'ਆਪ' ਝੂਠੇ ਵਾਅਦਿਆਂ ਸਿਰ ਬਣੀ ਇਤਿਹਾਸ ਦੀ ਸਭ ਤੋਂ ਕੁਰੱਪਟ ਸਰਕਾਰ, ਕਾਂਗਰਸ ਨੇ ਹਮੇਸ਼ਾ ਪੰਜਾਬ ਨਾਲ ਧੋਖਾ ਕੀਤਾ - ਬਾਦਲ
ਬਾਲਾਚੱਕ 'ਚ ਬ੍ਰਹਮਪੁਰਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਰੈਲੀ 'ਚ ਗਰਜੇ ਸੁਖਬੀਰ ਬਾਦਲ, ਕਿਹਾ - ਪੰਜਾਬ ਨੂੰ ਸਿਰਫ਼ ਅਕਾਲੀ ਦਲ ਹੀ ਬਚਾ ਸਕਦਾ ਹੈ
ਤਰਨ ਤਾਰਨ 4 ਨਵੰਬਰ 2025: ਤਰਨ ਤਾਰਨ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਅੱਜ ਪਿੰਡ ਬਾਲਾਚੱਕ ਵਿਖੇ ਇੱਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਚੋਣ ਰੈਲੀ ਹੋਈ, ਜਿਸਨੂੰ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ। ਇਹ ਭਰਵੀਂ ਰੈਲੀ ਪਾਰਟੀ ਦੇ ਮੀਤ ਪ੍ਰਧਾਨ, ਸਾਬਕਾ ਵਿਧਾਇਕ ਅਤੇ ਜ਼ੋਨ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ, ਐਸਜੀਪੀਸੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲਾ ਅਤੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਵਡਾਲੀ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਕਰਵਾਈ ਗਈ, ਜਿਸ ਵਿੱਚ ਵਰਕਰਾਂ ਦੇ ਭਾਰੀ ਇਕੱਠ ਨੇ ਪਾਰਟੀ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ।
ਇਸ ਮੌਕੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਝੂਠੇ ਵਾਅਦਿਆਂ ਅਤੇ ਗੁੰਮਰਾਹਕੁੰਨ ਨਾਅਰਿਆਂ ਸਿਰ ਸੱਤਾ ਹਾਸਲ ਕਰਕੇ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਨਿਕੰਮੀ ਅਤੇ ਕੁਰੱਪਟ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਹਿੱਤਾਂ ਨੂੰ ਦਿੱਲੀ ਦਰਬਾਰ ਕੋਲ ਵੇਚ ਦਿੱਤਾ ਹੈ ਅਤੇ ਪੰਜਾਬ ਦਾ ਖਜ਼ਾਨਾ ਦੂਜੇ ਰਾਜਾਂ ਵਿੱਚ ਚੋਣਾਂ ਲੜਨ ਲਈ ਲੁਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਇਨ੍ਹਾਂ ਦੇ ਝੂਠ ਨੂੰ ਪੂਰੀ ਤਰ੍ਹਾਂ ਜਾਣ ਚੁੱਕੇ ਹਨ।
ਬਾਦਲ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਅਤੇ 'ਆਪ' ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਜਿੰਨ੍ਹਾਂ ਨੇ ਹਮੇਸ਼ਾ ਪੰਜਾਬ ਅਤੇ ਸਿੱਖਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਨ੍ਹਾਂ ਦੋਵਾਂ ਕੌਮੀ ਪਾਰਟੀਆਂ ਨੂੰ ਸਿਰਫ਼ ਵੋਟਾਂ ਨਾਲ ਮਤਲਬ ਹੈ, ਪੰਜਾਬ ਦੀ ਭਲਾਈ ਨਾਲ ਨਹੀਂ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦੀ ਆਪਣੀ ਖੇਤਰੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ, ਕਿਉਂਕਿ ਸਿਰਫ਼ ਅਕਾਲੀ ਦਲ ਹੀ ਪੰਜਾਬ ਦੇ ਦਰਦ ਨੂੰ ਸਮਝਦਾ ਹੈ, ਇਸਦੇ ਹੱਕਾਂ ਲਈ ਲੜਦਾ ਹੈ ਅਤੇ ਸਹੀ ਮਾਅਨਿਆਂ ਵਿੱਚ ਪੰਜਾਬੀਆਂ ਦੀ ਤਰਜਮਾਨੀ ਕਰਦਾ ਹੈ।
ਇਸ ਮੌਕੇ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫੇਰੀ ਨੇ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ ਅਤੇ ਤਰਨ ਤਾਰਨ ਤੋਂ ਪਾਰਟੀ ਦੀ ਜਿੱਤ ਯਕੀਨੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਬਿਕਰਮ ਸਿੰਘ ਵੇਰਕਾ, ਸ. ਜਸਪ੍ਰੀਤ ਸਿੰਘ ਬੱਲ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁੱਖ, ਸ. ਜਸਵਿੰਦਰ ਸਿੰਘ ਸੰਧੂ, ਸ. ਜਸਪਾਲ ਸਿੰਘ ਨਾਹਰ, ਸ. ਗੁਰਦੀਪ ਸਿੰਘ ਚੱਕ, ਸ. ਜਗਜੀਤ ਸਿੰਘ ਜੱਗੀ ਚੋਹਲਾਂ, ਸ. ਪਰਮੋਲ ਸਿੰਘ ਘੁਮੰਣ, ਸ. ਹਰਮੋਹਿਤ ਸਿੰਘ, ਸ. ਅਨਮੋਲਪ੍ਰੀਤ ਸਿੰਘ ਸਿੱਧੂ, ਸ. ਅਮਨਪ੍ਰੀਤ ਸਿੰਘ, ਸ. ਸੁਖਦੇਵ ਸਿੰਘ, ਸ. ਕੁਲਵਿੰਦਰ ਸਿੰਘ ਡੀਸੀ, ਸ. ਗੁਰਵਿੰਦਰ ਸਿੰਘ ਰਾਜੂ ਅਤੇ ਸ. ਹਰਪਾਲ ਸਿੰਘ ਫੋਜੀ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।