DM ਰੰਧਾਵਾ ਖੁਦਕੁਸ਼ੀ ਮਾਮਲਾ; ਭਾਜਪਾ ਦਾ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਅੰਮ੍ਰਿਤਸਰ, 4 ਅਪ੍ਰੈਲ 2026- ਡੀ.ਐਮ. ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਨੇ ਸਿਆਸੀ ਤੂਲ ਫੜ ਲਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਅੱਜ ਭਗਵੰਤ ਮਾਨ ਸਰਕਾਰ ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਅਤੇ ਮੰਤਰੀਆਂ ਦੀ ਧੱਕੇਸ਼ਾਹੀ ਕਾਰਨ ਇਮਾਨਦਾਰ ਮੁਲਾਜ਼ਮ ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਹੋ ਰਹੇ ਹਨ।
ਇਸ ਪ੍ਰਦਰਸ਼ਨ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ 'ਆਪ' ਸਰਕਾਰ ਨੂੰ ਹਰ ਫਰੰਟ 'ਤੇ ਫੇਲ੍ਹ ਕਰਾਰ ਦਿੱਤਾ। ਭਾਜਪਾ ਆਗੂਆਂ ਨੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਡੀ.ਐਮ. ਗਗਨਦੀਪ ਸਿੰਘ ਰੰਧਾਵਾ ਦੀ ਮੌਤ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਜ਼ਿੰਮੇਵਾਰ ਹਨ। ਉਨ੍ਹਾਂ ਮੰਗ ਕੀਤੀ ਕਿ, ਲਾਲਜੀਤ ਭੁੱਲਰ ਨੂੰ ਪਾਰਟੀ ਤੋਂ ਬਾਹਰ ਕੀਤਾ ਜਾਵੇ। ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਵੀ ਹਟਾਇਆ ਜਾਵੇ। ਇਸ ਖੁਦਕੁਸ਼ੀ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸਥਾ 'ਤੇ ਘੇਰਿਆ
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਅਰਾਜਕਤਾ ਦਾ ਮਾਹੌਲ ਹੈ। ਦਿਨ-ਦਿਹਾੜੇ ਕਤਲ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਜਿਸ ਕਾਰਨ ਆਮ ਜਨਤਾ ਸਹਿਮੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਿੱਚ ਭ੍ਰਿਸ਼ਟਾਚਾਰ ਇੰਨਾ ਵੱਧ ਗਿਆ ਹੈ ਕਿ ਅਧਿਕਾਰੀ ਦਬਾਅ ਹੇਠ ਨੌਕਰੀਆਂ ਛੱਡ ਰਹੇ ਹਨ ਜਾਂ ਰੰਧਾਵਾ ਵਾਂਗ ਖ਼ੌਫ਼ਨਾਕ ਕਦਮ ਚੁੱਕ ਰਹੇ ਹਨ।
ਰਵਨੀਤ ਬਿੱਟੂ ਨੇ ਵੀ ਸਰਕਾਰ 'ਤੇ ਤਨਜ਼ ਕਸਦਿਆਂ ਕਿਹਾ ਕਿ "ਬਦਲਾਅ" ਦਾ ਨਾਅਰਾ ਦੇਣ ਵਾਲੀ ਸਰਕਾਰ ਅੱਜ ਆਪਣੇ ਹੀ ਮੁਲਾਜ਼ਮਾਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ। ਭਾਜਪਾ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਡੀ.ਐਮ. ਰੰਧਾਵਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਦੋਸ਼ੀ ਮੰਤਰੀ ਵਿਰੁੱਧ ਕਾਰਵਾਈ ਨਹੀਂ ਹੁੰਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
Click to Follow Babushahi Facebook page →