Crime Special ਕੁੱਛੜ ਕੁੜੀ ਗਰਾਂ ਹੋਕਾ : ਪੁਲਿਸ ਨੂੰ ਬਠਿੰਡਾ ਚੋਂ ਲੱਭ ਗਿਆ ਪੈਟਰੋਲ ਬੰਬ ਕਾਂਡ ’ਚ ਸ਼ਾਮਲ ਸੰਦੀਪ
ਅਸ਼ੋਕ ਵਰਮਾ
ਬਠਿੰਡਾ, 27 ਜੂਨ 2026 : ਬਠਿੰਡਾ ਪੁਲਿਸ ਨੇ ਸ਼ਹਿਰ ਦੇ ਨਾਮੀ ਡਾਕਟਰ ਅਤੇ ਭਾਜਪਾ ਆਗੂ ਤਰਸੇਮ ਗਰਗ ਦੇ ਘਰ ਪੈਟਰੋਲ ਬੰਬ ਹਮਲੇ ਦਾ ਮੁੱਖ ਮੁਲਜਮ ਗ੍ਰਿਫਤਾਰ ਕਰ ਲਿਆ ਹੈ। ਮੁਲਜਮ ਦੀ ਪਛਾਣ ਸੰਦੀਪ ਸਿੰਘ ਉਰਫ ਬਿੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਖੂਈਆਂ ਸਰਵਰ ਜਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ ਜਿਸ ਦੀ ਗ੍ਰਿਫਤਾਰੀ ਬਠਿੰਡਾ ਦੀ ਰਿੰਗ ਰੋਡ ਤੋਂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਨੂੰ ਪੁਲਿਸ ਦੀ ਖੁਸ਼ਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਜਿਸ ਸੰਦੀਪ ਨੂੰ ਕਾਬੂ ਕਰਨ ਲਈ ਟੀਮਾਂ ਵੱਲੋਂ ਛਾਪੇ ਮਾਰਨ ਦੀ ਗੱਲ ਆਖੀ ਗਈ ਸੀ ਉਹ ਸੀਆਈਏ ਸਟਾਫ 1 ਅਤੇ ਥਾਣਾ ਕੋਤਵਾਲੀ ਪੁਲਿਸ ਨੂੰ ਬਠਿੰਡਾ ਵਿੱਚ ਹੀ ਘੁੰਮਦਾ ਮਿਲ ਗਿਆ। ਹਾਲਾਂਕਿ ਪੈਟਰੋਲ ਬੰਬ ਵਰਗਾ ਵੱਡਾ ਕਾਂਡ ਕਰਕੇ ਕੋਈ ਵੀ ਦੋਸ਼ੀ ਦੂਰ ਦੁਰਾਡੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਸੰਦੀਪ ਦਾ ਘਟਨਾ ਵਾਲੇ ਸ਼ਹਿਰ ’ਚ ਹੀ ਪੁਲਿਸ ਦੇ ਹੱਥੇ ਚੜ੍ਹਨਾ ਹੈਰਾਨ ਕਰਨ ਵਾਲਾ ਹੈ।
ਦਿਲਚਸਪ ਤੱਥ ਇਹ ਵੀ ਹੈ ਕਿ ਪੁਲਿਸ ਦੀ ਪਹਿਲੇ ਦੋ ਮੁਲਜਮਾਂ ਦੇ , ਜਿਸ ਫਲਾਈਓਵਰ ’ਤੇ ਕੋਈ ਵਾਸ਼ਰੂਮ ਨਹੀਂ ਹੁੰਦਾ ਉੱਥੇ ਪਿਸ਼ਾਬ ਕਰਨ ਲਈ ਪੁਲਿਸ ਦੀ ਗੱਡੀ ਰੁਕਵਾਉਣ ਅਤੇ ਭੱਜਣ ਦੀ ਕੋਸ਼ਿਸ਼ ਵਿੱਚ ਲੱਤਾਂ ਬਾਹਾਂ ਤੁੜਵਾਉਣ ਵਾਲੀ ਕਹਾਣੀ ਵੀ ਹਜਮ ਹੋਣ ਵਾਲੀ ਨਹੀਂ ਪਰ ਸੰਦੀਪ ਦੀ ਏਦਾਂ ਗ੍ਰਿਫਤਾਰੀ ਮੁੜ ਤੋਂ ਚਰਚਾ ਦਾ ਵਿਸ਼ਾ ਬਣ ਗਈ ਹੈ। ਸੰਦੀਪ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਬੀਏ ਭਾਗ ਤੀਜਾ ਦੀ ਸਿੱਖਿਆ ਹਾਸਲ ਕਰ ਰਿਹਾ ਹੈ । ਐਸਪੀ ਹਿਨਾ ਗੁਪਤਾ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵਾਰਦਾਤ ਕਰਵਾਉਣ ਲਈ ਸੰਦੀਪ ਨੂੰ 10 ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਸੀ। ਸੰਦੀਪ ਸਿੰਘ ਨੇ ਅੱਗੇ ਪੁਲਿਸ ਕੋਲ ਰਿਮਾਂਡ ’ਤੇ ਚੱਲ ਰਹੇ ਨਕੁਲ ਅਤੇ ਗੁਰਵਿੰਦਰ ਤੋਂ 3-3 ਹਜ਼ਾਰ ਰੁਪਏ ਦੇਣ ਦੇ ਵਾਅਦੇ ਨਾਲ ਇਹ ਕਾਂਡ ਕਰਵਾਇਆ ਹੈ ਜਿਨ੍ਹਾਂ ਚੋਂ ਉਨ੍ਹਾਂ ਨੂੰ ਸਿਰਫ 5-5 ਸੌ ਰੁਪਏ ਦਿੱਤੇ ਗਏ ਹਨ।
ਪੁਲਿਸ ਅਨੁਸਾਰ ਸੰਦੀਪ ਦਾ ਪਾਕਿਸਤਾਨ ’ਚ ਬੈਠੇ ਕਿਸੇ ਵਿਅਕਤੀ ਨਾਲ ਇੱਕ ਮਹੀਨਾ ਪਹਿਲਾਂ ਸੰਪਰਕ ਹੋਇਆ ਸੀ। ਹੁਣ ਪੁਲਿਸ ਨੇ ਜਦੋਂ ਸੰਦੀਪ ਨੂੰ ਕਾਬੂ ਕਰ ਲਿਆ ਹੈ ਤਾਂ ਉਸ ਦਾ ਰਿਮਾਂਡ ਹਾਸਲ ਕਰਕੇ ਪੁਲਿਸ ਇਹ ਪਤਾ ਲਾਉਣ ’ਚ ਜੁਟ ਗਈ ਹੈ ਕਿ ਆਖਿਰ ਇਹ ਹਮਲਾ ਕਰਨ ਲਈ ਉਸ ਨੂੰ ਕਿਸ ਨੇ ਕਿਹਾ ਸੀ ਅਤੇ ਹਮਲੇ ਦੇ ਪਿੱਛੇ ਕੀ ਮਕਸਦ ਸੀ? ਪੁਲਿਸ ਹੁਣ ਇੰਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਮੁਲਜਮ ਸੰਦੀਪ ਤੋਂ ਲਗਾਤਾਰ ਪੁੱਛਗਿਛ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਦੇ ਹੱਥ ਉਹ ਮੋਬਾਇਲ ਨੰਬਰ ਲੱਗ ਗਿਆ ਹੈ ਜਿਸ ਰਾਹੀਂ ਸੰਦੀਪ ਦੀ ਕਿਸੇ ਨਾਲ ਲਗਾਤਾਰ ਗੱਲਬਾਤ ਹੋ ਰਹੀ ਸੀ। ਹਮਲੇ ਤੋਂ ਬਾਅਦ ਡਾ ਤਰਸੇਮ ਗਰਗ ਦੀ ਪਤਨੀ ਡਾਕਟਰ ਰਜਨੀ ਜਿੰਦਲ ਨੂੰ ਪਾਕਿਸਤਾਨ ਤੋਂ ਦੋ ਵੱਖੋ ਵੱਖਰੇ ਮੋਬਾਇਲ ਨੰਬਰਾਂ ਤੋਂ ਫੋਨ ਆਏ ਸਨ ਅਤੇ ਫੋਨ ਕਰਨ ਵਾਲੇ ਨੇ ਖੁਦ ਨੂੰ ਪਾਕਿਸਤਾਨੀ ਡਾਨ ਸ਼ਹਿਜਾਦ ਭੱਟੀ ਦੱਸਿਆ ਸੀ।
ਮੋਬਾਇਲ ਨੰਬਰ ਵੱਖ ਵੱਖ ਹੋਣ ਕਰਕੇ ਪੁਲਿਸ ਇਹ ਵੀ ਪਤਾ ਲਾ ਰਹੀ ਹੈ ਕਿ ਦੋਨੋ ਫੋਨ ਕਰਨ ਵਾਲਾ ਇੱਕ ਹੀ ਵਿਅਕਤੀ ਹੈ ਜਾਂ ਅਲੱਗ ਅਲੱਗ ਹਨ। ਪੁਛੱਗਿਛ ਦੌਰਾਨ ਸੰਦੀਪ ਨੇ ਪੁਲਿਸ ਕੋਲ ਮੰਨਿਆ ਹੈ ਕਿ ਪਾਕਿਸਤਾਨ ’ਚ ਬੈਠੇ ਵਿਅਕਤੀ ਨੇ ਹਮਲੇ ਦੀ ਯੋਜਨਾ ਬਣਾਈ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸੰਦੀਪ ਨੂੰ ਪਾਕਿਸਤਾਨ ਤੋਂ ਮੋਟੀ ਰਾਸ਼ੀ ਮਿਲਣੀ ਸੀ। ਪੁਲਿਸ ਹੁਣ ਸੰਦੀਪ ਸਿੰਘ ਦੇ ਬੈਂਕ ਖਾਤਿਆਂ ਦੇ ਵੇਰਵੇ ਹਾਸਲ ਕਰਨ ਦੀ ਤਿਆਰੀ ਕਰ ਰਹੀ ਹੈ। ਐਸਪੀ ਹਿਨਾ ਗੁਪਤਾ ਨੇ ਦੱਸਿਆ ਕਿ ਮੁਲਜਮ ਸੰਦੀਪ ਨੂੰ ਇਸ ਕੰਮ ਲਈ 5 ਹਜ਼ਾਰ ਰੁਪਏ ਪਹਿਲਾਂ ਮਿਲ ਚੁੱਕੇ ਹਨ। ਪਾਕਿਸਤਾਨੀ ਆਕਾ ਤੋਂ ਨਿਰਦੇਸ਼ ਮਿਲਦਿਆਂ ਹੀ ਉਸ ਨੇ 3-3 ਹਜ਼ਾਰ ਦੇ ਲਾਲਚ ਵਿੱਚ ਨਕੁਲ ਅਤੇ ਗੁਰਵਿਦਰ ਨੂੰ ਆਪਣੇ ਨਾਲ ਮਿਲਾਕੇ ਇਸ ਯੋਜਨਾ ’ਚ ਸ਼ਾਮਲ ਕਰ ਲਿਆ ਸੀ। ਜਾਂਚ ਦੌਰਾਨ ਨਾਮ ਸਾਹਮਣੇ ਆਉਣ ਪਿੱਛੋਂ ਗੈਂਗਸਟਰ ਸ਼ਹਿਜਾਦ ਭੱਟੀ ਨੂੰ ਨਾਮਜਦ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੁਲਿਸ ਹੁਣ ਇਹ ਗੁੱਥੀ ਸੁਲਝਾਉਣ ’ਚ ਲੱਗੀ ਹੋਈ ਹੈ ਕਿ ਕਲੀਨਕ ’ਤੇ ਪੈਟਰੋਲ ਬੰਬ ਹਮਲਾ ਕਰਵਾਉਣ ਪਿਛੇ ਸੱਚਮੁੱਚ ਸ਼ਹਿਜਾਦ ਭੱਟੀ ਹੈ ਜਾਂ ਫਿਰ ਕੋਈ ਹੋਰ ਹੈ? ਪੁਲਿਸ ਇਹ ਵੀ ਪਤਾ ਲਾਉਣ ’ਚਲੱਗੀ ਹੋਈ ਹੈ ਕਿ ਸੰਦੀਪ ਸਿੰਘ ਦਾ ਪਾਕਿਸਤਾਨੀ ਆਕਾ ਨਾਲ ਸੰਪਰਕ ਕਿਸ ਤਰਾਂ ਹੋਇਆ ਹੈ? ਕਿਸੇ ਮਾਧਿਅਮ ਰਾਹੀਂ ਨਿਰਦੇਸ਼ ਮਿਲੇ ਅਤੇ ਡੀਲ ਕਿੰਨੇ ਪੈਸਿਆਂ ਵਿੱਚ ਹੋਈ ਹੈ? ਵਾਰਦਾਤ ਦੌਰਾਨ ਮੁੱਖ ਮੁਲਜਮ ਸੰਦੀਪ ਸਿੰਘ ਨੇ ਪੂਰੀ ਘਟਨਾ ਦੀ ਵੀਡੀਓ ਆਪਣੇ ਮੋਬਾਇਲ ’ਚ ਰਿਕਾਰਡ ਕੀਤੀ ਜਿਸ ਨੂੰ ਬਾਅਦ ’ਚ ਪਾਕਿਸਤਾਨੀ ਆਕਾਵਾਂ ਕੋਲ ਭੇਜਿਆ ਸੀ। ਐਸਪੀ ਹਿਨਾ ਗੁਪਤਾ ਦਾ ਕਹਿਣਾ ਸੀ ਕਿ ਰਿਮਾਂਡ ਦੌਰਾਨ ਪੁਲਿਸ ਨੂੰ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ। ਆਦਮੀ ਪਾਰਟੀ ਦੇ ਸਾਬਕਾ ਅਤੇ ਮੌਜੂਦਾ ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ ਵਿੱਚ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਸ਼ਹਿਰ ’ਚ ਮੌਜੂਦ ਸਨ।
ਕਿਸੇ ਨੂੰ ਰੋਕਣਾ ਮੁਸ਼ਕਲ: ਐਸਪੀ
ਬਠਿੰਡਾ ਤੋਂ ਗ੍ਰਿਫਤਾਰੀ ਸਬੰਧੀ ਐਸਪੀ ਹਿਨਾ ਗੁਪਤਾ ਦਾ ਕਹਿਣਾ ਸੀ ਕਿ ਕਿਸੇ ਨੂੰ ਕਿਤੇ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ ਫਿਰ ਪੁਲਿਸ ਸੰਦੀਪ ਬਠਿੰਡਾ ਆਉਣ ਦਾ ਮਕਸਦ ਜਾਨਣ ਦੀ ਕੋਸ਼ਿਸ਼ ਕਰੇਗੀ। ਪੁਲਿਸ ਨੂੰ ਸ਼ੱਕ ਹੈ ਕਿ ਉਹ ਕਿਸੇ ਤੋਂ ਪੈਸੇ ਲੈਣ ਆਇਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਦੀਪ ਦੀਆਂ ਛੁਪਣਗਾਹਾਂ ਬਾਰੇ ਵੀ ਪੁੱਛ ਪੜਤਾਲ ਕੀਤੀ ਜਾਏਗੀ ਅਤੇ ਪਨਾਂਹਗੀਰਾਂ ਨੂੰ ਵੀ ਨਾਮਜਦ ਕੀਤਾ ਜਾਏਗਾ।
- Download Babushahi App
-
-