ਜਮਹੂਰੀ ਅਧਿਕਾਰ ਸਭਾ ਦੀ ਆਗੂ ਨੂੰ ਧਮਕੀਆਂ ਦੇਣ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 19 ਨਵੰਬਰ 2025:ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਐਡਵੋਕੇਟ ਅਮਨਦੀਪ ਕੌਰ ਨੂੰ ਅਗਿਆਤ ਫੋਨ ਤੋਂ ਧਮਕੀਆਂ ਦੇਣ,(ਆਰਐਸਐਸ ਦੀ ਨਿੰਦਿਆਂ ਨਾ ਕਰਨ, ਗਾਲਾਂ ਕੱਢਣ, ਪਾਕਿਸਤਾਨ ਦੇ ਏਜੰਟ ਗਰਦਾਨਣ ਅਤੇ ਦੇਸ ਛੱਡ ਜਾਣ ਦਾ ਫਰਮਾਨ ਸੁਣਾੳਣ) ਦਾ ਗੰਭੀਰ ਨੋਟਿਸ ਲੈਦਿਆਂ ਸਭਾ ਵੱਲੋਂ ਇਸ ਨੂੰ ਵਿਚਾਰ ਪ੍ਰਗਟਾਵੇ ਦੇ ਅਧਿਕਾਰ, ਔਰਤਾਂ ਦੇ ਸਵੈਮਾਨ ਉਪਰ ਹਮਲੇ ਵਜੋਂ ਲਿਆ ਹੈ ਅਤੇ ਸੰਘੀ ਗੁੰਡੀਗਰਦੀ ਕਰਾਰ ਦਿੱਤਾ ਹੈ।
ਸਭਾ ਨੇ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਇਸ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ ਸਭਾ ਦੇ ਪ੍ਰਧਾਨ ਪ੍ਰੋ ਜਗੋਮਹਨ ਸਿੰਘ ਜਨਰਲ ਸਕੱਤਰ ਪ੍ਰਿਤਪਾਲ ਸਿੰਘ, ਸਕੱਤਰੇਤ ਮੈਂਬਰ ਡਾ ਅਜੀਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਬਿਆਨ ਜਾਰੀ ਕਰਦਿਆ ਦੱਸਿਆ ਕਿ ਐਡਵੋਕੇਟ ਅਮਨਦੀਪ ਕੌਰ ਨੇ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫੀਕੇਸ਼ਨ ਰਾਹੀ ਪੰਜਾਬ ਯੂਨਵਿਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਦੇ ਮਨਸੂਬਿਆਂ ਬਾਰੇ ਅਤੇ ਪੰਜਾਬ ਯੂਨੀਵਰਸਸਿਟੀ ਚੰਡੀਗੜ ਦੇ ਇਤਿਹਾਸ ਬਾਰੇ ਅਤੇ ਵਿਦਿਆਰਥੀ ਅੰਦੋਲਨ ਬਾਰੇ ਭਰਭੂਰ ਜਾਣਕਾਰੀ ਦਿੰਦੀਆਂ ਵੀਡੀਓ ਜਾਰੀ ਕੀਤੀਆਂ ਸਨ।
ਉਹਨਾਂ ਦੱਸਿਆ ਕਿ ਵੀਡੀਓ ਅੰਦਰ ਦਿੱਤੀ ਜਾਣਕਾਰੀ ਪੰਜਾਬ ਯੂਨੀਵਰਸਿਟੀ ਨਾਲ ਨੇੜਿਓ ਜੁੜੇ ਸੰਘਰਸ਼ੀ ਵਿਦਿਆਰਥੀਆਂ ਅਤੇ ਪੰਜਾਬ ਦੇ ਲੋਕਾਂ ਲਈ ਬਹੁਤ ਅਹਿਮ ਸੀ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਸੇ ਤਰ੍ਹਾਂ ਵੀ ਹਾਜ਼ਮ ਹੋਣ ਵਾਲੀ ਨਹੀਂ ਹੈ। ਐਡਵੋਕੇਟ ਅਮਨਦੀਪ ਕੌਰ ਨੇ ਇਸ ਸਬੰਧੀ ਬਾਰ ਐਸੋਸੀਏਸ਼ਨ ਚੰਡੀਗੜ੍ਹ ਨੂੰ ਸੂਚਿਤ ਕਰਨ ਤੋਂ ਇਲਾਵਾ ਐਸ ਐਸ ਪੀ ਚੰਡੀਗੜ੍ਹ ਨੂੰ ਸ਼ਿਕਾਇਂਤ ਮੇਲ ਕੀਤੀ ਹੈ ਪਰ ਪੁਲਿਸ ਪ੍ਰਸਾਸ਼ਨ ਚੰਡੀਗੜ੍ਹ ਅਜੇ ਤੱਕ ਕਿਸੇ ਅਗਿਆਤ ਨੰਬਰ ਰਾਹੀਂ ਇਹ ਕਾਰਵਾਈ ਕਰਨ ਵਾਲੇ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀ ਕੀਤੀ।
ਜਮਹੂਰੀ ਅਧਿਕਾਰ ਸਭਾ ਚੰਡੀਗੜ੍ਹ ਪ੍ਰਸ਼ਾਸ਼ਨ ਤੋ ਮੰਗ ਕਰਦੀ ਹੈ ਕਿ ਪ੍ਰਸ਼ਾਸ਼ਨ ਅਜਿਹੇ ਜਮਹੂਰੀਅਤ ਵਿਰੋਧੀ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਕਰੇ। ਸੂਬਾ ਕਮੇਟੀ ਨੇ ਸਭਾ ਦੀਆਂ ਇਕਾਈਆਂ ਨੂੰ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਾਥ ਨਾਲ ਜਨਤਕ ਵਫਦ ਰਾਹੀ ਮੰਗ ਪੰਤਰ ਦੇ ਕੇ ਸੰਘੀ ਗੁੰਡਾਗਰਦੀ ਖਿਲਾਫ ਆਵਾਜ ਉਠਾਉਣ ਦਾ ਸੱਦਾ ਦਿੱਤਾ ਹੈ।