Today Breaking : Punjab 'ਚ ਸਰਕਾਰੀ ਬੱਸਾਂ ਦਾ ਚੱਕਾ ਜਾਮ, ਕਰਮਚਾਰੀ ਗਏ ਹੜਤਾਲ 'ਤੇ...
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਸਮਾਣਾ, 28 ਨਵੰਬਰ, 2025: ਪੰਜਾਬ (Punjab) ਵਿੱਚ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀਆਰਟੀਸੀ (PRTC), ਪੰਜਾਬ ਰੋਡਵੇਜ਼ (Punjab Roadways) ਅਤੇ ਪਨਬੱਸ (Punbus) ਦੇ ਕੱਚੇ ਮੁਲਾਜ਼ਮਾਂ ਨੇ ਸੂਬੇ ਭਰ ਵਿੱਚ ਬੱਸ ਅੱਡਿਆਂ (Bus Stands) ਦੀ ਤਾਲਾਬੰਦੀ ਕਰ ਦਿੱਤੀ ਹੈ ਅਤੇ ਸੜਕਾਂ 'ਤੇ ਉਤਰ ਆਏ ਹਨ। ਇਹ ਉਗਰ ਪ੍ਰਦਰਸ਼ਨ ਇਸ ਲਈ ਸ਼ੁਰੂ ਹੋਇਆ ਕਿਉਂਕਿ ਪੁਲਿਸ ਨੇ ਬੀਤੀ ਦੇਰ ਰਾਤ ਯੂਨੀਅਨ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਦੱਸ ਦੇਈਏ ਕਿ ਕਰਮਚਾਰੀ 'ਕਿਲੋਮੀਟਰ ਸਕੀਮ' (Kilometer Scheme) ਤਹਿਤ ਨਵੀਆਂ ਬੱਸਾਂ ਪਾਉਣ ਦੇ ਟੈਂਡਰ ਦਾ ਵਿਰੋਧ ਕਰ ਰਹੇ ਸਨ, ਪਰ ਆਗੂਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮਾਮਲਾ ਭਖ ਗਿਆ।
ਪੁਲਿਸ ਕਾਰਵਾਈ ਤੋਂ ਬਾਅਦ ਭੜਕਿਆ ਗੁੱਸਾ
ਦਰਅਸਲ, ਯੂਨੀਅਨ (Union) ਨੇ ਅੱਜ ਦੁਪਹਿਰ 12 ਵਜੇ ਤੋਂ ਬਾਅਦ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਦਾ ਵਿਰੋਧ ਪੰਜਾਬ ਰੋਡਵੇਜ਼ ਵਿਭਾਗ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਸ਼ਾਮਲ ਕਰਨ ਲਈ ਖੁੱਲ੍ਹਣ ਵਾਲੇ ਟੈਂਡਰ (Tender) ਦੇ ਖਿਲਾਫ਼ ਸੀ।
ਮੁਲਾਜ਼ਮਾਂ ਦਾ ਦੋਸ਼ ਹੈ ਕਿ ਸਰਕਾਰ ਇਸ ਸਕੀਮ ਰਾਹੀਂ ਵਿਭਾਗ ਨੂੰ ਨਿੱਜੀਕਰਨ (Privatization) ਵੱਲ ਧੱਕ ਰਹੀ ਹੈ। ਪਰ, ਅੱਜ ਸਵੇਰੇ ਹੋਣ ਵਾਲੀ ਗੇਟ ਰੈਲੀ ਤੋਂ ਪਹਿਲਾਂ ਹੀ ਪੁਲਿਸ ਨੇ ਰਾਤ ਨੂੰ ਕਾਰਵਾਈ ਕਰਦਿਆਂ ਕਈ ਯੂਨੀਅਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।
2 ਘੰਟੇ ਦਾ ਦਿੱਤਾ ਅਲਟੀਮੇਟਮ
ਆਗੂਆਂ ਦੀ ਗ੍ਰਿਫ਼ਤਾਰੀ ਤੋਂ ਨਾਰਾਜ਼ ਮੁਲਾਜ਼ਮਾਂ ਨੇ ਸਵੇਰ ਹੁੰਦਿਆਂ ਹੀ ਬੱਸ ਅੱਡਿਆਂ ਦੇ ਗੇਟਾਂ 'ਤੇ ਤਾਲੇ ਜੜ ਦਿੱਤੇ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ (Warning) ਦਿੱਤੀ ਹੈ ਕਿ ਜੇਕਰ ਦੋ ਘੰਟੇ ਦੇ ਅੰਦਰ ਉਨ੍ਹਾਂ ਦੇ ਆਗੂਆਂ ਨੂੰ ਰਿਹਾਅ ਨਾ ਕੀਤਾ ਗਿਆ, ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਯੂਨੀਅਨ ਨੇ ਐਲਾਨ ਕੀਤਾ ਹੈ ਕਿ ਉਹ ਸ਼ਹਿਰ ਦੀਆਂ ਸੜਕਾਂ ਨੂੰ ਜਾਮ ਕਰ ਦੇਣਗੇ ਅਤੇ ਅਣਮਿੱਥੇ ਸਮੇਂ ਲਈ ਚੱਕਾ ਜਾਮ (Chakka Jam) ਸ਼ੁਰੂ ਕਰ ਦੇਣਗੇ।
ਸਮਾਣਾ 'ਚ ਵੀ ਬੱਸ ਸਟੈਂਡ ਬੰਦ
ਹੜਤਾਲ ਦਾ ਅਸਰ ਪੂਰੇ ਪੰਜਾਬ ਵਿੱਚ ਦਿਸ ਰਿਹਾ ਹੈ। ਸਮਾਣਾ (Samana) ਵਿੱਚ ਵੀ ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮਾਂ ਨੇ ਬੱਸ ਸਟੈਂਡ ਬੰਦ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਸਾਥੀਆਂ ਨੂੰ ਛੱਡਿਆ ਨਹੀਂ ਜਾਂਦਾ, ਉਹ ਪਿੱਛੇ ਨਹੀਂ ਹਟਣਗੇ, ਭਾਵੇਂ ਪੂਰਾ ਪੰਜਾਬ ਬੰਦ ਕਰਨਾ ਪਵੇ। ਇਸ ਹੜਤਾਲ ਕਾਰਨ ਸਵੇਰ ਤੋਂ ਹੀ ਬੱਸ ਸੇਵਾਵਾਂ ਪ੍ਰਭਾਵਿਤ ਹਨ ਅਤੇ ਆਮ ਜਨਤਾ ਨੂੰ ਸਫ਼ਰ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।