Babushahi Special : ਬਠਿੰਡਾ ਨਹਿਰ ’ਚ ਸ਼ਨੀ ਟਾਲਣ ਲਈ ਸੁੱਟੇ ਸਮਾਨ ਦੀਆਂ ਤਾਰੀਆਂ ਤੋਂ ਮੁਫਤ ਮਿਲਣ ਬਿਮਾਰੀਆਂ
ਅਸ਼ੋਕ ਵਰਮਾ
ਬਠਿੰਡਾ, 19 ਨਵੰਬਰ 2025: ਵਹਿਮਾਂ ਭਰਮਾਂ ਦੇ ਪੱਟੇ ਲੋਕਾਂ ਵੱਲੋਂ ਬਠਿੰਡਾ ਨਹਿਰ ’ਚ ਤਾਰੀਆਂ ਜਾਂਦੀਆਂ ਭਾਂਤ ਭਾਂਤ ਦੇ ਸਮਾਨ ਅਤੇ ਮਰੇ ਕੁੱਤਿਆਂ ਅਤੇ ਚੂਹਿਆਂ ਨੇ ਮਨੁੱਖੀ ਜੀਵਨ ਲਈ ਵਰਦਾਨ ਮੰਨਿਆ ਜਾਂਦਾ ਪਾਣੀ ਜਹਿਰੀਲਾ ਬਣਾ ਦਿੱਤਾ ਹੈ। ਇਸ ਵੇਲੇ ਬੰਦ ਪਈ ਨਹਿਰ ਦੇ ਤਲ ਤੇ ਝਾਤੀ ਮਾਰੀਏ ਤਾਂ ਇਹੋ ਸਾਹਮਣੇ ਆਉਂਦਾ ਹੈ। ਕੋਈ ਸਮਾਂ ਸੀ ਜਦੋਂ ਨਹਿਰ ਦੇ ਪਾਣੀ ਨੂੰ ਨਿਰਮਲ ਨੀਰ ਮੰਨਿਆ ਜਾਂਦਾ ਸੀ ਪਰ ਹੁਣ ਨਾਂ ਲੋਕ ਨਿਰਮਲ ਰਹੇ ਤੇ ਨਾਂ ਹੀ ਉਨ੍ਹਾਂ ਪਾਣੀ ਨੂੰ ਨੀਰ ਰਹਿਣ ਦਿੱਤਾ ਹੈ। ਨਹਿਰ ਦੇ ਐਨ ਨਾਲ ਲੱਗਦੇ ਸ਼ਹਿਰੀ ਤੇ ਪੇਂਡੂ ਅਬਾਦੀ ਵਾਲੇ ਹਿੱਸੇ ’ਚ ਸੁੱਟੀਆਂ ਹੋਈਆਂ ਟੂਣੇ ਟੋਟਕੇ ਵਾਲੀਆਂ ਵਸਤਾਂ ਅਤੇ ਕੂੜਾ ਕਰਕਟ ਬਦਸੂਰਤੀ ਦੀ ਉਹ ਤਸਵੀਰ ਪੇਸ਼ ਕਰ ਰਿਹਾ ਹੈ ਜਿਸ ਦਾ ਕਿਆਸ ਕਰਨਾ ਵੀ ਮੁਸ਼ਕਿਲ ਹੈ। ਬਠਿੰਡਾ ਨਹਿਰ ਦਾ ਪਾਣੀ ਜਲ ਘਰਾਂ ਰਾਹੀਂ ਸ਼ਹਿਰ ਵਿੱਚ ਸਪਲਾਈ ਕੀਤਾ ਜਾਂਦਾ ਹੈ ।
ਬਠਿੰਡਾ ਸਮੇਤ ਅੱਧੀ ਦਰਜਨ ਹੋਰ ਜਿਲਿ੍ਹਆਂ ਦੇ 340 ਪਿੰਡ ਪੀਣ ਵਾਲੇ ਪਾਣੀ ਦੇ ਮਾਮਲੇ ’ਚ ਇਸੇ ਨਹਿਰ ਤੇ ਨਿਰਭਰ ਹਨ ਅਤੇ ਕਰੀਬ 6 ਲੱਖ ਏਕੜ ਰਕਬੇ ’ਚ ਖੇਤੀ ਦੀ ਸਿੰਚਾਈ ਵੀ ਇਸੇ ਪਾਣੀ ਨਾਲ ਕੀਤੀ ਜਾਂਦੀ ਹੈ। ਇਸ ਪੱਤਰਕਾਰ ਨੇ ਮੌਕੇ ਤੇ ਦੇਖਿਆ ਕਿ ਨਹਿਰ ’ਚ ਕਈ ਥਾਵਾਂ ਤੇ ਬਦਬੂਦਾਰ ਮਹੌਲ ਬਣਿਆ ਹੋਇਆ ਸੀ। ਖਾਲੀ ਨਹਿਰ ਚੋਂ ਸੁੱਟੀਆਂ ਹੋਈਆਂ ਵਸਤਾਂ ਬਾਹਰ ਕੱਢ ਰਹੇ ਇੱਕ ਨੌਜਵਾਨ ਨੇ ਦੱਸਿਆ ਕਿ ਹੇਠਾਂ ਮਰੀਆਂ ਹੋਈਆਂ ਮੱਛੀਆਂ ,ਚੂਹੇ ਅਤੇ ਕੁੱਤੇ ਪਏ ਹਨ ਜਿਸ ਕਰਕੇ ਇਹ ਬਦਬੂ ਆ ਰਹੀ ਹੈ। ਦੇਖਿਆ ਜਾਏ ਤਾਂ ਵਹਿਮੀ ਲੋਕਾਂ ਨੇ ਇਸ ਨਹਿਰ ਵਿੱਚ ਗੰਦ-ਮੰਦ ਸੁੱਟ ਕੇ ਇਸ ਦਾ ਮੁਹਾਂਦਰਾ ਵਿਗਾੜ ਦਿੱਤਾ ਹੈ। ਨਹਿਰ ਦੇ ਵੱਡੇ ਦੁਸ਼ਮਣ ਉਹ ਜੋਤਸ਼ੀ ਹਨ, ਜੋ ਵਹਿਮਾਂ ਦੇ ਪੱਟੇ ਲੋਕਾਂ ਤੋਂ ਨਹਿਰ ਵਿੱਚ ਤਰ੍ਹਾਂ ਤਰ੍ਹਾਂ ਵਸਤੂਆਂ ਸੁਟਵਾਉਂਦੇ ਹਨ ਤਾਂ ਜੋ ਉਨ੍ਹਾਂ ਦੇ ’ਗ੍ਰਹਿ’ ਟਾਲੇ ਜਾ ਸਕਣ।
ਮੰਗਲਵਾਰ ਅਤੇ ਸਨਿੱਚਰਵਾਰ ਵਾਲੇ ਦਿਨ ਵਹਿਮੀ ਲੋਕਾਂ ਦੀ ਨਹਿਰ ’ਤੇ ਸਵੇਰ ਤੇ ਸ਼ਾਮ ਵਕਤ ਭੀੜ ਲੱਗੀ ਹੁੰਦੀ ਹੈ। ਬਹੁਤੇ ਲੋਕ ਨਹਿਰ ਵਿੱਚ ਕਾਲਾ ਕੋਲਾ ਵੀ ਤਾਰ ਕੇ ਜਾਂਦੇ ਹਨ। ਠੋਸ ਵਜ਼ਨੀ ਸਾਜ਼ੋ-ਸਾਮਾਨ ਅੱਗੇ ਤੈਰਨ ਦੀ ਬਜਾਏ ਇੱਕੋ ਜਗ੍ਹਾ ਟਿਕਿਆ ਰਹਿੰਦਾ ਹੈ ਜੋ ਨਹਿਰੀ ਪਾਣੀ ਨੂੰ ਸਾਹ ਨਹੀਂ ਲੈਣ ਦੇ ਰਿਹਾ ਹੈ । ਨਹਿਰ ਵਿੱਚ ਲਾਲ ਰੰਗ ਦੇ ਕੱਪੜੇ, ਨਾਰੀਅਲ ਦੇ ਗੁੱਟ ,ਖੱਮਣੀਆਂ, ਚੂੜੀਆਂ, ਕਾਲੇ ਰੰਗ ਦਾ ਕੱਪੜਾ,ਪਲਾਸਟਿਕ ਦੇ ਲਿਫਾਫੇ ਅਤੇ ਕੋਇਲਾ ਆਦਿ ਭਾਰੀ ਮਾਤਰਾ ’ਚ ਸੁੱਟਿਆ ਹੋਇਆ ਦਿਖਾਈ ਦਿੰਦਾ ਹੈ। ਨਹਿਰ ਵਿੱਚ ਇਕੱਲਾ ਗੰਦ ਇਕੱਠਾ ਨਹੀਂ ਹੁੰਦਾ, ਸਗੋਂ ਉਹ ਕਿਸਾਨ ਵੀ ਇਸ ਤੋਂ ਤੰਗ ਹਨ, ਜਿਨ੍ਹਾਂ ਦੇ ਖੇਤਾਂ ਵਿੱਚ ਤੈਰਕੇ ਖੋਪੇ ਦੇ ਗੁੱਟ ਅਤੇ ਕਾਲੇ ਕੱਪੜੇ ਚਲੇ ਜਾਂਦੇ ਹਨ। ਭਾਵੇਂ ਨਗਰ ਨਿਗਮ ਨੇ ਸ਼ਹਿਰ ਵਾਲੇ ਪਾਸੇ ਨਹਿਰ ਕੰਢੇ ਕੰਧ ਵੀ ਕੱਢੀ ਹੈ ਪਰ ਹੋਰਨਾਂ ਪਾਸਿਆਂ ਰਾਹੀਂ ਸਮਾਨ ਸੁੱਟਿਆ ਜਾਂਦਾ ਹੈ।
ਹਾਲਾਂਕਿ ਜਲ ਸਪਲਾਈ ਵਿਭਾਗ ਪਾਣੀ ਸੋਧਣ ਪਿੱਛੋਂ ਸਪਲਾਈ ਕਰਨ ਦਾ ਦਾਅਵਾ ਕਰਦਾ ਹੈ ਪਰ ਸਿਹਤ ਸਬੰਧੀ ਮਾਹਿਰਾਂ ਦੀ ਦਲੀਲ ਇਸ ਦੇ ਉਲਟ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੰਦਗੀ ਅਤੇ ਮੁਰਦਾ ਜਾਨਵਰਾਂ ਕਾਰਨ ਪੈਦਾ ਹੋਣ ਵਾਲੇ ਬੈਕਟੀਰੀਆ ਨੂੰ ਸੋਧਣਾ ਮੁਸ਼ਕਿਲ ਹੀ ਨਹੀਂ ਬਲਕਿ ਨਾਂਮੁਮਕਿਨ ਹੁੰਦਾ ਹੈ। ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਐਨਾ ਦੂਸ਼ਿਤ ਪਾਣੀ ਪੀਣ ਕਾਰਨ ਲੋਕਾਂ ਨੂੰ ਉਲਟੀਆਂ,ਦਸਤ ਅਤੇ ਪੇਟ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜੋਕਿ ਚਿੰਤਾਜਨਕ ਹੈ। ਜਲ ਸਪਲਾਈ ਵਿਭਾਗ ਦੇ ਮੁਲਾਜਮਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਮੰਨਿਆ ਕਿ ਨਹਿਰ ਵਿੱਚੋਂ ਜੋ ਪਾਣੀ ਟੈਂਕ ਵਿੱਚ ਸਟੋਰ ਕੀਤਾ ਜਾਂਦਾ ਹੈ ਉਸ ਵਿੱਚ ਕਾਫੀ ਕਚਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਫਿਲਟਰ ਕਰਕੇ ਅੱਗੇ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਹ ਪਾਣੀ ਸਿੱਧਾ ਸਪਲਾਈ ਕਰ ਦਿੱਤਾ ਜਾਏ ਤਾਂ ਸਿਹਤ ਖਰਾਬ ਹੋਣ ਦਾ ਖਤਰਾ ਹੈ।
ਸਖਤ ਕਾਨੂੰਨ ਬਨਾਉਣ ਦੀ ਲੋੜ
ਸਮਾਜਿਕ ਕਾਰਕੁੰਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਟੂਣੇ ਟੋਟਕੇ ਕਰਵਾਉਣ ਵਾਲਿਆਂ ਤੇ ਸਖਤੀ ਨਾਲ ਰੋਕ ਲਾਉਣੀ ਪਵੇਗੀ। ਉਨ੍ਹਾਂ ਲੋਕਾਂ ਨੂੰ ਨਹਿਰ ’ਚ ਸਮਾਨ ਤਾਰਨ ਤੋਂ ਰੋਕਣ ਲਈ ਸਖਤ ਕਾਨੂੰਨ ਬਨਾਉਣ ਦੀ ਲੋੜ ਤੇ ਜੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਹਿਰ ਵਿਚਲੀ ਗੰਦਗੀ ਪ੍ਰਤੀ ਲੋਕਾਂ ਨੂੰ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰਨਾ ਚਾਹੀਦਾ ਹੈ।
ਦੂਸ਼ਿਤ ਪਾਣੀ ਬਿਮਾਰੀਆਂ ਦਾ ਘਰ
ਸੇਵਾਮੁਕਤ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਦੂਸ਼ਿਤ ਪਾਣੀ ਕਾਰਨ ਕਈ ਤਰਾਂ ਦੀਆਂ ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ ਬਣਦਾ ਹੈ ਇਸ ਲਈ ਪਾਣੀ ਉਬਾਲਣ ਪਿੱਛੋਂ ਪੀਣਾ ਚਾਹੀਦਾ ਹੈ। ਉਨ੍ਹਾਂ ਨਹਿਰ ਵਿੱਚ ਸਮਾਨ ਸੁੱਟਣ ਤੇ ਸੁਟਵਾਉਣ ਵਾਲਿਆਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਬੰਦ ਕਰਨ ਦੀ ਅਪੀਲ ਕੀਤੀ ਹੈ।
ਕਿਸਾਨਾਂ ਲਈ ਚਿੰਤਾਜਨਕ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਦਾ ਕਹਿਣਾ ਹੈ ਕਿ ਨਹਿਰ ਵਿੱਚ ਫੈਲੀ ਗੰਦਗੀ ਕਾਰਨ ਪੂਰੀ ਮਾਤਰਾ ’ਚ ਪਾਣੀ ਨਾਂ ਮਿਲਣ ਹੋਣ ਕਰਕੇ ਕਿਸਾਨ ਧਰਤੀ ਹੇਠਲੇ ਮਾੜੇ ਪਾਣੀ ਨਾਲ ਫਸਲਾਂ ਪਾਲਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਨਹਿਰ ਨੂੰ ਦੂਸ਼ਿਤ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਅਗਲੇ ਸਾਲ ਸਫਾਈ:ਐਕਸੀਅਨ
ਕਾਰਜਕਾਰੀ ਇੰਜਨੀਅਰ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਨਿਯਮਾਂ ਮੁਤਾਬਕ ਤਿੰਨ ਸਾਲ ਬਾਅਦ ਸਫਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਬਠਿੰਡਾ ਨਹਿਰ ਦੀ ਸਫਾਈ ਕਰਵਾਈ ਜਾਏਗੀ।