ਲੁਧਿਆਣਾ : ਲੁੱਟਾਂ-ਖੋਹਾਂ ਮਾਮਲੇ ਦੀ ਗੁੱਥੀ ਸੁਲਝਾਈ, 3 ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 16 ਅਕਤੂਬਰ 2025
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ IPS ਅਤੇ ਰੁਪਿੰਦਰ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ ਸਿਟੀ/ਦਿਹਾਤੀ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲੁੱਟਾ-ਖੋਹਾ ਕਰਨ ਵਾਲਿਆਂ ਖ਼ਿਲਾਫ ਚਲਾਈ ਗਈ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਲੁੱਟਾ-ਖੋਹਾ ਮਾਮਲੇ ਦੀ ਗੁੱਥੀ ਸੁਲਝਾਈ, 3 ਦੋਸ਼ੀ ਗ੍ਰਿਫਤਾਰ ਕੀਤੇ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਮੀਰ ਵਰਮਾ PPS ਵਧੀਕ ਡੀ.ਸੀ.ਪੀ. ਜੋਨ-1 ਅਤੇ ਕਿੱਕਰ ਸਿੰਘ PPS ਏ.ਸੀ.ਪੀ. ਉੱਤਰੀ ਲੁਧਿਆਣਾ ਨੇ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸਿੰਘ, ਇੰਚਾਰਜ ਥਾਣਾ ਸਲੇਮ ਟਾਬਰੀ ਅਤੇ ਏ.ਐਸ.ਆਈ. ਸੁਖਜਿੰਦਰ ਸਿੰਘ, ਇੰਚਾਰਜ ਚੌਂਕੀ ਐਲਡੀਕੋ ਦੀ ਟੀਮ ਨੇ ਮੁੱਦਈ ਪਰਮਿੰਦਰ ਸਿੰਘ ਵਾਸੀ ਵਰਿੰਦਰ ਨਗਰ ਦੇ ਬਿਆਨ ’ਤੇ ਥਾਣਾ ਸਲੇਮ ਟਾਬਰੀ ਵਿੱਚ ਮਾਮਲਾ ਨੰਬਰ 177 ਮਿਤੀ 03.10.2025 ਅ/ਧ 304, 3(5) BNS ਤਹਿਤ ਦਰਜ ਕੀਤਾ ਗਿਆ ਸੀ, ਜਿਸ ਅਧੀਨ ਦੋਸ਼ੀ ਗੁਰਬਿੰਦਰ ਸਿੰਘ ਉਰਫ ਰੂਬੀ ਨੂੰ 12.10.2025 ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣੇ ਸਾਥੀਆਂ ਗੁਰਜੰਟ ਸਿੰਘ ਉਰਫ ਲੱਕੀ ਅਤੇ ਗੁਰਤੇਜ ਸਿੰਘ ਉਰਫ ਸੂਰਜ ਦੇ ਨਾਂ ਦੱਸੇ ਸਨ।ਜਿਨ੍ਹਾਂ ਨੂੰ 15.10.2025 ਨੂੰ ਗ੍ਰਿਫਤਾਰ ਕਰਕੇ ਜੁਰਮ 317(2) BNS ਦਾ ਵਾਧਾ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਨਾ ਦੋਸ਼ੀਆਂ ਕੋਲੋਂ 16 ਵੱਖ-ਵੱਖ ਮਾਰਕਾ ਦੇ ਮੋਬਾਈਲ ਫੋਨ, ਇਕ ਲੋਹੇ ਦਾ ਦਾਤਰ ਅਤੇ 3 ਮੋਟਰਸਾਈਕਲਾਂ (ਸਪਲੈਂਡਰ, ਪਲੈਟਿਨਾ ਆਦਿ) ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀ ਗੁਰਬਿੰਦਰ ਸਿੰਘ ਉਰਫ ਰੂਬੀ ਦੇ ਖ਼ਿਲਾਫ ਪਹਿਲਾਂ ਵੀ 03 ਮਾਮਲੇ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਲੁੱਟਾਂ ਖੋਹਾਂ ਦੇ ਦਰਜ ਹਨ। ਪੁਲਿਸ ਵਲੋਂ ਹੋਰ ਡੂੰਘੀ ਜਾਂਚ ਜਾਰੀ ਹੈ ਤਾਂ ਜੋ ਇਸ ਗਿਰੋਹ ਨਾਲ ਸੰਬੰਧਤ ਹੋਰ ਵਾਰਦਾਤਾਂ ਦਾ ਪਤਾ ਲੱਗ ਸਕੇ।