DC ਬਠਿੰਡਾ ਨੇ ਵਿਸਾਖੀ ਦੇ ਸੁਚਾਰੂ ਪ੍ਰਬੰਧਾਂ ਲਈ ਲਈ ਤਲਵੰਡੀ ਸਾਬੋ ਨੂੰ 6 ਸੈਕਟਰਾਂ ਵਿੱਚ ਵੰਡਿਆ
ਅਸ਼ੋਕ ਵਰਮਾ
ਤਲਵੰਡੀ ਸਾਬੋ, (ਬਠਿੰਡਾ) 7 ਅਪ੍ਰੈਲ 2026 : ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਨ ਨੇ ਅੱਜ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸਾਖੀ ਮੇਲੇ ਲਈ ਸ਼ਰਧਾ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨੂੰ ਕੇਵਲ ਡਿਊਟੀ ਨਾ ਸਮਝਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਜ ਐਸ.ਡੀ.ਐੱਮ ਦਫਤਰ ਤਲਵੰਡੀ ਸਾਬੋ ਵਿਖੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ ਸ਼ਹਿਰ ਨੂੰ ਪ੍ਰਸ਼ਾਸਨ ਅਤੇ ਸੁਰੱਖਿਆ ਲਈ 6 ਸੈਕਟਰਾਂ ਵਿੱਚ ਵੰਡਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਤੀਰਥ ਯਾਤਰੀਆਂ ਲਈ ਸੁਚੱਜੀ ਟ੍ਰੈਫਿਕ ਵਿਵਸਥਾ ਨਿਸ਼ਚਿਤ ਕਰਨ ਲਈ ਬਠਿੰਡਾ ਰੋਡ, ਲੇਲੇਵਾਲਾ ਰੋਡ, ਮੌੜ ਮੰਡੀ ਰੋਡ, ਸਰਦੂਲਗੜ੍ਹ ਰੋਡ ਅਤੇ ਰਾਮਾਂ ਮੰਡੀ ਰੋਡ 'ਤੇ ਅਸਥਾਈ ਬੱਸ ਅੱਡੇ ਬਣਾਏ ਗਏ ਹਨ।
ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਮਹੱਤਵਪੂਰਨ ਸਥਾਨਾਂ 'ਤੇ ਫਸਟ ਏਡ ਪੋਸਟਾਂ, ਐੰਬੂਲੈਂਸਾਂ, ਮੈਡੀਕਲ ਕਿੱਟਾਂ, ਸਟ੍ਰੈਚਰਾਂ ਅਤੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਟੀਮ ਮੌਜੂਦ ਰੱਖੀਆਂ ਜਾਣ। ਨਗਰ ਕੌਂਸਲ ਅਤੇ ਸੈਨੀਟੇਸ਼ਨ ਵਿਭਾਗ ਨੂੰ ਸਫਾਈ ਵਿਵਸਥਾਵਾਂ ਨੂੰ ਪ੍ਰਭਾਵੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪੀ.ਐੱਸ.ਪੀ.ਸੀ.ਐੱਲ. ਅਧਿਕਾਰੀਆਂ ਨੂੰ ਕੋਈ ਢਿੱਲੀ ਵਾਇਰਿੰਗ ਜਾਂ ਸਰਕਟ ਖੁੱਲ੍ਹਾ ਨਾ ਛੱਡਣ ਅਤੇ ਸਾਰੀ ਬਿਜਲੀ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਵੈਸਾਖੀ ਮੇਲੇ ਤੇ ਆਉਣ ਵਾਲੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਫਾਇਰ ਟੈਂਡਰ, ਫੌਗਿੰਗ, ਸਵਾਗਤ ਗੇਟ ਲਗਾਉਣਾ, ਟ੍ਰੈਫਿਕ ਪ੍ਰਬੰਧਨ ਅਤੇ ਖੇਤਰ ਦੀ ਸੁਰੱਖਿਆ ਬਾਰੇ ਵੀ ਚਰਚਾ ਕੀਤੀ ਗਈ।
ਇਸ ਮੌਕੇ ਐਸਡੀਐੱਮ ਤਲਵੰਡੀ ਸਾਬੋ ਰਾਜੇਸ਼ ਕੁਮਾਰ, ਡੀ.ਐੱਸ.ਪੀ. ਗੁਰਮੀਤ ਸਿੰਘ, ਡੀ.ਐੱਸ.ਪੀ. ਜਗਦੀਸ਼ ਬਿਸ਼ਨੋਈ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ।
Click to Follow Babushahi Facebook page →