ਦਿੱਲੀ ਵਿਖੇ ਸ਼ਤਾਬਦੀ ਸਮਾਗਮਾਂ ਦੌਰਾਨ ਦਮਦਮੀ ਟਕਸਾਲ ਦੀਆਂ ਸੇਵਾਵਾਂ ਰਹੀਆਂ ਅਹਿਮ, ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਵਿਸ਼ੇਸ਼ ਸਨਮਾਨ
ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ ਰਾਜਾ)
ਨੌਵੀਂ ਪਾਤਸ਼ਾਹੀ ‘ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ ,ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ 350 ਸਾਲਾ ਗੁਰਤਾ ਗੱਦੀ ਸ਼ਤਾਬਦੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿਖੇ ਵਿਸ਼ਾਲ ਪੱਧਰ ‘ਤੇ ਮਨਾਇਆ ਗਿਆ,ਜਿਸ ਦੌਰਾਨ ਕਰਾਏ ਗਏ ਸ਼ਤਾਬਦੀ ਸਮਾਗਮਾਂ ‘ਚ ਦਮਦਮੀ ਟਕਸਾਲ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੀ ਅਗਵਾਈ ਹੇਠ ਦਮਦਮੀ ਟਕਸਾਲ ਵੱਲੋਂ ਸਮਾਗਮਾਂ ਅੰਦਰ ਅਹਿਮ ਸੇਵਾਵਾਂ ਨਿਭਾਈਆ ਗਈਆਂ।ਦਿੱਲੀ ਕਮੇਟੀ ਵੱਲੋਂ ਵਿਸ਼ੇਸ਼ ਸੱਦੇ ‘ਤੇ ਇੰਨ੍ਹਾਂ ਸ਼ਤਾਬਦੀ ਸਮਾਗਮਾਂ ‘ਚ ਸ਼ਾਮਿਲ ਹੋਏ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਆਰੰਭਤਾ ਤੋਂ ਸੰਪੂਰਨਤਾ ਤੱਕ ਆਪਣੀ ਹਾਜ਼ਰੀ ਬਣਾ ਕੇ ਰੱਖੀ ਤੇ ਸ਼ਤਾਬਦੀ ਸਮਾਗਮਾਂ ਦੀ ਪੂਰਨ ਕਾਮਯਾਬੀ ਲਈ ਦਿੱਲੀ ਕਮੇਟੀ ਦਾ ਹਰ ਪੱਖੋਂ ਆਪਣਾ ਸਹਿਯੋਗ ਦਿੱਤਾ। ਦਿੱਲੀ ਕਮੇਟੀ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਵਿਸ਼ੇਸ਼ ਸੇਵਾਵਾਂ ਸੌਂਪੀਆਂ ਗਈਆਂ,ਜਿਸ ਦੇ ਚੱਲਦਿਆਂ ਉਨ੍ਹਾਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ 21 ਤੋਂ 24 ਨਵੰਬਰ ਤੱਕ ਦੁਪਹਿਰ 3 ਤੋਂ ਲੈ ਕੇ 4 ਵਜੇ ਤੱਕ ਗੁਰ ਇਤਿਹਾਸ ਦੀ ਲੜੀਵਾਰ ਕਥਾ ਕੀਤੇ ਜਾਣ ਤੋ ਇਲਾਵਾ 24 ਤੇ 25 ਨਵੰਬਰ ਨੂੰ ਲਾਲ ਕਿਲ੍ਹੇ ਵਿਖੇ ਹੋਏ ਵਿਸ਼ਾਲ ਸਮਾਗਮਾਂ ਅੰਦਰ ਵੀ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।ਇਸਦੇ ਨਾਲ ਹੀ ਸ਼ਹੀਦੀ ਦਿਵਸ ਮੌਕੇ 25 ਨਵੰਬਰ ਨੂੰ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਪੀਲ ‘ਤੇ ਲੱਖਾਂ ਦੀ ਗਿਣਤੀ ‘ਚ ਹਾਜ਼ਰ ਸੰਗਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮੇਂ 12 ਤੋਂ 12.30 ਵਜੇ ਤੱਕ ਸੰਗਤੀ ਰੂਪ ‘ਚ ਜਪੁਜੀ ਸਾਹਿਬ ਦੇ ਪਾਠ ਕੀਤੇ ਅਤੇ ਉਪਰੰਤ 12.30 ਤੋਂ 2.30 ਵਜੇ ਤੱਕ ਗੁਰੂ ਸਾਹਿਬ ਦੇ ਸ਼ਹੀਦੀ ਪ੍ਰਸੰਗ ਦੀ ਕਥਾ ਕੀਤੀ l ਦਮਦਮੀ ਟਕਸਾਲ ਵੱਲੋਂ ਸ਼ਤਾਬਦੀ ਸਮਾਗਮਾਂ ਦੌਰਾਨ ਨਿਭਾਈਆਂ ਗਈਆਂ ਵਢਮੁੱਲੀਆਂ ਸੇਵਾਵਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ,ਜਰਨਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਜਸਪ੍ਰੀਤ ਸਿੰਘ ਕਰਮਸਾਰ ਨੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਕਿਹਾ ਕਿ ਦਮਦਮੀ ਟਕਸਾਲ ਦੀ ਪੰਥਕ ਕਾਰਜਾਂ ‘ਚ ਹਰ ਸਮੇਂ ਸਕਾਰਤਮਕ ਤੇ ਮਹੱਤਵਪੂਰਨ ਭੂਮਿਕਾ ਰਹੀ ਹੈ ਤੇ ਨਿਰਸਵਾਰਥ ਹੋ ਕੇ ਆਪਣੀ ਸੇਵਾਵਾਂ ਦਿੱਤੀਆ ਹਨ।ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਅੰਦਰ ਧਰਮ ਦੇ ਪ੍ਰਸਾਰ ਤੇ ਪ੍ਰਚਾਰ ਦੇ ਨਾਲ ਨਾਲ ਪੰਥ ਪ੍ਰਤੀ ਸੇਵਾਵਾਂ ਦੇਣ ‘ਚ ਦਮਦਮੀ ਟਕਸਾਲ ਦਾ ਰੋਲ ਹਮੇਸ਼ਾ ਸ਼ਲਾਘਾਯੌਗ ਰਿਹਾ ਹੈ। ਇੰਨ੍ਹਾਂ ਸ਼ਤਾਬਦੀ ਸਮਾਗਮਾਂ ਦੌਰਾਨ ਦਮਦਮੀ ਟਕਸਾਲ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਮੁੱਖ ਲੰਗਰ ਹਾਲ ਅੰਦਰ ਲਗਾਤਾਰ ਪੰਜ ਰੋਜ਼ ਦੇਸੀ ਘਿੳੇੁ ਦੇ ਲੰਗਰਾਂ ਦੀ ਸੇਵਾ ਨਿਭਾਈ ਗਈ,ਜਦਕਿ 26 ਨਵੰਬਰ ਨੂੰ ਗੁਰਦੁਆਰਾ ਰਕਾਬਗੰਜ਼ ਸਾਹਿਬ ਵਿਖੇ ਸ਼ਤਾਬਦੀ ਸਮਾਗਮ ਦੌਰਾਨ ਲੰਗਰ ਲਗਾਏ ਗਏ।ਦਮਦਮੀ ਟਕਸਾਲ ਵੱਲੋਂ ਚਲਾਏ ਗਏ ਇੰਨ੍ਹਾਂ ਲੰਗਰਾਂ ਅੰਦਰ ਦਿੱਲੀ ਦੀਆਂ ਬੇਅੰਤ ਸੰਗਤਾਂ ਨੇ ਪੂਰੇ ਤਨ-ਮਨ ਨਾਲ ਸੇਵਾ ਨਿਭਾਈਗਈ।ਇਸ ਮੌਕੇ ਗਿਆਨੀ ਪਿੰਦਰਪਾਲ ਸਿੰਘ ਤੇ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਆਦਿ ਪੰਥਕ ਸ਼ਖਸ਼ੀਅਤਾਂ ਤੋਂ ਇਲਾਵਾ ਭਾਈ ਨਰਿੰਦਰ ਸਿੰਘ ਕੈਨੇਡਾ ਵਾਲੇ ,ਗਿਆਨੀ ਗੁਰਦੀਪ ਸਿੰਘ ਜੀ ਇੰਗਲੈਂਡ ਵਾਲੇ ,ਭਾਈ ਪਰਵਿੰਦਰ ਸਿੰਘ ਅਮਰੀਕਾ ,ਭਾਈ ਅਮਨਦੀਪ ਸਿੰਘ ਸਮੈਦਕ ,ਭਾਈ ਦਇਆ ਸਿੰਘ ਬਰਮਿੰਗਮ ਆਦਿ ਨੇ ਵੀ ਲੰਗਰਾਂ ‘ਚ ਹਾਜ਼ਰੀ ਭਰੀ॥