17 ਸਤੰਬਰ ਤੋਂ 'ਇੱਕ ਵਿਆਪਕ ਸਵਾਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ' ਹੋਵੇਗਾ ਸ਼ੁਰੂ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 15 ਸਤੰਬਰ 2025 : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਹੈ। ਇਸੇ ਕੜੀ ਤਹਿਤ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਸੋਮਵਾਰ ਨੂੰ ਆਯੋਜਿਤ ਇਕ ਅਹਿਮ ਮੀਟਿੰਗ ਵਿੱਚ 'ਸਵਾਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ' ਤਹਿਤ ਔਰਤਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ 'ਸਵਾਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ' ਨੂੰ ਸਫਲਤਾਪੂਰਵਕ ਨੇਪੜੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦਾ ਮੁੱਖ ਉਦੇਸ਼ ਔਰਤਾਂ ਅਤੇ ਬੱਚਿਆਂ ਲਈ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ ਹੈ, ਉਨ੍ਹਾਂ ਦੀ ਸਿਹਤ ਸੇਵਾਵਾਂ ਤੱਕ ਬਿਹਤਰ ਪਹੁੰਚ, ਗੁਣਵੱਤਾਪੂਰਨ ਦੇਖਭਾਲ ਅਤੇ ਜਾਗਰੂਕਤਾ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਇਸ ਅਭਿਆਨ ਤਹਿਤ, ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨਲ ਹਸਪਤਾਲ, ਸਾਰੇ ਕਮਿਊਨਿਟੀ ਹੈਲਥ ਸੈਂਟਰਾਂ (ਸੀ.ਐੱਚ.ਸੀ), ਆਯੂਸ਼ਮਾਨ ਆਰੋਗਿਆ ਕੇਂਦਰਾਂ ਤੇ ਸਬ ਸੈਂਟਰਾਂ ਵਿਖੇ ਵਿਸ਼ੇਸ਼ ਸਿਹਤ ਕੈਂਪ ਲਗਾਏ ਜਾਣ।
ਉਨ੍ਹਾਂ ਦੱਸਿਆ ਕਿ ਇਸ ਅਭਿਆਨ ਵਿੱਚ ਗੈਰ-ਸੰਚਾਰੀ ਬਿਮਾਰੀਆਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ, ਬੀ.ਪੀ. ਸਕਰੀਨਿੰਗ, ਜੱਚਾ- ਬੱਚਾ ਸਿਹਤ ਨੂੰ ਬਿਹਤਰ ਬਣਾਉਣ ਲਈ ਸਿਹਤ ਜਾਂਚ, ਪੋਸ਼ਣ ਜਾਗਰੂਕਤਾ ਵਧਾਉਣ ਅਤੇ ਰੋਕਥਾਮ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਪੋਸ਼ਣ ਮੁਹਿੰਮ ਅਤੇ ਵਿਸ਼ੇਸ਼ ਟੀਕਾਕਰਨ ਹਫ਼ਤੇ ਵਰਗੀਆਂ ਪੂਰਕ ਗਤੀਵਿਧੀਆਂ ਚਲਾਈਆਂ ਜਾਣ। ਇਸ ਤੋਂ ਇਲਾਵਾ ਮੈਗਾ ਕੈਂਪਾਂ ‘ਚ ਗਾਇਨੀਕੋਲੋਜੀ, ਬਾਲ ਰੋਗ, ਅੱਖਾਂ ਦਾ ਰੋਗ, ਈ.ਐੱਨ ਟੀ, ਦੰਦਾਂ ਦਾ ਇਲਾਜ, ਚਮੜੀ ਰੋਗ ਅਤੇ ਮਨੋਵਿਗਿਆਨ ਨਾਲ ਸਬੰਧਤ ਸੇਵਾਵਾਂ ਉਪਲਬੱਧ ਹੋਣ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੌਰਾਨ ਟੀਕਾਕਰਨ ਪ੍ਰਮੁੱਖ ਹਿੱਸਿਆਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਗਤੀਵਿਧੀਆਂ ਵਿੱਚ ਨਿਯਮਤ ਟੀਕਾਕਰਨ ਪ੍ਰੋਗਰਾਮ ਤਹਿਤ ਨਿਰਧਾਰਤ ਖੁਰਾਕਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਖੁੰਝੀਆਂ ਹੋਈਆਂ ਖੁਰਾਕਾਂ ਵਾਲੇ ਬੱਚਿਆਂ ਦੀ ਕਵਰੇਜ ਸ਼ਾਮਲ ਕਰਨਾ ਹੈ। ਉਨ੍ਹਾਂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜ਼ੀਰੋ ਡੋਜ਼ ਵਾਲੇ ਉਹ ਬੱਚੇ ਜਿਨ੍ਹਾਂ ਨੂੰ ਇੱਕ ਸਾਲ ਦੀ ਉਮਰ ਤੱਕ ਪੈਂਟਾ 1 ਨਹੀਂ ਲੱਗਾ ਹੈ, 5 ਸਾਲ ਦੀ ਉਮਰ ਤੱਕ ਐੱਮ.ਆਰ. - 1 ਖੁੰਝੇ ਹੋਏ ਬੱਚੇ, ਰੂਟੀਨ ਟੀਕਾਕਰਨ ਅਧੀਨ ਅਗਲੀ ਖੁਰਾਕ ਵਾਲੇ ਡਿਊ ਬੱਚੇ, ਟੀ.ਡੀ.-10 ਅਤੇ ਟੀ.ਡੀ.-16 ਦੀ ਬਕਾਇਆ ਖੁਰਾਕ ਵਾਲੇ ਬੱਚਿਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ ਬਲਬੀਰ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ ਮਨਦੀਪ ਕਮਲ, ਜ਼ਿਲ੍ਹਾ ਸਿਹਤ ਅਫਸਰ ਡਾ ਰੇਣੂ ਮਿੱਤਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰੀਸ਼ ਕਿਰਪਾਲ, ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਸਿੰਘ, ਡਾ. ਸਤਵਿੰਦਰਪਾਲ ਸਿੰਘ, ਡਾ ਗੀਤਾਂਜਲੀ ਸਿੰਘ, ਡਾ ਨਵਰੀਤ ਕੌਰ, ਡਾ. ਸੋਨੀਆ, ਡਾ. ਜਸਵਿੰਦਰ ਸਿੰਘ, ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ ਰਾਜ ਕੁਮਾਰੀ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਸ਼ਿਆਮਾਵੇਦਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।