ਅਮਰੀਕਾ ਰਹਿੰਦੇ ਸੀਨੀਅਰ ਪੱਤਰਕਾਰ ਹੁਸਨ ਲੜੋਆ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਨਮਾਨਿਤ
ਬੰਗਾ 19 ਨਵੰਬਰ 2025- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ੇਸ਼ ਤੌਰ ਪੁੱਜੇ ਅਮਰੀਕਾ ਵਾਸੀ ਸੀਨੀਅਰ ਪੱਤਰਕਾਰ ਸ੍ਰੀ ਹੁਸਨ ਲੜੋਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਦੀ ਇਹ ਰਸਮ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਅਦਾ ਕੀਤੀ । ਡਾ. ਢਾਹਾਂ ਨੇ ਉਹਨਾਂ ਦਾ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕਰਦੇ ਹੋਏ ਕਿਹਾ ਕਿ ਸ੍ਰੀ ਹੁਸਨ ਲੜੋਆ ਪ੍ਰਸਿੱਧ ਕੌਮਾਂਤਰੀ ਪੱਤਰਕਾਰ ਹਨ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਵਿਸ਼ੇਸ਼ ਸਹਿਯੋਗੀ ਹਨ । ਆਪ ਜੀ ਅਮਰੀਕਾ ਵਿਚ ਰਹਿੰਦੇ ਹੋਏ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ, ਪਸਾਰ ਅਤੇ ਸਮਾਜ ਸੇਵਾ ਲਈ ਕਾਰਜੀਸ਼ਲ ਰਹਿੰਦੇ ਹਨ ।
ਇਸ ਮੌਕੇ ਸ੍ਰੀ ਹੁਸਨ ਲੜੋਆ ਨੇ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰ ਦਾ ਸਨਮਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ ਅਤੇ ਮੌਜੂਦਾ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਹੇਠ ਚੱਲ ਰਹੀਆਂ ਵਿਦਿਅਕ ਅਤੇ ਮੈਡੀਕਲ ਸੇਵਾਵਾਂ ਦੀ ਭਾਰੀ ਸ਼ਲਾਘਾ ਕੀਤੀ । ਉਹਨਾਂ ਕਿਹਾ ਉਹ ਪਹਿਲਾਂ ਵਾਂਗ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਸੇਵਾਵਾਂ ਵਿਚ ਤਨ ਮਨ ਧੰਨ ਨਾਲ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸ. ਜਸਬੀਰ ਸਿੰਘ ਨੂਰਪੁਰ ਜ਼ਿਲ੍ਹਾ ਇੰਚਾਰਜ ਰੋਜ਼ਾਨਾ ਅਜੀਤ ਵੀ ਹਾਜ਼ਰ ਸਨ ।