ਟੀਐਸਪੀਐਲ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਅਤੇ ਸੰਭਾਲਣ ਲਈ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ
ਅਸ਼ੋਕ ਵਰਮਾ
ਮਾਨਸਾ, 16 ਅਕਤੂਬਰ 2025 : ਪੰਜਾਬ ਅਤੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਥਰਮਲ ਪਾਵਰ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਨੇ ਆਪਣੀ ਪ੍ਰਮੁੱਖ ਸਮਾਜਿਕ ਪਹਿਲਕਦਮੀ ਨਵੀਂ ਦਿਸ਼ਾ ਤਹਿਤ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਮਾਨਸਾ ਜਿਲ੍ਹੇ ਦੇ ਪਿੰਡ ਰਾਏਪੁਰ ਵਿਖੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਅਤੇ ਸਾੜਨ ਦੀ ਥਾਂ ਪ੍ਰਬੰਧਨ ਲਈ ਜਾਗਰੂਕ ਕਰਨ ਦੇ ਮੰਤਵ ਨਾਲ ਇੱਕ ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਪਿੰਡ ਰਾਏਪੁਰ, ਮੂਸਾ ਅਤੇ ਬਣਵਾਲੀ ਦੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਹਰਪ੍ਰੀਤ ਪਾਲ ਕੌਰ, ਬਲਾਕ ਖੇਤੀਬਾੜੀ ਅਫ਼ਸਰ ਝੁਨੀਰ ਕਮਲਦੀਪ ਸਿੰਘ,; ਚਮਨਦੀਪ ਸਿੰਘ ਖੇਤੀਬਾੜੀ ਤਕਨਾਲੋਜੀ ਪ੍ਰਬੰਧਨ ਏਜੰਸੀ, ਅੰਮ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਅਤੇ ਪ੍ਰਭਦਿਆਲ ਸਿੰਘ, ਮੱਛੀ ਪਾਲਣ ਵਿਕਾਸ ਅਫ਼ਸਰ, ਮਾਨਸਾ ਤੋਂ ਇਲਾਵਾ ਰਾਏਪੁਰ-1 ਤੋਂ ਰਾਜੂ ਸਿੰਘ, ਰਾਏਪੁਰ-2 ਤੋਂ ਸੁਖਰਾਜ ਸਿੰਘ ਅਤੇ ਤਲਵੰਡੀ ਅਕਲੀਆ ਤੋਂ ਨਾਇਬ ਸਿੰਘ ਸਮੇਤ ਪਿੰਡਾਂ ਦੇ ਸਰਪੰਚਾਂ ਨੇ ਵੀ ਹਾਜ਼ਰੀ ਲਵਾਈ।
ਇਸ ਮੌਕੇ ਟੀਐਸਪੀਐਲ ਦੇ ਸੀਈਓ ਪੰਕਜ਼ ਸ਼ਰਮਾ ਅਤੇ ਸੀਨੀਅਰ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਚਣ , ਖਾਦ ਬਣਾਉਣ ਅਤੇ ਮਸ਼ੀਨੀ ਕਟਾਈ ਵਰਗੀਆਂ ਤਕਨੀਕਾਂ ਨੂੰ ਅਪਨਾਉਣ ਦਾ ਸੱਦਾ ਦਿੱਤਾ ਗਿਆ। ਵੇਦਾਂਤਾ ਪਾਵਰ ਲਿਮਟਿਡ ਦੇ ਸੀਈਓ ਰਾਜਿੰਦਰ ਸਿੰਘ ਆਹੂਜਾ ਨੇ ਕਿਹਾ ਕਿ ਵੇਦਾਂਤਾ ਪਾਵਰ ਸਥਿਰਤਾ ਅਤੇ ਪੇਂਡੂ ਖੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਟੀਐਸਪੀਐਲ ਦੇ ਯਤਨਾਂ ਸਦਕਾ 20 ਹਜ਼ਾਰ ਏਕੜ ਤੋਂ ਵੱਧ ਖੇਤੀਯੋਗ ਜ਼ਮੀਨ ਨੂੰ ਬਚਾਉਣ ਵਿੱਚ ਸਹਾਇਤਾ ਕੀਤੀ ਗਈ ਹੈ ਅਤੇ ਲਗਭਗ 8 ਲੱਖ ਟਨ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਿਆ ਗਿਆ ਜਿਸ ਨਾਲ ਵਾਤਾਵਰਨ ਬਚਾਉਣ ’ਚ ਅਹਿਮ ਸਫਲਤਾ ਮਿਲੀ ਹੈ। ਟੀਐਸਪੀਐਲ ਦੇ ਸੀਈਓ ਪੰਕਜ ਸ਼ਰਮਾ ਨੇ ਕਿਹਾ ਕਿ ਇਸ ਸਾਲ ਕੰਪਨੀ ਦਾ ਟੀਚਾ ਆਪਣੀ ਪਹੁੰਚ ਨੂੰ ਵਧਾਉਣਾ ਅਤੇ 27 ਹਜ਼ਾਰ ਏਕੜ ਭੂਮੀ ਨੂੰ ਪਰਾਲੀ ਸਾੜਨ ਤੋਂ ਬਚਾਉਣਾ ਹੈ।
ਇਸ ਮੌਕੇ ਟੀਐਸਪੀਐਲ ਵੱਲੋਂ ਇਸ ਮੁਹਿੰਮ ਤਹਿਤ ਤਿੰਨ ਮੋਬਾਈਲ ਜਾਗਰੂਕਤਾ ਵੈਨਾਂ ਰਵਾਨਾ ਕੀਤੀਆਂ ਗਈਆਂ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਖ਼ਤਰਿਆਂ ਅਤੇ ਵਾਤਾਵਰਨ ਦੀ ਰਾਖੀ ਕਰਨ ਲਈ ਪ੍ਰੇਰਿਤ ਕਰਨਗੀਆਂ। ਉਨ੍ਹਾਂ ਕਿਹਾ ਕਿ ਕੰਪਨੀ ਦੀ ਇਹ ਕੋਸ਼ਿਸ਼ ਹੈ ਕਿ ਕੋਈ ਵੀ ਕਿਸਾਨ ਇਸ ਸਬੰਧ ਵਿੱਚ ਵਿਹਾਰਕ ਗਿਆਨ ਤੋਂ ਵਾਂਝਾ ਨਾਂ ਰਹੇ। ਇਸ ਮੌਕੇ ਪਰਾਲੀ ਪ੍ਰਬੰਧ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਉਹ ਕਿਸਾਨਾਂ ਹਨ ਜਿੰਨ੍ਹਾਂ ਦਾ ਵਾਤਾਵਰਨ ਬਚਾਉਣ ਵਿੱਚ ਅਹਿਮ ਯੋਗਦਾਨ ਹੈ ਅਤੇ ਉਹ ਲਗਾਤਾਰ ਹੋਰਨਾਂ ਕਿਸਾਨਾਂ ਨੂੰ ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲੇ ਖਤਰਿਆਂ ਤੋਂ ਜਾਗਰੂਕ ਕਰਦੇ ਰਹਿੰਦੇ ਹਨ। ਗੌਰਤਲਬ ਹੈ ਕਿ ਟੀਐਸਪੀਐਲ ਨੇ ਅਕਤੂਬਰ ਦੇ ਅੱਧ ਦੌਰਾਨ ਇਹ ਮੁਹਿੰਮ ਉਸ ਵਕਤ ਸ਼ੁਰੂ ਕੀਤੀ ਹੈ ਜਦੋਂ ਅਕਸਰ ਝੋਨੇ ਦੀ ਪਰਾਲੀ ਸਾੜੀ ਜਾਂਦੀ ਹੈ ਜਿਸ ਨਾਲ ਉੱਤਰੀ ਭਾਰਤ ਵਿੱਚ ਪ੍ਰਦੂਸ਼ਣ ਬੇਹੱਦ ਵਧ ਜਾਂਦਾ ਹੈ ਅਤੇ ਮਿੱਟੀ ਦੀ ਕੁਆਲਿਟੀ ਵੀ ਬੁਰੀ ਤਰਾਂ ਪ੍ਰਭਾਵਿਤ ਹੁੰਦੀ ਹੈ।