24 ਦਿਨਾਂ ਦਾ ਸੰਘਰਸ਼ ਫਲੋਪ ਸ਼ੋਅ ਹੋ ਨਿਬੜਿਆ; ਨਗਰ ਕੌਂਸਲ ਅੱਗੇ 'ਹਾਰ' ਮੰਨ ਕੇ ਚੁੱਕਿਆ ਧਰਨਾ
ਕੂੜਾ ਡੰਪ ਹਟਾਉਣ ਦੀ ਬਜਾਏ ਹੋਇਆ 'ਪੱਕਾ'
ਜਗਰਾਉਂ: (ਦੀਪਕ ਜੈਨ )- ਜਗਰਾਉਂ ਦੇ ਡਿਸਪੋਜ਼ਲ ਰੋਡ 'ਤੇ ਸਥਿਤ ਕੂੜੇ ਦੇ ਡੰਪ ਨੂੰ ਹਟਾਉਣ ਲਈ ਪਿਛਲੇ 24 ਦਿਨਾਂ ਤੋਂ ਚੱਲ ਰਿਹਾ ਲੰਬਾ ਸੰਘਰਸ਼ ਅੱਜ ਬੇਨਤੀਜਾ ਰਹਿਣ ਤੋਂ ਬਾਅਦ ਸਮਾਪਤ ਹੋ ਗਿਆ ਹੈ। ਖਵਾਜਾ ਬਾਜੂ ਦੇ ਸਰਪੰਚ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਲੱਗਾ ਇਹ ਧਰਨਾ ਨਗਰ ਕੌਂਸਲ ਅਧਿਕਾਰੀਆਂ ਦੇ ਸਿਰਫ਼ 'ਅਸ਼ਵਾਸਨ' 'ਤੇ ਹੀ ਚੁੱਕਿਆ ਗਿਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਆਖ਼ਰਕਾਰ ਪ੍ਰਸ਼ਾਸਨ ਅੱਗੇ ਧਰਨਾਕਾਰੀ ਹਾਰ ਗਏ। ਧਰਨੇ ਦੀ ਸਮਾਪਤੀ ਨੇ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਜਿਸ ਆਰਜ਼ੀ ਡੰਪ ਨੂੰ ਹਟਾਉਣ ਲਈ ਸੰਘਰਸ਼ ਵਿੱਢਿਆ ਗਿਆ ਸੀ, ਨਗਰ ਕੌਂਸਲ ਨਾਲ ਹੋਏ ਸਮਝੌਤੇ ਮੁਤਾਬਕ ਉਹ ਹੁਣ ਪੱਕਾ ਕਰ ਦਿੱਤਾ ਜਾਵੇਗਾ।
ਨਗਰ ਕੌਂਸਲ ਦੇ ਅਧਿਕਾਰੀਆਂ ਐਮ.ਈ. ਅਸ਼ੋਕ ਕੁਮਾਰ, ਏ.ਡੀ.ਸੀ. ਦੇ ਰੀਡਰ ਰਮਨਪ੍ਰੀਤ ਸਿੰਘ ਨੇ ਧਰਨਾਕਾਰੀਆਂ ਦੀਆਂ ਸ਼ਰਤਾਂ ਮੰਨਣ ਦੀ ਬਜਾਏ, ਸਿਰਫ਼ 'ਚਾਰਦੀਵਾਰੀ' ਕਰਨ ਦਾ "ਸਾਂਝਾ ਰਸਤਾ" ਕੱਢਿਆ। ਕੂੜਾ ਪਹਿਲਾਂ ਵਾਂਗ ਹੀ ਇੱਥੇ ਸੁੱਟਿਆ ਜਾਵੇਗਾ, ਪਰ ਨਾਲ-ਨਾਲ ਚੁੱਕਿਆ ਜਾਵੇਗਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਸਪੱਸ਼ਟ ਕੀਤਾ ਕਿ ਸਹਿਮਤੀ ਇਸ ਸ਼ਰਤ 'ਤੇ ਬਣੀ ਹੈ ਕਿ ਡੰਪ ਜਿਉਂ ਦਾ ਤਿਉਂ ਬਰਕਰਾਰ ਰਹੇਗਾ ਅਤੇ ਹੁਣ ਇੱਥੇ ਪੱਕਾ ਡੰਪ ਬਣਾਇਆ ਜਾਵੇਗਾ। ਸੰਘਰਸ਼ ਦੀ ਅਗਵਾਈ ਕਰ ਰਹੇ ਸਰਪੰਚ ਬਲਜਿੰਦਰ ਸਿੰਘ ਨੇ ਭਰੇ ਮਨ ਨਾਲ ਇਸ ਨੂੰ 'ਫਲੋਪ' ਕਰਾਰ ਦਿੱਤਾ ਹੈ। ਧਰਨਾ ਚੁੱਕਣ ਦੇ ਪਿੱਛੇ ਉਹਨਾਂ ਨੇ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਡੰਪ ਦੇ ਨੇੜਲੇ ਮੰਦਿਰਾਂ, ਡੇਰਿਆਂ ਅਤੇ ਸਕੂਲਾਂ ਤੋਂ ਉਹਨਾਂ ਦੇ ਵਾਅਦੇ ਅਨੁਸਾਰ ਉਮੀਦ ਮੁਤਾਬਕ ਸਾਥ ਨਹੀਂ ਮਿਲਿਆ ਦੂਜੇ ਪਾਸੇ ਮੌਸਮ ਬਦਲਣ ਕਾਰਨ ਖੁੱਲੇ ਆਸਮਾਨ ਦੇ ਹੇਠ ਠੰਢ ਵਧਣ ਕਾਰਨ ਅਤੇ ਕੂੜੇ ਬਦਬੂ ਨੇੜੇ ਬੈਠੇ ਧਰਨਾਕਾਰੀਆਂ ਦੇ ਬਿਮਾਰ ਹੋਣ ਦਾ ਖਤਰਾ ਵਧੀਆ ਵੱਧ ਗਿਆ ਸੀ।
ਉਹਨਾਂ ਕਿਹਾ ਕਿ ਧਰਨੇ 'ਤੇ ਕਰੀਬ ਡੇਢ ਲੱਖ ਨਕਦ ਖਰਚ ਹੋਇਆ ਅਤੇ ਧਰਨਾਕਾਰੀਆਂ ਦੀ ਜੇਕਰ ਦਿਹਾੜੀ ਜੋੜ ਕੇ ਹਿਸਾਬ ਲਗਾਇਆ ਜਾਵੇ ਤਾਂ ਕੁੱਲ 9 ਲੱਖ ਰੁਪਏ ਦਾ ਨੁਕਸਾਨ ਹੋਇਆ। ਉਹਨਾਂ ਇਹ ਵੀ ਡਰ ਪ੍ਰਗਟ ਕੀਤਾ ਕੀ ਸਫ਼ਾਈ ਸੇਵਕਾਂ ਨਾਲ ਕੂੜਾ ਸੁੱਟਣ ਨੂੰ ਲੈ ਕੇ ਰੋਜ਼ਾਨਾ ਹੁੰਦੀ ਤਿੱਖੀ ਨੋਕ-ਝੋਕ ਕਾਰਨ ਅਣਹੋਣੀ ਦਾ ਡਰ ਬਣਿਆ ਹੋਇਆ ਸੀ। ਭਾਵੇਂ ਸਰਪੰਚ ਨੇ ਪ੍ਰਸ਼ਾਸਨ ਨੂੰ 1 ਦਸੰਬਰ ਤੱਕ ਵਾਅਦੇ ਪੂਰੇ ਨਾ ਹੋਣ 'ਤੇ ਮੁੜ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ, ਪਰ ਇਸ ਧਰਨੇ ਵਿੱਚ ਸ਼ਾਮਿਲ ਹੋਏ ਸਿਆਸੀ ਆਗੂ ਪੁਰਸ਼ੋਤਮ ਲਾਲ ਖਲੀਫਾ, ਕੌਂਸਲਰ ਸਤੀਸ਼ ਕੁਮਾਰ ਪੱਪੂ , ਕਾਂਗਰਸੀ ਆਗੂ ਰਵਿੰਦਰ ਸੱਭਰਵਾਲ ਫੀਨਾ ਨੇ ਵੀ ਦੱਬੀ ਆਵਾਜ਼ ਵਿੱਚ ਇਸ ਨੂੰ 'ਫਲੋਪ' ਕਬੂਲਿਆ ਹੈ। ਜਦਕਿ ਮਹਿਲਾ ਕੌਂਸਲਰ ਸੁਧਾ ਭਾਰਦਵਾਜ਼ ਦੇ ਪਤੀ ਰਾਜ ਭਾਰਦਵਾਜ਼ ਨੇ ਕਿਹਾ ਕਿ ਅੱਜ ਉਹ ਧਰਨਾ ਖਤਮ ਕਰਨ ਸਮੇਂ ਉੱਥੇ ਮੌਜੂਦ ਨਹੀਂ ਸਨ ਪਰ ਉਹ ਇਸ ਨੂੰ ਫਲੋਪ ਸ਼ੋਅ ਨਹੀਂ ਮੰਨਦੇ। ਉਹਨਾਂ ਦਾ ਇਹ ਸਾਰਿਆਂ ਤੋਂ ਵੱਖਰਾ ਬਿਆਨ ਹੈਰਾਨ ਕਰਨ ਵਾਲਾ ਹੈ।
ਜਦਕਿ ਉਹ ਖੁਦ ਇਸ ਧਰਨੇ ਵਿੱਚ ਸ਼ਾਮਿਲ ਹੁੰਦਿਆਂ ਇਹ ਕਹਿ ਚੁੱਕੇ ਹਨ ਕਿ ਜਦ ਤੱਕ ਕੂੜਾ ਨਹੀਂ ਚੁੱਕਿਆ ਜਾਵੇਗਾ ਧਰਨਾ ਖਤਮ ਨਹੀਂ ਕੀਤਾ ਜਾਵੇਗਾ ਪਰ ਕੂੜਾ ਉਥੇ ਹੀ ਪਿਆ ਹੈ ਧਰਨਾ ਖਤਮ ਹੋ ਚੁੱਕਾ ਹੈ ਦੂਜੇ ਪਾਸੇ ਇਸ ਡੰਪ ਨੂੰ ਚੁਕਾਉਣ ਦੇ ਲਈ ਪਹਿਲਾਂ ਵੀ ਰਾਜ ਭਾਰਦਵਾਜ਼ ਆਪਣੇ ਸਾਥੀਆਂ ਸਮੇਤ ਡੰਪ ਤੋਂ ਕੂੜਾ ਚੁੱਕ ਕਮੇਟੀ ਅੱਗੇ ਸੁੱਟਣ ਤੋਂ ਇਲਾਵਾ ਧਰਨਾ ਪ੍ਰਦਰਸ਼ਨ ਕਰ ਵੀ ਸੰਘਰਸ਼ ਕਰ ਚੁੱਕੇ ਹਨ ਜੋ ਕਿ ਉਹਨਾਂ ਦੇ ਫਲੋਪ ਹੋਏ ਸੰਘਰਸ਼ਾਂ ਦੀ ਤਸਵੀਰ ਬਿਆਨ ਕਰਦਾ ਹੈ ਇੱਥੇ ਉਹਨਾਂ ਦਾ ਇਸ ਨੂੰ ਫਲੋਪ ਸ਼ੋਅ ਨਾ ਮੰਨਣਾ ਹੈਰਾਨ ਕਰਨ ਵਾਲਾ ਬਿਆਨ ਹੈ ਜਦਕਿ ਧਰਨੇ ਦੇ ਮੋਢੀ ਸਰਪੰਚ ਬਲਜਿੰਦਰ ਸਿੰਘ ਇਸ ਨੂੰ ਫਲੋਪ ਮੰਨ ਚੁੱਕੇ ਹਨ। ਲੋਕ ਸਵਾਲ ਕਰ ਰਹੇ ਹਨ ਕਿ 24 ਦਿਨਾਂ ਦੀ ਤਪੱਸਿਆ ਦਾ ਫਲ ਸਿਰਫ਼ ਆਰਜ਼ੀ ਡੰਪ ਨੂੰ ਪੱਕਾ ਬਣਵਾਉਣਾ ਹੀ ਸੀ? ਇਸ "ਸਮਝੌਤੇ" ਨੇ ਸਾਬਿਤ ਕਰ ਦਿੱਤਾ ਹੈ ਕਿ ਪ੍ਰਸ਼ਾਸਨ ਆਪਣੀਆਂ ਗਲਤੀਆਂ ਸੁਧਾਰਨ ਦੀ ਬਜਾਏ, ਲੋਕਾਂ ਦੇ ਸੰਘਰਸ਼ ਨੂੰ 'ਅਸ਼ਵਾਸਨਾਂ' ਦੇ ਬੋਝ ਹੇਠ ਦਬਾਉਣ ਵਿੱਚ ਸਫ਼ਲ ਹੋ ਗਿਆ ਹੈ।