Mohali : ਵੈਟਨਰੀ ਡਾਕਟਰਾਂ ਨੇ ਸੇਵਾਵਾਂ ਕੀਤੀਆਂ ਠੱਪ, ਸਰਕਾਰ ਦੇ ਨੋਟੀਫਿਕੇਸ਼ਨ ਦੀਆਂ ਸਾੜੀਆਂ ਕਾਪੀਆਂ
Babushahi Bureau
ਐੱਸ ਏ ਐਸ ਨਗਰ (23 ਦਸੰਬਰ 2025) ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਸੱਦੇ ਤੇ ਜ਼ਿਲ੍ਹਾ ਐੱਸ ਏ ਐਸ ਨਗਰ ਦੇ ਵੈਟਨਰੀ ਡਾਕਟਰਾਂ ਵੱਲੋਂ ਪਸ਼ੂ ਪਾਲਣ ਵਿਭਾਗ ਦੀਆਂ ਵੈਟਨਰੀ ਸੇਵਾਵਾਂ ਨੂੰ ਮੁਕੰਮਲ ਰੂਪ ਵਿੱਚ ਰੋਕ ਦਿੱਤਾ ਗਿਆ। ਜ਼ਿਲ੍ਹੇ ਵਿੱਚ ਸਾਰੀਆਂ ਵੈਟਰਨਰੀ ਸੇਵਾਵਾਂ ਠੱਪ ਰਹੀਆਂ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵੈਟਰਨਰੀ ਡਾਕਟਰ ਪਿਛਲੇ ਕਰੀਬ 5 ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ 42 ਸਾਲ ਚੱਲੀ ਮੈਡੀਕੋਜ਼ ਨਾਲ ਪੇਅ-ਪੈਰਿਟੀ ਦੀ ਬਹਾਲੀ ,ਡੀ.ਏ.ਸੀ.ਪੀ. (ਡਾਇਨਾਮਿਕ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ) 4-9-14 ਸਕੀਮ ਦੀ ਬਹਾਲੀ ,ਐਚ.ਆਰ.ਏ. ਆਨ ਐਨ.ਪੀ.ਏ. ਮੁੜ ਲਾਗੂ ਕਰਵਾਉਣਾ ਅਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਨੂੰ ਲੈ ਕੇ ਸੰਘਰਸ਼ ਦੇ ਰਾਹ ਤੇ ਹਨ, ਪਰ ਮੌਜੂਦਾ ਸਰਕਾਰ ਲਗਾਤਾਰ ਲਾਰੇ ਲਗਾਉਂਦੀ ਆ ਰਹੀ ਹੈ।
ਦੋ ਦਿਨਾਂ ਲਈ ਸੇਵਾਵਾਂ ਠੱਪ ਰੱਖਣ ਦੇ ਫੈਸਲੇ ਦੇ ਅੱਜ ਪਹਿਲੇ ਦਿਨ ਮਿਤੀ 23 ਦਸੰਬਰ 2025 ਨੂੰ ਸੂਬੇ ਦੇ ਵੈਟਨਰੀ ਡਾਕਟਰਾਂ ਨੇ ਆਪੋ ਆਪਣੇ ਜ਼ਿਲ੍ਹਿਆਂ ਦੇ ਪੌਲੀਕਲੀਨਿਕਾਂ ਵਿਖੇ ਇਕੱਠੇ ਹੋ ਕੇ ਸਰਕਾਰ ਦੇ ਬੇਰੁਖੀ ਵਾਲੇ ਰਵੱਈਏ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਰੋਸ ਵਜੋਂ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਧੋਖੇ ਅਤੇ ਗਲਤ ਢੰਗ ਅਪਣਾ ਕੇ ਪੇਅ ਪੈਰਿਟੀ ਭੰਗ ਕਰਨ ਵਾਲਾ ਮਿਤੀ 4.1.2021 ਦਾ ਪੱਤਰ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਮਿਤੀ 12.1.2021 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਸਾਂਝੀ ਕਮੇਟੀ ਦੇ ਕੋ ਕਨਵੀਨਰ ਡਾ. ਅਬਦੁਲ ਮਜੀਦ , ਸੂਬਾ ਮੀਡੀਆ ਮੁਖੀ ਡਾ. ਗੁਰਿੰਦਰ ਸਿੰਘ ਵਾਲੀਆ ਜਿਲਾ ਪ੍ਰਧਾਨ ਡਾ. ਨਿਤਨ ਗੌਤਮ , ਡਾ. ਗੁਰਨਾਮ ਸਿੰਘ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਨਿੱਜੀ ਪੱਧਰ ਤੇ ਦਖਲ ਦੇ ਕੇ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ।
ਇਸ ਮੌਕੇ ਡਾ. ਹਰਪ੍ਰੀਤ ਤੂਰ, ਡਾ. ਪ੍ਰੇਮ ਕੁਮਾਰ, ਡਾ. ਲਖਨ ਸਚਦੇਵਾ, ਡਾ. ਕੁਲਜੋਤਵੀਰ ਸਿੰਘ, ਡਾ. ਰਾਣਾ ਪ੍ਰੀਤ ਗਿੱਲ, ਡਾ. ਰਿਤੂ ਅਰੋੜਾ, ਡਾ. ਦੇਵਿੰਦਰ ਪਾਲ ਸਿੰਘ ਸਮੇਤ ਵੱਡੀ ਗਿਣਤੀ ਸੇਵਾ ਮੁਕਤ ਅਫ਼ਸਰ ਡਾ.ਮਧੂਕੇਸ ਪਲਟਾ, ਡਾਕਟਰ ਦੇਸ਼ ਦੀਪਕ , ਡਾਕਟਰ ਐਮ ਐਮ ਸਿੰਗਲਾ ਆਦਿ ਵੈਟਰਨਰੀ ਡਾਕਟਰ ਮੌਜੂਦ ਸਨ।