ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸਜਾਇਆ ਸ਼ਹੀਦੀ ਨਗਰ ਕੀਰਤਨ - ਪ੍ਰਮੁੱਖ ਸ਼ਖਸੀਅਤਾਂ ਸਮੇਤ ਲੱਖਾਂ ਸੰਗਤਾਂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਕੀਤਾ ਸਤਿਕਾਰ ਭੇਟ
ਸ੍ਰੀ ਫ਼ਤਹਿਗੜ੍ਹ ਸਾਹਿਬ, 27 ਦਸੰਬਰ-
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਸ਼ਹੀਦੀ ਸਭਾ ਦੌਰਾਨ ਅੱਜ ਲੱਖਾਂ ਸੰਗਤਾਂ ਨੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਪੁਰਾਤਨ ਪਰੰਪਰਾ ਅਨੁਸਾਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਜਪੁਜੀ ਸਾਹਿਬ ਦੇ ਪਾਠ ਮਗਰੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪਹੁੰਚ ਕੇ ਕੀਰਤਨ ਸੋਹਿਲੇ ਦੇ ਪਾਠ ਉਪਰੰਤ ਅਰਦਾਸ ਨਾਲ ਸੰਪੂਰਨ ਹੋਇਆ। ਨਗਰ ਕੀਰਤਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਦਲ ਬਾਬਾ ਬਿਧੀ ਚੰਦ ਸੰਪ੍ਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ।
ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਅਤੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਜੀਵਨ ਇਤਿਹਾਸ ਸਬੰਧੀ ਵਿਚਾਰ ਕੀਤੀ। ਇਸ ਦੌਰਾਨ ਸੰਗਤੀ ਰੂਪ ਵਿਚ ਜਪੁ ਜੀ ਸਾਹਿਬ ਦੇ ਪਾਠ ਮਗਰੋਂ ਗਿਆਨੀ ਹਰਪਾਲ ਸਿੰਘ ਨੇ ਅਰਦਾਸ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਸਰਵਣ ਕਰਵਾਇਆ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ।
ਨਗਰ ਕੀਰਤਨ ਵਿਚ ਵੱਖ-ਵੱਖ ਗੱਤਕਾ ਅਖਾੜਿਆਂ ਨੇ ਸਿੱਖ ਮਾਰਸ਼ਲ ਆਰਟ ਗਤਕਾ ਦੇ ਜੰਗਜੂ ਜੌਹਰ ਦਿਖਾਉਂਦਿਆਂ ਸਾਹਿਬਜ਼ਾਦਿਆਂ ਨੂੰ ਸਤਿਕਾਰ ਭੇਟ ਕੀਤਾ ਅਤੇ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਅਤੇ ਸਭਾ-ਸੁਸਾਇਟੀਆਂ ਵੱਲੋਂ ਜਿਥੇ ਭਰਵਾਂ ਸਵਾਗਤ ਕੀਤਾ ਗਿਆ, ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਨਗਰ ਕੀਰਤਨ ਦੌਰਾਨ ਜਿੱਥੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਉਥੇ ਸੰਗਤੀ ਰੂਪ ਵਿਚ ਗੁਰਮੰਤਰ ਤੇ ਮੂਲਮੰਤਰ ਦਾ ਜਾਪ ਕਰਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕੀਤਾ ਗਿਆ।
ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ, ਜਿਸ ਦੀ ਸਮਾਪਤੀ ਸਮੇਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸਜਾਏ ਗਏ ਗੁਰਮਤਿ ਸਮਾਗਮ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਸੋਹਿਲਾ ਸਾਹਿਬ ਦਾ ਪਾਠ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਕੀਤਾ ਅਤੇ ਸਮਾਪਤੀ ਦੀ ਅਰਦਾਸ ਗਿਆਨੀ ਹਰਪਾਲ ਸਿੰਘ ਨੇ ਕੀਤੀ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਸਾਬਤ ਸੂਰਤ ਅਤੇ ਬਾਣੀ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਕੂਮਤ ਸਮਝਦੀ ਸੀ ਕਿ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਸਿੱਖੀ ਦੀ ਗੱਲ ਮੁਕ ਗਈ ਪਰ ਉਹ ਇਹ ਨਹੀਂ ਸਮਝੇ ਕਿ ਸਰੀਰਾਂ ਨੂੰ ਤਾਂ ਖ਼ਤਮ ਕੀਤਾ ਜਾ ਸਕਦਾ, ਪਰ ਸਿੱਖੀ ਸੋਚ ਨੂੰ ਨਹੀਂ। ਖਾਲਸਾ ਪੰਥ ਦੇ ਇਹ ਵੱਡੇ ਇਕੱਠ ਦਰਸਾਉਂਦੇ ਹਨ ਕਿ ਸਾਹਿਬਜ਼ਾਦਿਆਂ ਪ੍ਰਤੀ ਸਿੱਖਾਂ ਦੇ ਮਨਾਂ ਅੰਦਰ ਕਿੱਡਾ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਹਕੂਮਤਾਂ ਹਮੇਸ਼ਾ ਹੀ ਸਿੱਖੀ ਨੂੰ ਜ਼ਜ਼ਬ ਕਰਨ ਦੀ ਲਾਲਸਾ ਰਖਦੀਆਂ ਰਹੀਆਂ ਹਨ, ਪ੍ਰੰਤੂ ਪੰਥ ਹਮੇਸ਼ਾ ਚੜ੍ਹਦੀ ਕਲਾ ਵਿਚ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਗੁਰਧਾਮ ਸਿੱਖ ਦੀ ਆਸਥਾ ਦਾ ਕੇਂਦਰ ਹਨ ਜਿਨ੍ਹਾਂ ਦਾ ਪ੍ਰਬੰਧ ਹਮੇਸ਼ਾ ਪੰਥ ਕੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਥ ਆਪਣੇ ਫੈਸਲੇ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ। ਉਨ੍ਹਾਂ ਸਮੁੱਚੇ ਪੰਥ ਨੂੰ ਹਕੂਮਤਾਂ ਵੱਲੋਂ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਹਨ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਪੂਰੇ ਪੰਜਾਬ ਅੰਦਰ ਨਸਾ ਬੰਦੀ ਹੋਏ। ਉਨ੍ਹਾਂ ਸਰਕਾਰ ਨੂੰ ਵੀ ਸੰਗਤਾਂ ਦੀਆਂ ਭਾਵਨਾਵਾਂ ਸਮਝਣ ਲਈ ਆਖਿਆ।
ਨਗਰ ਕੀਰਤਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ, ਸ. ਦਲਜੀਤ ਸਿੰਘ ਭਿੰਡਰ, ਸ. ਬਲਦੇਵ ਸਿੰਘ ਕਾਇਮਪੁਰ, ਮੈਂਬਰ ਸ. ਅਵਤਾਰ ਸਿੰਘ ਰਿਆ, ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਸ. ਕੇਵਲ ਸਿੰਘ ਬਾਦਲ, ਸ. ਹਰਪਾਲ ਸਿੰਘ ਜੱਲ੍ਹਾ, ਸ. ਅਜਮੇਰ ਸਿੰਘ ਖੇੜਾ, ਸ. ਸਤਵਿੰਦਰ ਸਿੰਘ ਟੌਹੜਾ, ਸ. ਅੰਮ੍ਰਿਤਪਾਲ ਸਿੰਘ ਕੁਲਾਰ, ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ, ਮੈਂਬਰ ਪਾਰਲੀਮੈਂਟ ਸ. ਅਮਰ ਸਿੰਘ, ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ, ਬਾਬਾ ਸੁਖਦੇਵ ਸਿੰਘ ਬੁਲਾਰਾ ਦਮਦਮੀ ਟਕਸਾਲ, ਗਿਆਨੀ ਪ੍ਰਣਾਮ ਸਿੰਘ, ਮੀਤ ਸਕੱਤਰ ਸ. ਗੁਰਨਾਮ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਬਾਬਾ ਗੁਰਦੇਵ ਸਿੰਘ, ਸਾਬਕਾ ਸਕੱਤਰ ਸ. ਦਿਲਮੇਘ ਸਿੰਘ, ਸ. ਅਵਤਾਰ ਸਿੰਘ ਸੈਂਪਲਾ, ਇੰਚਾਰਜ ਸ. ਸਿਮਰਜੀਤ ਸਿੰਘ ਕੰਗ, ਚੀਫ ਸ. ਜਗਦੀਸ਼ ਸਿੰਘ ਬੁੱਟਰ, ਮੈਨੇਜਰ ਸ. ਗੁਰਦੀਪ ਸਿੰਘ ਕੰਗ, ਸ. ਮਲਕੀਤ ਸਿੰਘ, ਸ. ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਸ. ਰਾਜਿੰਦਰਪਾਲ ਸਿੰਘ ਟੌਹੜਾ, ਸ. ਗੁਰਪ੍ਰੀਤ ਸਿੰਘ ਮੱਲੇਵਾਲ, ਸ. ਅਵਤਾਰ ਸਿੰਘ ਆਦਿ ਹਾਜ਼ਰ ਸਨ।