ਅਕਾਲ ਅਕੈਡਮੀ ਮੰਡੇਰ ਵਿਖੇ ਮਹਾਨ ਅੰਮ੍ਰਿਤ ਸੰਚਾਰ, 272 ਪ੍ਰਾਣੀਆਂ ਨੇ ਛਕਿਆ ਅੰਮ੍ਰਿਤ
ਹਰਜਿੰਦਰ ਸਿੰਘ ਭੱਟੀ
ਬੜੂ ਸਾਹਿਬ : ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਅਕਾਲ ਅਕੈਡਮੀ ਮੰਡੇਰ (ਜ਼ਿਲ੍ਹਾ ਮਾਨਸਾ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇੱਕ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਬੜੀ ਸ਼ਰਧਾ ਅਤੇ ਆਦਰ ਨਾਲ ਆਯੋਜਿਤ ਕੀਤਾ ਗਿਆ।
ਇਸ ਪਵਿੱਤਰ ਸਮਾਗਮ ਦੌਰਾਨ ਕੁੱਲ 272 ਪ੍ਰਾਣੀਆਂ ਨੇ ਅੰਮ੍ਰਿਤ ਛਕਣ ਦਾ ਸੁਭਾਗ ਪ੍ਰਾਪਤ ਕੀਤਾ। ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ, ਇਹ ਸਮਾਗਮ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸੇਵਾਦਾਰ ਵੀਰ ਕਰਮਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਸਫਲਤਾਪੂਰਵਕ ਸੰਪੰਨ ਹੋਇਆ।
ਫਤਿਹਗੜ੍ਹ ਗੰਢੂਆਂ ਵਿਖੇ ਵੀ 53 ਨੇ ਛਕਿਆ ਅੰਮ੍ਰਿਤ
ਇਸੇ ਲੜੀ ਤਹਿਤ, ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ, ਵਿਦਿਆਰਥੀਆਂ, ਅਕੈਡਮੀ ਦੇ ਕਰਮਚਾਰੀਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਨਿਵਾਸੀਆਂ ਸਮੇਤ 53 ਅੰਮ੍ਰਿਤ ਅਭਿਲਾਖੀਆਂ ਨੇ ਅੰਮ੍ਰਿਤ ਪਾਨ ਕੀਤਾ।
ਇਸ ਮੌਕੇ 'ਤੇ, ਪ੍ਰਿੰਸੀਪਲ ਅਨੁਰਾਧਾ ਬੱਬਰ ਨੇ ਸਮੂਹ ਸੰਗਤ ਅਤੇ ਨਵੇਂ ਅੰਮ੍ਰਿਤਧਾਰੀ ਬਣੇ ਪ੍ਰਾਣੀਆਂ ਨੂੰ ਖਾਲਸਾ ਪੰਥ ਵਿੱਚ ਸ਼ਾਮਿਲ ਹੋਣ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਿੱਖ ਮਰਯਾਦਾ ਅਨੁਸਾਰ ਜੀਵਨ ਜੀਊਣ ਲਈ ਪ੍ਰੇਰਿਤ ਕੀਤਾ।
ਇਹ ਧਾਰਮਿਕ ਸਮਾਗਮ ਨਾ ਸਿਰਫ ਵਿਦਿਆਰਥੀਆਂ ਵਿੱਚ ਧਾਰਮਿਕ ਜਾਗਰੂਕਤਾ ਪੈਦਾ ਕਰਨ ਦਾ ਇੱਕ ਸਾਧਨ ਬਣਿਆ, ਸਗੋਂ ਸਮਾਜ ਵਿੱਚ ਸਿੱਖ ਸਿਧਾਂਤਾਂ ਪ੍ਰਤੀ ਸ਼ਰਧਾ ਅਤੇ ਪ੍ਰੇਰਨਾ ਦਾ ਸੰਦੇਸ਼ ਵੀ ਫੈਲਾਇਆ।