ਓਵਰਲੋਡ ਤੇ ਓਵਰਸਾਈਜ਼ ਵਾਹਨਾਂ ‘ਤੇ ਲੁਧਿਆਣਾ ਟ੍ਰੈਫਿਕ ਪੁਲਿਸ ਦੀ ਵੱਡੀ ਕਾਰਵਾਈ
ਸੁਖਮਿੰਦਰ ਭੰਗੂ
ਲੁਧਿਆਣਾ 19ਨਵੰਬਰ 2025
ਸੜਕ ਸੁਰੱਖਿਆ ਅਤੇ ਟ੍ਰੈਫਿਕ ਅਨੁਸ਼ਾਸਨ ਨੂੰ ਮਜ਼ਬੂਤ ਕਰਨ ਲਈ, ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਓਵਰਲੋਡ ਵਾਹਨਾਂ ਅਤੇ ਲੰਬਾਈ-ਚੌੜਾਈ ਦੀ ਨਿਰਧਾਰਿਤ ਸੀਮਾ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਖ਼ਾਸ ਮੁਹਿੰਮ ਚਲਾਈ ਗਈ।
ਟ੍ਰੈਫਿਕ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਰੂਟਾਂ ‘ਤੇ ਸਖ਼ਤ ਚੈਕਿੰਗ ਕਰਦਿਆਂ ਉਹਨਾਂ ਵਾਹਨਾਂ ਦੀ ਨਿਗਰਾਨੀ ਕੀਤੀ ਜੋ ਨਿਰਧਾਰਤ ਲੋਡ ਸੀਮਾ ਤੋਂ ਵੱਧ ਚੱਲ ਰਹੇ ਸਨ ਜਾਂ ਵਾਹਨਾਂ ਦੀ ਲੰਬਾਈ-ਚੌੜਾਈ ਸੰਬੰਧੀ ਕਾਨੂੰਨ ਦੀ ਉਲੰਘਣਾ ਕਰ ਰਹੇ ਸਨ।
ਮੁਹਿੰਮ ਦੌਰਾਨ ਕੁੱਲ *52 ਚਲਾਨ* ਜ਼ਾਰੀ ਕੀਤੇ ਗਏ। ਟਰੱਕਾਂ, ਕਮਰਸ਼ੀਅਲ ਕੈਰੀਅਰਾਂ ਅਤੇ ਹੋਰ ਭਾਰੀ ਵਾਹਨਾਂ ਖ਼ਿਲਾਫ਼ ਮੋਟਰ ਵਹਿਕਲ ਐਕਟ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਗਈ।
ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ * ਸਵਪਨ ਸ਼ਰਮਾ (IPS)* ਨੇ ਕਿਹਾ ਕਿ ਓਵਰਲੋਡ ਅਤੇ ਓਵਰਸਾਈਜ਼ ਵਾਹਨ ਹੋਰ ਵਾਹਨ ਚਾਲਕਾਂ ਲਈ ਗੰਭੀਰ ਖ਼ਤਰਾ ਬਣਦੇ ਹਨ ਅਤੇ ਸੜਕਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਉਲੰਘਣਾਵਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਜਾਰੀ ਰਹੇਗਾ।
ਮੁਹਿੰਮ ਦੀ ਨਿਗਰਾਨੀ *ADCP ਟ੍ਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ (PPS)* ਨੇ ਕੀਤੀ। ਫ਼ੀਲਡ ਕਾਰਵਾਈ ਦੀ ਅਗਵਾਈ *ACP ਟ੍ਰੈਫਿਕ-1 ਜਤਿਨ ਬਾਂਸਲ (PPS)* ਅਤੇ *ACP ਟ੍ਰੈਫਿਕ-2 ਗੁਰਦੇਵ ਸਿੰਘ (PPS)* ਵੱਲੋਂ ਕੀਤੀ ਗਈ।
ਲੁਧਿਆਣਾ ਪੁਲਿਸ ਟ੍ਰਾਂਸਪੋਰਟਰਾਂ ਅਤੇ ਵਾਹਨ ਮਾਲਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਲੋਡ ਅਤੇ ਲੰਬਾਈ-ਚੌੜਾਈ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੜਕ ਸੁਰੱਖਿਆ ਅਤੇ ਟ੍ਰੈਫਿਕ ਦੀ ਸੁਚਾਰੂਤਾ ਵਿੱਚ ਯੋਗਦਾਨ ਪਾਉਣ |