CGC ਯੂਨੀਵਰਸਿਟੀ ਮੋਹਾਲੀ ਵੱਲੋਂ ਸੈਨਾ ਦਿਵਸ ਮੌਕੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ
17 ਜਨਵਰੀ, ਐੱਸ ਏ ਐੱਸ ਨਗਰ
ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵੱਲੋਂ ਭਾਰਤੀ ਸੈਨਾ ਦੇ ਅਦੁੱਤੀ ਜਜ਼ਬੇ ਅਤੇ ਮਹਾਨ ਕੁਰਬਾਨੀਆਂ ਨੂੰ ਸਲਾਮ ਕਰਦੇ ਹੋਏ 'ਸੈਨਾ ਦਿਵਸ 2026' ਬੜੇ ਮਾਣ, ਦੇਸ਼ ਭਗਤੀ ਅਤੇ ਸਤਿਕਾਰ ਨਾਲ ਮਨਾਇਆ ਗਿਆ। ਯੂਨੀਵਰਸਿਟੀ ਦੇ ਐਨ ਸੀ ਸੀ ਵਿੰਗ ਵੱਲੋਂ ਕਰਵਾਏ ਗਏ ਇਸ ਪ੍ਰਭਾਵਸ਼ਾਲੀ ਸਮਾਗਮ ਦਾ ਉਦੇਸ਼ ਨੌਜਵਾਨਾਂ ਵਿੱਚ ਅਨੁਸ਼ਾਸਨ, ਅਗਵਾਈ ਅਤੇ ਰਾਸ਼ਟਰੀ ਸੇਵਾ ਦੀ ਭਾਵਨਾ ਪੈਦਾ ਕਰਨਾ ਸੀ।
ਇਸ ਮੌਕੇ ਸਾਬਕਾ ਆਰਮੀ ਕਮਾਂਡਰ, ਮੁੱਖ ਮੰਤਰੀ ਦੇ ਸਲਾਹਕਾਰ ਅਤੇ ਰਾਜ ਸੂਚਨਾ ਕਮਿਸ਼ਨਰ ਲੈਫਟੀਨੈਂਟ ਜਨਰਲ ਕਮਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਸੈਨਾ ਦੇ ਬੁਨਿਆਦੀ ਮੁੱਲਾਂ ਬਹਾਦਰੀ, ਇਮਾਨਦਾਰੀ ਅਤੇ ਨਿਰਸਵਾਰਥ ਸੇਵਾ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਐਨ ਸੀ ਸੀ ਕੈਡਿਟਾਂ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਭਾਰਤੀ ਸੈਨਾ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਸੈਨਿਕਾਂ 'ਤੇ ਬਹੁਤ ਮਾਣ ਹੈ, ਜੋ ਹਰ ਮੁਸ਼ਕਲ ਹਾਲਾਤ ਵਿੱਚ ਸਾਡੇ ਦੇਸ਼ ਦੀ ਰੱਖਿਆ ਕਰਦੇ ਹਨ। ਸੀ ਜੀ ਸੀ ਯੂਨੀਵਰਸਿਟੀ ਵਿੱਚ ਸਾਡਾ ਮਕਸਦ ਸਿਰਫ਼ ਅਕਾਦਮਿਕ ਸਿੱਖਿਆ ਦੇਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਅਤੇ ਅਨੁਸ਼ਾਸਨ ਵਰਗੇ ਮੁੱਲ ਪੈਦਾ ਕਰਨਾ ਹੈ ਤਾਂ ਜੋ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣ ਸਕਣ।
ਸਮਾਗਮ ਦੌਰਾਨ ਐਨ ਸੀ ਸੀ ਕੈਡਿਟਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਰਹੱਦਾਂ 'ਤੇ ਪਹਿਰਾ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਯੂਨੀਵਰਸਿਟੀ ਨੇ ਇਸ ਦਿਹਾੜੇ ਰਾਹੀਂ ਰਾਸ਼ਟਰ ਸਭ ਤੋਂ ਪਹਿਲਾਂ ਦੇ ਸੰਕਲਪ ਨੂੰ ਦੁਹਰਾਇਆ। ਯੂਨੀਵਰਸਿਟੀ ਦੇ ਕਈ ਅਧਿਕਾਰੀਆਂ ਨੇ ਇਸ ਸਮਾਗਮ ਰਾਹੀਂ ਵਿਦਿਆਰਥੀਆਂ ਵਿੱਚ ਰਾਸ਼ਟਰੀ ਮਾਣ ਅਤੇ ਨਾਗਰਿਕ ਚੇਤਨਾ ਪੈਦਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਸੁਰਜੀਤ ਕੀਤਾ।