿਚਾਰ ਵੱਲ ਇਸ਼ਾਰਾ ਕਰਦਾ ਹੈ ਜੋ ਸੌ ਸਾਲਾਂ ਤੋਂ ਭਾਰਤ ਦੀ ਸਮਕਾਲੀ ਯਾਤਰਾ ਨੂੰ ਪ੍ਰਭਾਵਿਤ ਕਰਦਾ ਆ ਰਿਹਾ ਹੈ।