ਜੋਅ ਬਾਇਡਨ ਪਹਿਲੇ ਦਿਨ ਹੀ ਕੰਮ 'ਚ ਜੁਟੇ,ਦਰਜਨ ਤੋਂ ਵੱਧ ਐਗਜ਼ੀਕਿਊਟਿਵ ਆਦੇਸ਼ਾਂ ਦਸਤਖਤ
Photo- CNN
ਗੁਰਿੰਦਰਜੀਤ ਨੀਟਾ ਮਾਛੀਕੇ,
ਫਰਿਜ਼ਨੋ (ਕੈਲੀਫੋਰਨੀਆ), 21 ਜਨਵਰੀ 2021: ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡੇਨ 20 ਜਨਵਰੀ ਨੂੰ ਆਪਣੇ ਅਹੁਦੇ ਪ੍ਰਤੀ ਹਲਫ਼ ਲੈ ਕੇ ਅਧਿਕਾਰਿਤ ਤੌਰ 'ਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣ ਗਏ ਹਨ। ਜੋਅ ਬਾਇਡਨ ਨੇ ਆਪਣਾ ਅਹੁਦਾ ਸੰਭਾਲਦੇ ਸਾਰ ਹੀ ਪਹਿਲੇ ਦਿਨ ਬਿਨਾਂ ਕਿਸੇ ਦੇਰੀ ਤੋਂ ਕੰਮ ਸ਼ੁਰੂ ਕਰਦਿਆਂ ਇੱਕ ਦਰਜਨ ਤੋਂ ਵੱਧ ਐਗਜ਼ੀਕਿਊਟਿਵ ਕਾਰਵਾਈਆਂ ਤੇ ਦਸਤਖਤ ਕੀਤੇ ਹਨ। ਜੋਅ ਬਾਈਡੇਨ ਨੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਤਿੰਨ ਮੁੱਖ ਐਗਜ਼ੀਕਿਊਟਿਵ ਆਦੇਸ਼ਾਂ ਤੇ ਦਸਤਖਤ ਕੀਤੇ ਜਿਹਨਾਂ ਵਿੱਚ ਕੋਰੋਨਾਂ ਵਾਇਰਸ ਤੋਂ ਬਚਾਅ ਲਈ ਜਰੂਰੀ ਤੌਰ 'ਤੇ ਮਾਸਕ ਪਾਉਣਾ, ਕਮਿਊਨੀਟੀਆਂ ਲਈ ਸਹਾਇਤਾ ਨੂੰ ਵਧਾਉਣਾ ਅਤੇ ਪੈਰਿਸ ਜਲਵਾਯੂ ਸਮਝੌਤੇ ਵਿੱਚ ਮੁੜ ਸ਼ਾਮਿਲ ਹੋਣਾ ਆਦਿ ਸ਼ਾਮਿਲ ਹਨ।
ਇਸਦੇ ਇਲਾਵਾ ਵ੍ਹਾਈਟ ਹਾਊਸ ਪ੍ਰੈਸ ਸਕੱਤਰ ਦੇ ਇੱਕ ਬਿਆਨ ਅਨੁਸਾਰ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਹੋਰ ਕਾਰਜਕਾਰੀ ਕਾਰਵਾਈਆਂ ਦਾ ਐਲਾਨ ਕੀਤਾ ਜਾਵੇਗਾ ਜੋ ਰਾਸ਼ਟਰਪਤੀ ਦੁਆਰਾ ਅਮਰੀਕੀ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਕਰਨਗੀਆਂ, ਜਿਸ ਵਿੱਚ ਅਮਰੀਕੀ ਟ੍ਰਾਂਸਜੈਂਡਰਾਂ ਉੱਤੇ ਮਿਲਟਰੀ ਸੇਵਾ 'ਤੇ ਲੱਗੀ ਪਾਬੰਦੀ ਨੂੰ ਰੱਦ ਕਰਨਾ ਅਤੇ ਮੈਕਸੀਕੋ ਸਿਟੀ ਨੀਤੀ ਨੂੰ ਉਲਟਾਉਣਾ ਵੀ ਸ਼ਾਮਲ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਅਹੁਦੇ ਦੇ ਪਹਿਲੇ ਦਿਨ ਹੀ ਕੰਮ ਦੀ ਸ਼ੁਰੂਆਤ ਕਰਕੇ ਅਮਰੀਕੀ ਲੋਕਾਂ ਦੇ ਸੁਨਹਿਰੇ ਭਵਿੱਖ ਵੱਲ ਕਦਮ ਪੁੱਟਿਆ ਹੈ।